ਪਨਵੈਕ ਵਿਸ਼ਵ ਕਬੱਡੀ ਕੱਪ ‘ਚ ਕੈਨੇਡਾ ਨੂੰ ਹਰਾ ਕੇ ਆਸਟ੍ਰੇਲੀਆ ਨੇ ਮਾਰੀ ਬਾਜ਼ੀ, ਰਚਿਆ ਇਤਿਹਾਸ

ਮੈਲਬਰਨ – ਆਸਟਰੇਲੀਅਨ ਕਬੱਡੀ ਫ਼ੈਡਰੇਸ਼ਨ ਅਤੇ ਸਹਿਯੋਗੀਆਂ ਵਲੋਂ ਪਹਿਲਾ ‘ਪਨਵੈਕ ਕਬੱਡੀ ਵਿਸ਼ਵ ਕੱਪ ‘ਇਥੇ ਇਤਿਹਾਸ ਸਿਰਜ ਗਿਆ। ਐਤਵਾਰ ਨੂੰ ਮੈਲਬੋਰਨ ਦੇ ਲੇਕਸਾਈਡ ਸਟੇਡੀਅਮ, ਐਲਬਰਟ ਪਾਰਕ ‘ਚ ਕਰਵਾਏ ਗਏ ਇਸ ਕਬੱਡੀ ਕੱਪ ‘ਚ ਅਮਰੀਕਾ, ਕੈਨੇਡਾ, ਪਾਕਿਸਤਾਨ, ਭਾਰਤ, ਈਰਾਨ, ਆਸਟਰੇਲੀਆ ਅਤੇ ਨਿਊ ਜ਼ੀਲੈਂਡ ਦੀਆਂ ਟੀਮਾਂ ਨੇ ਹਿੱਸਾ ਲਿਆ।
ਨਿੱਘੀ-ਨਿੱਘੀ ਧੁੱਪ ‘ਚ ਕੌਮਾਂਤਰੀ ਕਬੱਡੀ ਖਿਡਾਰੀਆਂ ਦੀ ਦਰਸ਼ਨੀ ਖੇਡ ਦਾ ਨਜ਼ਾਰਾ ਲੈਣ ਲਈ ਸਟੇਡੀਅਮ ‘ਚ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਪਹੁੰਚੇ। ਕਬੱਡੀ ਦੇ ਸਾਰੇ ਮੁਕਾਬਲੇ ਬਹੁਤ ਹੀ ਫ਼ਸਵੇਂ ਅਤੇ ਰੋਮਾਂਚਕ ਰਹੇ। ਆਖ਼ਰੀ ਮੁਕਾਬਲਾ ਆਸਟਰੇਲੀਆ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ‘ਚ ਆਸਟਰੇਲੀਆ ਦੀ ਟੀਮ 22.5 ਦੇ ਮੁਕਾਬਲੇ 34 ਅੰਕਾਂ ਨਾਲ ਜੇਤੂ ਰਹੀ।
ਲੇਕਸਾਈਡ ਸਟੇਡੀਅਮ ਦੇ ਖੁੱਲ੍ਹੇ ਮੈਦਾਨ ‘ਚ ਦੁਧੀਆ ਰੌਸ਼ਨੀ ਹੇਠ ਕਰਵਾਏ ਗਏ ਇਸ ਫ਼ਾਈਨਲ ਮੁਕਾਬਲੇ ‘ਚ ਕਬੱਡੀ ਖਿਡਾਰੀਆਂ ਦੀ ਵਧੀਆ ਖੇਡ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖੇਡ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਪਨਵਿਕ ਗਰੁੱਪ ਦੇ ਪ੍ਰਬੰਧਕਾਂ ਵਲੋਂ ਆਸਟਰੇਲੀਆ ਦੀ ਜੇਤੂ ਕਬੱਡੀ ਟੀਮ ਨੂੰ 21 ਹਜ਼ਾਰ ਡਾਲਰ ਅਤੇ ਕੈਨੇਡਾ ਦੀ ਉੱਪ-ਜੇਤੂ ਟੀਮ ਨੂੰ 15 ਹਜ਼ਾਰ ਡਾਲਰ ਭੇਂਟ ਕੀਤੇ ਗਏ। ਸਰਬੋਤਮ ਰੇਡਰ ਕਾਲਾ ਧਨੌਲਾ ਅਤੇ ਵਧੀਆ ਜਾਫ਼ੀ ਗੁਰਦਿੱਤ ਸਿੰਘ ਕੈਨੇਡਾ ਨੂੰ ਐਲਾਨਿਆ ਗਿਆ ਅਤੇ ਇਨ੍ਹਾਂ ਖਿਡਾਰੀਆਂ ਨੂੰ 1,500-1,500 ਡਾਲਰ ਅਤੇ ਯਾਦਗਾਰੀ ਚਿੰਨ੍ਹ ਇਨਾਮ ਵਜੋਂ ਦਿੱਤੇ ਗਏ। ਕਬੱਡੀ ਦੇ ਸਟਾਰ ਖਿਡਾਰੀ ਰੂਬੀ ਹਰਖੋਵਾਲ ਨੂੰ ਟੂਰਨਾਮੈਂਟ ਦੇ ਵਧੀਆ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ।
ਪੰਜਾਬੀ ਪਹਿਰਾਵੇ ‘ਚ ਸਜੀਆਂ ਆਸਟਰੇਲੀਆਈ ਕੁੜੀਆਂ ਵਲੋਂ ਹਰ ਇੱਕ ਕਬੱਡੀ ਟੀਮ ਨੂੰ ਸਬੰਧਤ ਦੇਸ਼ ਦੇ ਝੰਡੇ ਹੇਠ ਧੂਮ-ਧੜੱਕੇ ਨਾਲ ਮੈਦਾਨ ‘ਚ ਲੈ ਕੇ ਆਉਣਾ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਦੇ ਛੋਟੇ ਬੱਚਿਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ਅਤੇ ਪ੍ਰਸਿੱਧ ਗਾਇਕ ਜੈਜ਼ੀ ਬੈਂਸ ਅਤੇ ਮਿਸ ਪੂਜਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਮੁੱਖ ਪ੍ਰਬੰਧਕ ਸਰਬਜੋਤ ਸਿੰਘ ਢਿੱਲੋਂ ਅਤੇ ਰੁਪਿੰਦਰ ਬਰਾੜ ਨੇ ਦੱਸਿਆ ਕਿ ਇਸ ਕਬੱਡੀ ਕੱਪ ਦਾ ਮੰਤਵ ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫ਼ੁੱਲਤ ਕਰ ਕੇ ਅਜੋਕੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਹੈ। ਉਨ੍ਹਾਂ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ। ਸਿਡਨੀ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ ਇਸ ਉੱਦਮ ਲਈ ਮੈਲਬਰਨ ਵਾਸੀਆਂ ਨੂੰ ਵਧਾਈ ਦਿੰਦਿਆਂ ਇਸ ਪੱਧਰ ਦਾ ਕਬੱਡੀ ਕੱਪ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ‘ਚ ਕਰਵਾਉਣ ਦੀ ਤਜਵੀਜ਼ ਪੇਸ਼ ਕੀਤੀ। ਅੰਤ ‘ਚ ਪਨਵੈਕ ਗਰੁੱਪ ਦੇ ਸਮੂਹ ਮੈਂਬਰਾਂ ਵਲੋਂ ਕਬੱਡੀ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਆਸਟਰੇਲੀਆਈ ਕਬੱਡੀ ਫ਼ੈਡਰੇਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਬਾਸੀ ਨੂੰ ਸਨਮਾਨਿਤ ਕੀਤਾ। ਆਪਣੇ ਧੰਨਵਾਦੀ ਭਾਸ਼ਣ ‘ਚ ਸ੍ਰ.ਬਾਸੀ ਨੇ ਅਗਲੇ ਵਰ੍ਹੇ 21 ਅਪ੍ਰੈਲ ਨੂੰ ਵਿਸ਼ਵ ਕੱਪ 2019 ਕਰਵਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਕੁੜੀਆਂ ਵਿੱਚ ਹਰਮਨਪਿਆਰੀ ਖੇਡ ਬਣਾਉਣ ਲਈ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ ਅਤੇ ਅਗਲੇ ਸਾਲ ਦੇ ਵਿਸ਼ਵ ਕੱਪ ‘ਚ ਕੁੜੀਆਂ ਦੇ ਮੈਚ ਵੀ ਕਰਵਾਏ ਜਾਣਗੇ।
ਉੱਪ-ਪ੍ਰਧਾਨ ਮੰਤਰੀ ਮਾਈਕਲ ਵਿਸ਼ੇਸ਼ ਤੌਰ ‘ਤੇ ਪਹੁੰਚੇ
ਇਸ ਮਹਾਕੁੰਭ ‘ਚ ਆਸਟਰੇਲੀਆ ਦੇ ਉੱਪ-ਪ੍ਰਧਾਨ ਮੰਤਰੀ ਮਾਈਕਲ ਮੈਕਾਰਮੈਕ ਵਿਸ਼ੇਸ਼ ਤੌਰ ‘ਤੇ ਪਹੁੰਚੇ। ਆਪਣੇ ਸੰਖੇਪ ਭਾਸ਼ਣ ‘ਚ ਉੱਪ-ਪ੍ਰਧਾਨ ਮੰਤਰੀ ਨੇ ਆਸਟਰੇਲੀਆ ਵਰਗੇ ਬਹੁ-ਸਭਿਆਚਾਰਕ ਦੇਸ਼ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੂੰ ਇਕੱਠਾ ਕਰ ਕੇ ਕੌਮਾਂਤਰੀ ਪੱਧਰ ‘ਤੇ ਇਸ ਕਬੱਡੀ ਕੱਪ ਨੂੰ ਕਰਵਾਉਣ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਹਰਿਆਣਾ ਤੋਂ ਉਚੇਚੇ ਤੌਰ ‘ਤੇ ਪੁੱਜੇ ਚੌਧਰੀ ਅਭੈ ਸਿੰਘ ਚੌਟਾਲਾ ਨੇ ਵੀ ਹਾਜ਼ਰੀ ਭਰੀ ਅਤੇ ਮੈਚ ਦਾ ਆਨੰਦ ਮਾਣਿਆ।
ਇਨ੍ਹਾਂ ਨੇ ਕੀਤੀ ਕੋਮੈਂਟਰੀ
ਮੈਚਾਂ ਦੀ ਕੋਮੈਂਟਰੀ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਕਬੱਡੀ ਕੋਮੈਂਟੇਟਰ ਮੱਖਣ ਅਲੀ, ਦਰਸ਼ਨ ਬੜੀ, ਅਮਰੀਕਾ ਤੋਂ ਰੰਡਿਆਲਾ ਐੱਮ.ਜੀ.ਆਰ., ਗੱਗੀ ਮਾਨ, ਰੋਜ਼ੀ ਖਹਿਰਾ, ਪਵਨ ਸੇਖੋਂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ।