ਪਟਿਆਲਾ : ਪਟਿਆਲਾ ਦੇ ਆਨੰਦਨਗਰ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਇਆ ਹੈ ਜਿਸ ਵਿਚ ਚਿੱਟੇ ਦਿਨ 1.30 ਵਜੇ ਰਾਹ ’ਚ ਤੁਰੀ ਜਾਂਦੀ ਔਰਤ ਨੂੰ ਇਕ ਮੋਟਰਸਾਈਕਲ ਸਵਾਰ ਲੁਟੇਰਾ ਸ਼ਰੇਆਮ ਬੜੇ ਆਰਾਮ ਨਾਲ ਲੁੱਟ ਕੇ ਫਰਾਰ ਹੋ ਗਿਆ। ਲੁੱਟ ਦੀ ਇਹ ਵਾਰਦਾਤ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਮੋਟਰਸਾਈਕਲ ਸਵਾਰ ਲੁਟੇਰਾ ਮੌਕਾ ਦੇਖ ਕੇ ਔਰਤ ਨੂੰ ਲੁੱਟ ਕੇ ਬੜੇ ਆਰਾਮ ਨਾਲ ਫਰਾਰ ਹੋ ਜਾਂਦਾ ਹੈ। ਸਿਰ ’ਤੇ ਹੈਲਮੇਟ ਪਾਇਆ ਹੋਣ ਕਰਕੇ ਲੁਟੇਰੇ ਦੀ ਪਛਾਣ ਨਹੀਂ ਹੋ ਸਕੀ।
ਲੁਟੇਰਾ ਪਹਿਲਾਂ ਰਾਹ ਜਾਂਦੀ ਔਰਤ ਨੂੰ ਵੇਖ ਕੇ ਮੋਟਰਸਾਈਕਲ ਖੜ੍ਹਾ ਕਰਦਾ ਹੈ, ਫਿਰ ਪਿੱਛੋਂ ਜਾ ਕੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਹੈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਨੂੰ ਦੇਖ ਕੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੌਂਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਹਨ। ਫਿਲਹਾਲ ਇਸ ਸੰਬੰਧੀ ਪੁਲਸ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ।















