ਨੰਬਰ ਚਾਰ ‘ਤੇ ਅੱਈਅਰ ਉਪਯੋਗੀ ਖਿਡਾਰੀ: ਗਾਵਸਕਰ

ਟ੍ਰਿਨੀਡੈਡ – ਭਾਰਤੀ ਵਨ ਡੇ ਟੀਮ ਵਿੱਚ ਨੰਬਰ ਚਾਰ ਨੂੰ ਲੈ ਕੇ ਚੱਲ ਰਹੀ ਬਹਿਸ ਵਿਚਾਲੇ ਲੈਜੈਂਡ ਕ੍ਰਿਕਟਰ ਸੁਨੀਲ ਗਾਵਸਕਰ ਨੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅੱਈਅਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਟੀਮ ਵਿੱਚ ਸਥਾਈ ਤੌਰ ‘ਤੇ ਸ਼ਾਮਿਲ ਕਰ ਕੇ ਨੰਬਰ ਚਾਰ ਦੇ ਸਥਾਨ ‘ਤੇ ਬੱਲੇਬਾਜ਼ੀ ਕਰਵਾਉਣੀ ਚਾਹੀਦੀ ਹੈ। ਉਸ ਨੇ ਅੱਈਅਰ ਨੂੰ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਜਗ੍ਹਾ ਨੰਬਰ 4 ‘ਤੇ ਭੇਜਣ ਦੀ ਵਕਾਲਤ ਕੀਤੀ। ਲਗਾਤਾਰ ਚਾਰ ਨੰਬਰ ‘ਤੇ ਅਜ਼ਮਾਇਆ ਜਾ ਰਿਹਾ ਪੰਤ ਦੂਜੇ ਵਨ ਡੇ ਵਿੱਚ ਵੀ ਅਸਫ਼ਲ ਰਿਹਾ ਅਤੇ ਇੱਕ ਖ਼ਰਾਬ ਸ਼ੌਟ ਖੇਡ ਕੇ ਆਪਣੀ ਵਿਕਟ ਗੁਆ ਬੈਠਾ। ਪੰਤ ਨੇ 20 ਦੌੜਾਂ ਬਣਾਈਆਂ, ਅਤੇ ਉਸ ਵਿੱਚ ਬਚਪਨਾ ਸਾਫ਼ ਝਲਕਦਾ ਹੈ।
ਗਾਵਸਕਰ ਨੇ ਕਿਹਾ, ”ਮੇਰੇ ਖ਼ਿਆਲ ਵਿੱਚ ਪੰਤ ਧੋਨੀ ਦੀ ਤਰ੍ਹਾਂ ਨੰਬਰ 5 ਜਾਂ 6 ‘ਤੇ ਫ਼ਿੱਟ ਰਹੇਗਾ। ਉਥੇ ਉਹ ਆਪਣੀ ਸੁਭਾਵਿਕ ਖੇਡ ਦਾ ਪ੍ਰਦਰਸ਼ਨ ਕਰ ਸਕਦਾ ਹੈ। ਜੇਕਰ ਭਾਰਤ ਦੇ ਚੋਟੀ ਦੇ ਤਿੰਨ ਬੱਲੇਬਾਜ਼ ਵਿਰਾਟ ਕੋਹਲੀ, ਸਿਖਰ ਧਵਨ ਅਤੇ ਰੋਹਿਤ ਸ਼ਰਮਾ 40-45 ਓਵਰਾਂ ਤਕ ਖੇਡਦੇ ਹਨ ਤਾਂ ਉਸ ਸਮੇਂ ਪੰਤ ਨੂੰ ਨੰਬਰ-4 ‘ਤੇ ਭੇਜਿਆ ਜਾ ਸਕਦਾ ਹੈ, ਪਰ 30-35 ਓਵਰਾਂ ਵਿਚਾਲੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਦੇ ਆਊਟ ਹੋਣ ‘ਤੇ ਅੱਈਅਰ ਨੰਬਰ-4 ਲਈ ਉਪਯੋਗੀ ਹੋਵੇਗਾ।”