ਚੰਡੀਗੜ੍ਹ: ਨੋਟਬੰਦੀ ਨੂੰ ਲੈ ਕੇ ਪਿਛਲੇ 11 ਦਿਨ ਤੋਂ ਆਮ ਜਨਤਾ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ। ਪਰ ਇਸ ਸਭ ਦੌਰਾਨ ਵੱਡੀ ਮੁਸ਼ਕਲ ਕਿਸਾਨਾਂ ਲਈ ਬਣੀ ਹੋਈ ਹੈ। ਕਿਉਂਕਿ ਸਰਕਾਰ ਨੇ ਸਹਿਕਾਰੀ ਬੈਂਕਾਂ ‘ਚ ਪੁਰਾਣੇ 500 ਤੇ 1000 ਦੇ ਨੋਟ ਲੈਣ ‘ਤੇ ਰੋਕ ਲਗਾ ਦਿੱਤੀ ਹੈ। ਇਹਨਾਂ ਬੈਂਕਾਂ ‘ਚ ਜਿਆਦਾਤਰ ਖਾਤੇ ਕਿਸਾਨਾਂ ਦੇ ਹੀ ਹਨ। ਅਜਿਹੇ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਨਿੱਜੀ ਦਖ਼ਲ ਦੇ ਕੇ ਸਹਿਕਾਰੀ ਬੈਂਕਾਂ ‘ਚ ਵੀ ਪੁਰਾਣੇ ਨੋਟ ਲਏ ਜਾਣ ਦੀ ਖੁੱਲ੍ਹ ਦੇਣ ਲਈ ਕਿਹਾ ਹੈ।
ਬਾਦਲ ਨੇ ਇੱਕ ਪੱਤਰ ਲਿਖ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਬੈਂਕਿੰਗ ਰੈਗੂਲੇਸ਼ਨ ਐਕਟ 1949 ਤਹਿਤ ਪਰਿਭਾਸ਼ਤ ‘ਬੈਂਕਾਂ’ ਦੀ ਤਰਜ਼ ’ਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਵੀ ਸਰਕਾਰੀ ਨੋਟਬੰਦੀ ਦੇ ਫ਼ੈਸਲੇ ਨਾਲ ਸਬੰਧਿਤ ਸਕੀਮ ਨੂੰ ਲਾਗੂ ਕਰਨ ਲਈ ਆਗਿਆ ਦੇਣ ਵਾਸਤੇ ਭਾਰਤੀ ਰਿਜ਼ਰਵ ਬੈਂਕ ਨੂੰ ਤੁਰੰਤ ਲੋੜੀਂਦੀਆਂ ਹਦਾਇਤਾਂ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕਰਜ਼ਿਆਂ ਨੂੰ ਮੋੜਨ ਤੇ ਮੁੜ ਚੁੱਕਣ ਦੀ ਪ੍ਰਵਾਨਗੀ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ’ਤੇ ਹੀ ਆਧਾਰਿਤ ਹੋਵੇਗੀ। ਕੇਂਦਰੀ ਸਹਿਕਾਰੀ ਬੈਂਕਾਂ ਦੀਆਂ ਬਹੁਤੀਆਂ ਸ਼ਾਖਾਵਾਂ ਉਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਕੋਈ ਹੋਰ ਨਿੱਜੀ ਜਾਂ ਜਨਤਕ ਖੇਤਰ ਦੇ ਬੈਂਕ ਦੀ ਸ਼ਾਖਾ ਮੌਜੂਦਾ ਨਹੀਂ ਹੈ।
ਸੀਐਮ ਬਾਦਲ ਨੇ ਲੋਕਾਂ ਦੀਆਂ ਮੁਸ਼ਕਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਿਜ਼ਰਵ ਬੈਂਕ ਨੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਆਪਣੇ ਗਾਹਕਾਂ ਦੀ ਪੁਰਾਣੀ ਕਰੰਸੀ ਬਦਲਣ ਅਤੇ ਖਾਤਿਆਂ ਵਿੱਚ ਜਮ੍ਹਾਂ ਦੀ ਚੱਲ ਰਹੀ ਕਾਰਵਾਈ ਨੂੰ ਰੋਕ ਦਿੱਤਾ ਹੈ। ਸਹਿਕਾਰੀ ਬੈਂਕਾਂ ਵੱਲੋਂ ਪੁਰਾਣੇ ਨੋਟਾਂ ਨੂੰ ਸਵੀਕਾਰ ਨਾ ਕਰਨ ਕਰ ਕੇ ਕਿਸਾਨ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਤੋਂ ਅਸਮਰੱਥ ਹੋ ਗਏ ਹਨ ਅਤੇ ਸਿੱਟੇ ਵਜੋਂ ਉਨ੍ਹਾਂ ਨੂੰ ਨਵੇਂ ਕਰਜ਼ੇ ਨਹੀਂ ਮਿਲ ਰਹੇ ਜਿਸ ਕਰ ਕੇ ਹਾੜੀ ਦੀਆਂ ਫਸਲਾਂ ਦੀ ਬਿਜਾਈ ‘ਚ ਦੇਰ ਹੋ ਰਹੀ ਹੈ ਅਤੇ ਸਹਿਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ।















