ਨੋਇਡਾ : ਇਲੈਕਟ੍ਰਾਨਿਕ ਚਿੱਪ ਯੂਨਿਟ ‘ਚ ਭਿਆਨਕ ਅੱਗ, ਮਲਬਾ ਡਿੱਗਣ ਨਾਲ ਦੋ ਫਾਇਰਫਾਈਟਰਾਂ ਦੀ ਮੌਤ

ਨੋਇਡਾ : ਨੋਇਡਾ ਦੇ ਇੱਕ ਉਦਯੋਗਿਕ ਖੇਤਰ ਵਿੱਚ ਇੱਕ ਇਲੈਕਟ੍ਰਾਨਿਕ ਚਿੱਪ ਨਿਰਮਾਣ ਯੂਨਿਟ ਵਿੱਚ ਲੱਗੀ ਭਿਆਨਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਸਮੇਂ ਮਲਬਾ ਉਨ੍ਹਾਂ ‘ਤੇ ਡਿੱਗਣ ਨਾਲ ਦੋ ਫਾਇਰਫਾਈਟਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਦੇ ਇੱਕ ਬੁਲਾਰੇ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਇਹ ਘਟਨਾ ਸੋਮਵਾਰ ਦੇਰ ਰਾਤ ਈਕੋਟੈਕ-3 ਉਦਯੋਗਿਕ ਖੇਤਰ ਵਿੱਚ ਸਥਿਤ ILGIM ਕੰਪਨੀ ਵਿੱਚ ਵਾਪਰੀ ਹੈ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਘੱਟੋ-ਘੱਟ ਛੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪੁਲਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਗ ਬੁਝਾਉਂਦੇ ਸਮੇਂ ਫੈਕਟਰੀ ਦੇ ਅਹਾਤੇ ਵਿੱਚ ਇੱਕ ਕੰਧ ਅਤੇ ਇੱਕ ਲੋਹੇ ਦਾ ਬੀਮ ਅਚਾਨਕ ਢਹਿ ਗਿਆ, ਜਿਸ ਨਾਲ ਪੰਜ ਫਾਇਰਫਾਈਟਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਫਾਇਰਫਾਈਟਰ ਰੋਹਿਤ ਯਾਦਵ ਅਤੇ ਤੀਰਥਪਾਲ ਸਿੰਘ ਨੇ ਦਮ ਤੋੜ ਦਿੱਤਾ।
ਬੁਲਾਰੇ ਨੇ ਦੱਸਿਆ ਕਿ ਜ਼ਖਮੀ ਫਾਇਰਫਾਈਟਰ, ਰਾਜਪਾਲ ਸਿੰਘ, ਮਨੀਸ਼ ਕੁਮਾਰ ਅਤੇ ਅਮਿਤ ਕੁਮਾਰ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਪੁਲਸ ਅਧਿਕਾਰੀ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਇੱਕ ਟੀਮ ਮੌਕੇ ‘ਤੇ ਮੌਜੂਦ ਸੀ। ਪੁਲਸ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।