ਨਹੀਂ ਰੁਕ ਰਹੇ ਪਾਕਿਸਤਾਨ ਦੇ ਹਿੰਦੂ ਮੰਦਰਾਂ ‘ਤੇ ਹਮਲੇ

ਅੰਮ੍ਰਿਤਸਰ,  ਪਾਕਿਸਤਾਨ ‘ਚ ਬੀਤੇ ਲੰਬੇ ਸਮੇਂ ਤੋਂ ਹਿੰਦੂ ਮੰਦਰਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਇਸ ਘਟਨਾਕ੍ਰਮ ‘ਚ ਕੁਝ ਹਿੰਦੂ ਮੰਦਰਾਂ ਨੂੰ ਸਾੜਿਆ ਵੀ ਗਿਆ ਹੈ ਤੇ ਕਈ ਮੰਦਰਾਂ ‘ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਖੰਡਿਤ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸਰਹੱਦ ਪਾਰ ਦੇ ਹਿੰਦੂਆਂ ‘ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਪਰ ਮੰਦਰਾਂ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕ ਕਾਨੂੰਨ ਦੀ ਗ੍ਰਿਫਤ ਤੋਂ ਦੂਰ ਰਹਿੰਦੇ ਹਨ। ਬੀਤੇ ਦਿਨ ਫਿਰ ਤੋਂ ਸੂਬਾ ਸਿੰਧ ਦੇ ਹਿੰਦੂ ਮੰਦਰ ‘ਚ ਤੋੜਭੰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਦੱਖਣੀ ਸਿੰਧ ਪ੍ਰਾਂਤ ਦੇ ਹਿੰਦੂ ਮੰਦਰ ‘ਚ ਕੁਝ ਅਣਪਛਾਤੇ ਲੋਕਾਂ ਵੱਲੋਂ ਤੋੜਭੰਨ ਕੀਤੀ ਗਈ ਹੈ। ਇਹ ਘਟਨਾ ਥਾਟਾ ਜ਼ਿਲੇ ਦੇ ਗਾਰਾਂ ਸ਼ਹਿਰ ਵਿਚ ਸਾਹਮਣੇ ਆਈ ਹੈ। ਇਸ ਸੰਬੰਧੀ ਉਥੋਂ ਦੀ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਈਸ਼ਨਿੰਦਾ ਤੇ ਅੱਤਵਾਦ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਮੰਦਰ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਅਣਪਛਾਤੇ ਲੋਕਾਂ ਵਿਰੁੱਧ ਉਥੋਂ ਦੀ ਪੁਲਸ ਵੱਲੋਂ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਤੇ ਪੁਲਸ ਨੇ ਜਨਤਕ ਕੀਤਾ ਕਿ ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਇਸ ਘਟਨਾ ਦੀ ਜਾਂਚ ਜਾਰੀ ਹੈ।