ਐਡਮੰਟਨ: ਇੱਕ ਜਿਊਰੀ ਵਲੋਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੂੰ ਡੈਲਾਵੇਅਰ ‘ਚ ਬੰਦੂਕ ਟ੍ਰਾਇਲ ਦੇ ਮਾਮਲੇ ‘ਚ ਤਿੰਨੋਂ ਅਪਰਾਧਕ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਗਿਆ ਹੈ।
ਉਸ ਨੂੰ ਕਰੈਕ ਕੋਕੇਨ ਦੀ ਸਮੱਸਿਆ ਸੀ ਅਤੇ ਵਕੀਲਾਂ ਨੇ ਕਿਹਾ ਸੀ ਕਿ ਉਸ ਨੇ ਅਕਤੂਬਰ 2018 ‘ਚ ਇੱਕ ਕੋਲਟ ਕੋਬਰਾ ਰਿਵਾਲਵਰ ਖ਼ਰੀਦਣ ਵੇਲੇ ਫ਼ਾਰਮਾਂ ‘ਤੇ ਝੂਠ ਬੋਲਿਆ ਸੀ ਕਿ ਉਹ ਨਸ਼ੀਲੇ ਪਦਾਰਥਾਂ ਦਾ ਦਾ ਸੇਵਨ ਨਹੀਂ ਕਰਦਾ। ਹੰਟਰ ਬਾਇਡਨ ਨੇ ਉਸ ਸਮੇਂ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਸੀ ਜਿਨ੍ਹਾਂ ‘ਚ ਇੱਕ ਰਿਵਾਲਵਰ ਲਈ ਸਰਕਾਰੀ ਸਕ੍ਰੀਨਿੰਗ ਦਸਤਾਵੇਜ਼ਾਂ ਨੂੰ ਭਰਨ ਅਤੇ 11 ਦਿਨਾਂ ਲਈ ਗ਼ੈਰ-ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਦੌਰਾਨ ਉਸ ਦੀ ਨਸ਼ਾਖੋਰੀ ਬਾਰੇ ਝੂਠ ਬੋਲਣਾ ਸ਼ਾਮਿਲ ਹੈ।
ਜਿਊਰੀ ਨੇ ਕਰੀਬ ਤਿੰਨ ਘੰਟੇ ਵਿਚਾਰ ਕਰਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਇਆ। ਉਸ ਦੇ ਅਟਰਨੀ ਅਬੇ ਲਵੇਲ ਨੇ ਜੱਜਾਂ ਨੂੰ ਦੱਸਿਆ ਕਿ ਉਸ ਦਾ ਮੁਵੱਕਿਲ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਕਿਉਂਕਿ ਜਦੋਂ ਉਸ ਨੇ ਬੰਦੂਕ ਖ਼ਰੀਦੀ ਸੀ ਤਾਂ ਉਹ ਆਪਣੇ ਆਪ ਨੂੰ ਨਸ਼ੇੜੀ ਨਹੀਂ ਸੀ ਸਮਝਦਾ।










