ਬੇਂਗਲੁਰੂ— ਬਾਜ਼ਾਰ ‘ਚ ਆਉਣ ਦੇ 2 ਹਫਤਿਆਂ ਅੰਦਰ ਹੀ 500 ਰੁਪਏ ਦੇ ਨੋਟਾਂ ‘ਚ ਕਈ ਤਰ੍ਹਾਂ ਦੇ ਫਰਕ ਦੇਖਣ ਨੂੰ ਮਿਲ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਾਰਨ ਲੋਕਾਂ ਦੇ ਦਿਮਾਗ ‘ਚ ਉਲਝਣ ਪੈਦਾ ਹੋਣ ਦੇ ਇਲਾਵਾ ਨਕਲ ਦੀ ਵੀ ਸੰਭਾਵਨਾ ਵਧ ਜਾਵੇਗੀ, ਜਦੋਂ ਕਿ ਨੋਟਬੰਦੀ ਅਤੇ ਨਵੇਂ ਨੋਟ ਬਾਜ਼ਾਰ ‘ਚ ਲਿਆਉਣ ਦਾ ਸਰਕਾਰ ਦਾ ਇਕ ਅਹਿਮ ਮਕਸਦ ਨਕਲੀ ਨੋਟਾਂ ‘ਤੇ ਵੀ ਨਕੇਲ ਕੱਸਣਾ ਸੀ।
ਇਸ ਤਰ੍ਹਾਂ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ 500 ਰੁਪਏ ਦੇ ਨਵੇਂ ਨੋਟ ਇਕ ਦੂਜੇ ਤੋਂ ਅਲੱਗ ਦੇਖੇ ਗਏ ਹਨ। ਇਕ ਮਾਮਲੇ ‘ਚ ਦਿੱਲੀ ਦੇ ਰਹਿਣ ਵਾਲੇ ਆਬਸ਼ਾਰ ਨੇ ਦੱਸਿਆ, ”ਇਸ ਨੋਟ ‘ਚ ਗਾਂਧੀ ਜੀ ਦੇ ਚਿਹਰੇ ਦਾ ਇਕ ਤੋਂ ਜ਼ਿਆਦਾ ਪਰਛਾਵਾਂ ਨਜ਼ਰ ਆਉਂਦਾ ਹੈ। ਇਸ ਦੇ ਇਲਾਵਾ ਰਾਸ਼ਟਰੀ ਚਿੰਨ੍ਹ ਦੀ ਜਗ੍ਹਾ ਅਤੇ ਸੀਰੀਅਲ ਨੰਬਰਾਂ ‘ਚ ਵੀ ਗੜਬੜੀ ਹੈ।”
ਗੁਰੂਗ੍ਰਾਮ ਦੇ ਨਿਵਾਸੀ ਰੇਹਾਨ ਸ਼ਾਹ ਨੇ ਦੱਸਿਆ ਕਿ ਨੋਟਾਂ ਦੀ ਕਿਨਾਰੀ ਦਾ ਆਕਾਰ ਅਲੱਗ-ਅਲੱਗ ਸੀ। ਮੁੰਬਈ ਦੇ ਇਕ ਨਿਵਾਸੀ ਨੇ 2000 ਰੁਪਏ ਦੇ ਅਲੱਗ-ਅਲੱਗ ਰੰਗ ਦੇ ਨੋਟ ਦਿਖਾਏ। ਇਕ ਨੋਟ ‘ਚ ਰੰਗ ਹਲਕਾ ਸੀ ਤਾਂ ਦੂਜੇ ‘ਚ ਜ਼ਿਆਦਾ।
ਆਰ. ਬੀ. ਆਈ. ਦੀ ਬੁਲਾਰਾ ਅਲਪਨਾ ਕਿਲਾਵਾਲਾ ਨੇ ਦੱਸਿਆ, ” ਅਜਿਹਾ ਲੱਗਦਾ ਹੈ ਕਿ ਜਲਦਬਾਜ਼ੀ ਕਾਰਨ ਉਹ ਨੋਟ ਵੀ ਜਾਰੀ ਹੋ ਗਏ ਹਨ, ਜਿਨ੍ਹਾਂ ‘ਚ ਪ੍ਰਿੰਟਿੰਗ ਦੀਆਂ ਕੁਝ ਕਮੀਆਂ ਰਹਿ ਗਈਆਂ ਸਨ ਪਰ ਲੋਕ ਅਰਾਮ ਨਾਲ ਇਨ੍ਹਾਂ ਨੋਟਾਂ ਦਾ ਲੈਣ-ਦੇਣ ਕਰ ਸਕਦੇ ਹਨ ਜਾਂ ਜੇਕਰ ਉਨ੍ਹਾਂ ਨੂੰ ਗੜਬੜੀ ਲੱਗਦੀ ਹੈ ਤਾਂ ਆਰ. ਬੀ. ਆਈ. ਨੂੰ ਵਾਪਸ ਵੀ ਕਰ ਸਕਦੇ ਹਨ।”
ਮਾਹਰਾਂ ਦਾ ਮੰਨਣਾ ਹੈ ਕਿ ਨੋਟ ਅਲੱਗ-ਅਲੱਗ ਹੋਣ ਕਾਰਨ ਬਾਜ਼ਾਰ ‘ਚ ਨਕਲੀ ਨੋਟਾਂ ਨੂੰ ਅਸਾਨੀ ਨਾਲ ਘੁਮਾਇਆ ਜਾ ਸਕਦਾ ਹੈ। ਕਈ ਸਾਲਾਂ ਤਕ ਅਪਰਾਧਿਕ ਮਾਮਲਿਆਂ ਨੂੰ ਸੰਭਾਲਣ ਵਾਲੇ ਇਕ ਆਈ. ਪੀ. ਐੱਸ. ਅਫਸਰ ਨੇ ਦੱਸਿਆ, ”ਲੋਕਾਂ ਨੂੰ ਨੋਟ ‘ਤੇ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ ‘ਚ ਮੁਸ਼ਕਿਲ ਹੁੰਦੀ ਹੈ ਅਤੇ ਨੋਟ ਲੈਣ ਤੋਂ ਪਹਿਲਾਂ ਇਕ-ਇਕ ਚੀਜ਼ ਨਹੀਂ ਦੇਖ ਸਕਦੇ। ਅਜਿਹੇ ‘ਚ ਜੇਕਰ ਅਲੱਗ-ਅਲੱਗ ਨੋਟ ਬਾਜ਼ਾਰ ‘ਚ ਹੋਣਗੇ ਤਾਂ ਲੋਕਾਂ ਨੂੰ ਅਸਲੀ ਅਤੇ ਨਕਲੀ ‘ਚ ਫਰਕ ਕਰਨਾ ਮੁਸ਼ਕਿਲ ਹੋ ਜਾਵੇਗਾ।”















