ਨਵੀਂ ਐੱਸ. ਆਈ. ਟੀ. ਅੱਗੇ ਅੱਜ ਪਹਿਲੀ ਵਾਰ ਪੇਸ਼ ਹੋਣਗੇ ਬਿਕਰਮ ਮਜੀਠੀਆ

ਪਟਿਆਲਾ : ਐੱਨ. ਡੀ. ਪੀ. ਐੱਸ ਐਕਟ ਤਹਿਤ ਦੋ ਸਾਲ ਪਹਿਲਾਂ ਦਰਜ ਹੋਏ ਕੇਸ ਦੀ ਜਾਂਚ ਲਈ ਪਟਿਆਲਾ ਦੀ ਪੁਲਸ ਲਾਈਨ ਵਿਖੇ ਅੱਜ ਬਿਕਰਮ ਸਿੰਘ ਮਜੀਠੀਆ ਨਵੇਂ ਐੱਸ. ਆਈ. ਟੀ. ਮੁਖੀ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਅੱਗੇ ਪੇਸ਼ ਹੋਣਗੇ। ਮਜੀਠੀਆ ਦੀ ਪੇਸ਼ੀ ਦੇ ਚੱਲਦੇ ਪੰਜਾਬ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲਸ ਲਾਈਨ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਲਗਭਗ 100 ਮੀਟਰ ਪਹਿਲਾਂ ਹੀ ਨਾਕੇਬੰਦੀ ਕਰ ਦਿੱਤੀ ਗਈ ਹੈ।
ਉਂਝ ਇਸ ਤੋਂ ਪਹਿਲਾਂ ਏ. ਡੀ. ਜੀ. ਪੀ. ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਭਾਵੇਂ ਦੋ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ 31 ਦਸੰਬਰ ਨੂੰ ਹੋਈ ਸੇਵਾਮੁਕਤੀ ਉਪਰੰਤ ਨਵੀਂ ਬਣੀ ਸਿੱਟ ਕੋਲ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਹੈ। ਇਥੇ ਅਕਾਲੀ ਕਾਰਕੁਨਾਂ ਦੇ ਪੁੱਜਣ ਦੀ ਸੰਭਾਵਨਾ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।