ਦੁਬਈ : ਪੱਛਮੀ ਏਸ਼ੀਆ ਵਿੱਚ ਜੰਗ ਦੇ ਬੱਦਲ ਇੱਕ ਵਾਰ ਫਿਰ ਗਹਿਰਾ ਗਏ ਹਨ। ਕੁਵੈਤ ਨੇ ਈਰਾਨ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਅਹਿਮ ਟਾਪੂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਚੀਨ ਦੇ ਸਹਿਯੋਗ ਨਾਲ ਇੱਕ ਬੰਦਰਗਾਹ ਦਾ ਨਿਰਮਾਣ ਹੋ ਰਿਹਾ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਦੌਰੇ ‘ਤੇ ਜਾਣ ਵਾਲੇ ਹਨ।
ਕੁਵੈਤ ਅਨੁਸਾਰ, 1 ਮਈ ਨੂੰ ਈਰਾਨ ਦੀ ਅਰਧ-ਸੈਨਿਕ ਰਿਵੋਲਿਊਸ਼ਨਰੀ ਗਾਰਡ ਦੀ ਇੱਕ ਟੀਮ ਨੇ ਫਾਰਸ ਦੀ ਖਾੜੀ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਬੁਬੀਆਨ ਟਾਪੂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਕੁਵੈਤੀ ਸੁਰੱਖਿਆ ਬਲਾਂ ਨੇ ਇਸ ਹਮਲੇ ਨੂੰ ਨਾਕਾਮ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਸ ਟਾਪੂ ‘ਤੇ ‘ਮੁਬਾਰਕ ਅਲ ਕਬੀਰ’ ਬੰਦਰਗਾਹ ਦਾ ਨਿਰਮਾਣ ਹੋ ਰਿਹਾ ਹੈ, ਜੋ ਚੀਨ ਦੇ ਗਲੋਬਲ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦਾ ਇੱਕ ਅਹਿਮ ਹਿੱਸਾ ਹੈ।
ਟਰੰਪ ਦੀ ਈਰਾਨ ਨੂੰ ਆਖਰੀ ਚਿਤਾਵਨੀ
ਚੀਨ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਈਰਾਨ ਅਤੇ ਜੰਗ ਦੇ ਮੁੱਦੇ ‘ਤੇ ‘ਲੰਬੀ ਗੱਲਬਾਤ’ ਕਰਨਗੇ। ਟਰੰਪ ਨੇ ਸਪੱਸ਼ਟ ਕੀਤਾ ਕਿ “ਈਰਾਨ ਪੂਰੀ ਤਰ੍ਹਾਂ ਸਾਡੇ ਨਿਯੰਤਰਣ ਵਿੱਚ ਹੈ। ਜਾਂ ਤਾਂ ਪਰਮਾਣੂ ਪ੍ਰੋਗਰਾਮ ‘ਤੇ ਸਮਝੌਤਾ ਹੋਵੇਗਾ ਜਾਂ ਫਿਰ ਉਹ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਜਾਣਗੇ”। ਹਾਲਾਂਕਿ, ਈਰਾਨੀ ਰਾਜਦੂਤ ਕਾਜ਼ਿਮ ਗਰੀਬਾਬਾਦੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਧਮਕੀਆਂ ਅਤੇ ਜ਼ੋਰ-ਜਬਰਦਸਤੀ ਦੀ ਭਾਸ਼ਾ ਨਾਲ ਸ਼ਾਂਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ।
ਯੂ.ਏ.ਈ. ਦੀ ਸੁਰੱਖਿਆ ਲਈ ਇਜ਼ਰਾਈਲ ਨੇ ਭੇਜਿਆ ‘ਆਇਰਨ ਡੋਮ’
ਖੇਤਰ ਵਿੱਚ ਵਧਦੇ ਖ਼ਤਰੇ ਦੇ ਮੱਦੇਨਜ਼ਰ ਇਜ਼ਰਾਈਲ ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਸਵੀਕਾਰ ਕੀਤਾ ਹੈ ਕਿ ਉਸ ਨੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਪਣੀ ਮਸ਼ਹੂਰ ‘ਆਇਰਨ ਡੋਮ’ (Iron Dome) ਹਵਾਈ ਰੱਖਿਆ ਪ੍ਰਣਾਲੀ ਅਤੇ ਉਸ ਨੂੰ ਚਲਾਉਣ ਵਾਲੇ ਕਰਮਚਾਰੀ ਤਾਇਨਾਤ ਕੀਤੇ ਹਨ। ਇਹ ਕਦਮ ਇਜ਼ਰਾਈਲ ਅਤੇ ਯੂ.ਏ.ਈ. ਦੇ ਵਧਦੇ ਸਬੰਧਾਂ ਨੂੰ ਦਰਸਾਉਂਦਾ ਹੈ।
ਹੋਰਮੁਜ਼ ‘ਤੇ ਅਮਰੀਕੀ ਕਬਜ਼ੇ ਦਾ ਦਾਅਵਾ
ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਾਂਗਰਸ ਨੂੰ ਭਰੋਸਾ ਦਿੱਤਾ ਹੈ ਕਿ ਅਮਰੀਕਾ ਕੋਲ ਹਥਿਆਰਾਂ, ਬੰਬਾਂ ਅਤੇ ਮਿਜ਼ਾਈਲਾਂ ਦਾ ਲੋੜੀਂਦਾ ਭੰਡਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੋਰਮੁਜ਼ ਸਟ੍ਰੇਟ ਅਜੇ ਵੀ ਅਮਰੀਕੀ ਨਿਯੰਤਰਣ ਵਿੱਚ ਹੈ ਅਤੇ ਅਮਰੀਕਾ ਦੀ ਇਜਾਜ਼ਤ ਤੋਂ ਬਿਨਾਂ ਉੱਥੋਂ ਕੁਝ ਵੀ ਨਹੀਂ ਗੁਜ਼ਰ ਸਕਦਾ, ਭਾਵੇਂ ਈਰਾਨੀ ਹਮਲਿਆਂ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਕਿਉਂ ਨਾ ਹੋ ਰਹੀ ਹੋਵੇ।















