ਦੱਖਣ ਭਾਰਤੀ ਫ਼ਿਲਮਾਂ ਨਹੀਂ ਛੱਡੇਗੀ ਕਾਜਲ

ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨਾਲ ‘ਕਿਉਂ ਹੋ ਗਿਆ ਨਾ’ ਵਰਗੀ ਫ਼ਲਾਪ ਫ਼ਿਲਮ ਤੋਂ ਸ਼ੁਰੂਆਤ ਕਰਨ ਵਾਲੀ ਕਾਜਲ ਅਗਰਵਾਲ ਨੇ ਸੱਤ ਸਾਲ ਬਾਅਦ ਸੁਪਰਹਿੱਟ ਫ਼ਿਲਮ ‘ਸਿੰਘਮ’ ਨਾਲ ਵਾਪਸੀ ਤਾਂ ਕੀਤੀ, ਪਰ ਅਜੈ ਦੇਵਗਨ ਵਰਗੇ ਸੁਪਰਸਟਾਰ ਅਤੇ ਫ਼ਿਲਮ ਦੇ ਹਿੱਟ ਹੋਣ ਦੇ ਬਾਵਜੂਦ ਉਸਦਾ ਭਲਾ ਨਹੀਂ ਹੋ ਸਕਿਆ। ਉਸਤੋਂ ਬਾਅਦ ਦੂਜੀ ਫ਼ਿਲਮ ‘ਸਪੈਸ਼ਲ 26’ ਵਿੱਚ ਵੀ ਉਹ ਨਜ਼ਰ ਆਈ। ਅਕਸ਼ੈ ਕੁਮਾਰ ਸਟਾਰਰ ਇਹ ਫ਼ਿਲਮ ਵੀ ਸੁਪਰਹਿੱਟ ਰਹੀ, ਪਰ ਇਸਤੋਂ ਬਾਅਦ ਵੀ ਕਾਜਲ ਨੂੰ ਆਸਾਨੀ ਨਾਲ ਕੰਮ ਮਿਲਣਾ ਸ਼ੁਰੂ ਨਹੀਂ ਹੋਇਆ। ਫ਼ਿਰ ਇੱਕ ਲੰਬੇ ਅੰਤਰਾਲ ਤੋਂ ਬਾਅਦ ਸੰਗੀਤਕ ਰੁਮਾਂਟਿਕ ‘ਦੋ ਲਫ਼ਜ਼ੋਂ ਕੀ ਕਹਾਨੀ’ ਤੋਂ ਬੌਲੀਵੁੱਡ ਵਿੱਚ ਵਾਪਸੀ ਕੀਤੀ, ਪਰ ਕਿਸਮਤ ਨੇ ਫ਼ਿਰ ਧੋਖਾ ਦੇ ਦਿੱਤਾ। ਇਹੀ ਵਜ੍ਹਾ ਹੈ ਕਿ ਹਿੰਦੀ ਫ਼ਿਲਮਾਂ ਵਿੱਚ ਹੁਣ ਤਕ ਦਾਲ ਨਾ ਗਲਣ ਕਾਰਨ ਉਹ ਦੱਖਣ ਅਤੇ ਬੌਲੀਵੁੱਡ ਸਨਅੱਤ ਵਿੱਚ ਸੰਤੁਲਨ ਬਣਾਕੇ ਚੱਲਣਾ ਚਾਹੁੰਦੀ ਹੈ। ਪੇਸ਼ ਹੈ ਕਾਜਲ ਅਗਰਵਾਲ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼ –
-ਤੁਸੀਂ ‘ਸਿੰਘਮ’ ਵਿੱਚ ਅਜੈ ਦੇਵਗਨ ਨਾਲ ਕੰਮ ਕੀਤਾ। ਕੀ ਅਜਿਹਾ ਨਹੀਂ ਲੱਗਦਾ ਕਿ ਪੂਰੀ ਤਰ੍ਹਾਂ ਨਾਲ ਅਜੈ ਦੇਵਗਨ ਦੀ ਫ਼ਿਲਮ ਹੋਣ ਕਾਰਨ ਉਸ ਵਿੱਚ ਕੰਮ ਕਰਨਾ ਤੁਹਾਡੀ ਇੱਕ ਭੁੱਲ ਸੀ ?
– ਨਹੀਂ, ਕਿਉਂਕਿ ਅਜੈ ਦੇਵਗਨ ਵਰਗੇ ਸਟਾਰ ਨਾਲ ਕੰਮ ਕਰਨ ਦਾ ਸੁਪਨਾ ਤਾਂ ਹਰ ਅਭਿਨੇਤਰੀ ਵੇਖਦੀ ਹੈ। ਉਂਜ ਵੀ ਅੱਜ ਬੌਲੀਵੁੱਡ ਵਿੱਚ ਜ਼ਿਆਦਾਤਰ ਫ਼ਿਲਮਾਂ ਪੁਰਸ਼ ਪ੍ਰਧਾਨ ਹੀ ਬਣਦੀਆਂ ਹਨ। ਅਜਿਹੇ ਵਿੱਚ ਜੇਕਰ ਕੋਈ ਅਭਿਨੇਤਰੀ ਔਰਤ ਪ੍ਰਧਾਨ ਫ਼ਿਲਮਾਂ ਦਾ ਇੰਤਜ਼ਾਰ ਕਰਦੀ ਰਹੇ ਤਾਂ ਸ਼ਾਇਦ ਉਮਰ ਗੁਜ਼ਰ ਜਾਵੇਗੀ, ਪਰ ਸੁਪਨਾ ਸਾਕਾਰ ਨਹੀਂ ਹੋਵੇਗਾ। ਉਂਜ, ਜਿੱਥੋਂ ਤਕ ਗੱਲ ‘ਸਿੰਘਮ’ ਦੀ ਹੈ ਤਾਂ ਅਜੈ ਦੇਵਗਨ ਦੇ ਐਕਸ਼ਨ ਨਾਲ ਇਸ ਨਾਲ ਇੱਕ ਪਿਆਰੀ ਰੁਮਾਂਟਿਕ ਕਹਾਣੀ ਵੀ ਜੁੜੀ ਹੋਈ ਸੀ। ਮੇਰਾ ਛੋਟਾ, ਪਰ ਮਹੱਤਵਪੂਰਨ ਕਿਰਦਾਰ ਸੀ। ਇਸ ਵਜ੍ਹਾ ਨਾਲ ਉਸ ਵਿੱਚ ਮੈਂ ਕੰਮ ਕਰਨਾ ਸਵੀਕਾਰ ਕੀਤਾ ਸੀ। ਦਰਅਸਲ, ਮੈਂ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕਰਦੀ ਕਿ ਅਦਾਕਾਰੀ ਸਮਰੱਥਾ ਵਿਖਾਉਣ ਲਈ ਵੱਡਾ ਕਿਰਦਾਰ ਜ਼ਰੂਰੀ ਹੈ। ਕਿਰਦਾਰ ਚਾਹੇ ਛੋਟਾ ਹੋਵੇ, ਪਰ ਉਸਦਾ ਪ੍ਰਭਾਵ ਅਹਿਮ ਹੁੰਦਾ ਹੈ।
-ਲੰਬੇ ਸਮੇਂ ਬਾਅਦ ਵੀ ਬੌਲੀਵੁੱਡ ਵਿੱਚ ਤੁਹਾਡੀ ਫ਼ਿਲਮੀ ਗੱਡੀ ਸੁਸਤ ਹੈ। ਕਿਉਂ?
-ਇਹੀ ਕਹਿਣਾ ਚਾਹਾਂਗੀ ਕਿ ਮੇਰਾ ਲੰਬਾ ਇੰਤਜ਼ਾਰ ਰੰਗ ਲਿਆਇਆ, ਕਿਉਂਕਿ ਮੈਨੂੰ ਅਜੈ ਦੇਵਗਨ ਅਤੇ ਅਕਸ਼ੈ ਕੁਮਾਰ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਬੌਲੀਵੁੱਡ ਨਾਲ ਜੁੜੇ ਸਾਰੇ ਲੋਕਾਂ ਨੇ ਮੇਰੀ ਬਹੁਤ ਮਦਦ ਕੀਤੀ।
-ਤੁਸੀਂ ਸ਼ੁਰੂਆਤੀ ਦੋਨੋਂ ਫ਼ਿਲਮਾਂ ਹਿੱਟ ਹੋਣ ਦੇ ਬਾਵਜੂਦ ਬੌਲੀਵੁੱਡ ਵਿੱਚ ਪੈਰ ਜਮਾਉਣ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕੇ ?
– ਵੇਖੋ, ਮੈਂ ਇਸ ਪ੍ਰਕਾਰ ਦੇ ਪ੍ਰਸ਼ਨਾਂ ਨਾਲ ਪਹਿਲਾਂ ਹੀ ਵਿਵਾਦਾਂ ਵਿੱਚ ਫ਼ਸ ਚੁੱਕੀ ਹਾਂ। ਮੈਂ ਫ਼ਿਰ ਸਪੱਸ਼ਟ ਕਰ ਦੇਣਾ ਚਾਹਾਂਗੀ ਕਿ ਮੈਂ ਦੱਖਣ ਭਾਰਤ ਦੀਆਂ ਫ਼ਿਲਮਾਂ ਵਿੱਚ ਉੱਥੋਂ ਦੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਮੇਰੇ ਹਿੱਸੇ ਵਿੱਚ ਉੱਥੇ ਕਈ ਸੁਪਰਹਿੱਟ ਫ਼ਿਲਮਾਂ ਹਨ। ਜਿੱਥੋਂ ਤਕ ਗੱਲ ਬੌਲੀਵੁੱਡ ਵਿੱਚ ਪੈਰ ਜਮਾਉਣ ਦੀ ਹੈ ਤਾਂ ਮੇਰਾ ਇਰਾਦਾ ਹਿੰਦੀ ਫ਼ਿਲਮਾਂ ਦੇ ਨਾਲ – ਨਾਲ ਦੱਖਣ ਦੀਆਂ ਫ਼ਿਲਮਾਂ ਵੀ ਕਰਦੇ ਰਹਿਣ ਦਾ ਹੈ। ਮੈਂ ਦੋਨੋਂ ਸਨਅੱਤਾਂ ਵਿੱਚ ਸੰਤੁਲਨ ਬਣਾਉਣਾ ਚਾਹੁੰਦੀ ਹਾਂ। ਅਜਿਹੇ ਵਿੱਚ ਕਿਸੇ ਇੱਕ ਨੂੰ ਤਰਜੀਹ ਦੇਣ ਦਾ ਸਵਾਲ ਹੀ ਨਹੀਂ ਉੱਠਦਾ।
-ਵੇਖਿਆ ਗਿਆ ਹੈ ਕਿ ਦੱਖਣ ਤੋਂ ਬਹੁਤ ਸਾਰੀਆਂ ਅਭਿਨੇਤਰੀਆਂ ਆਉਂਦੀਆਂ ਹਨ ਅਤੇ ਇੱਕ ਦੋ ਫ਼ਿਲਮਾਂ ਤੋਂ ਬਾਅਦ ਦੱਖਣ ਵਾਪਸ ਚਲੀਆਂ ਜਾਂਦੀਆਂ ਹਨ। ਤੁਹਾਡੀ ਕੀ ਯੋਜਨਾ ਹੈ ?
– ਮੈਂ ਤੁਹਾਨੂੰ ਦੱਸਿਆ ਕਿ ਮੈਂ ਬੌਲੀਵੁੱਡ ਅਤੇ ਦੱਖਣ ਦੋਨੋਂ ਥਾਵਾਂ ਦੀਆਂ ਫ਼ਿਲਮਾਂ ਵਿੱਚ ਸੰਤੁਲਨ ਬਣਾਕੇ ਰੱਖਾਂਗੀ। ਜਿੱਥੋਂ ਵੀ ਮੈਨੂੰ ਚੰਗਾ ਕੰਮ ਕਰਨ ਨੂੰ ਮਿਲੇਗਾ, ਉੱਥੇ ਕੰਮ ਕਰਾਂਗੀ। ਪਰ, ਹੁਣ ਮੈਂ ਵੀ ਤੈਅ ਕਰ ਲਿਆ ਹੈ ਕਿ ਬੇਕਾਰ ਦੀਆਂ ਫ਼ਿਲਮਾਂ ਵਿੱਚ ਵੱਡਾ ਕਿਰਦਾਰ ਹੋਣ ਦੇ ਬਾਵਜੂਦ ਕੰਮ ਕਰਨਾ ਸਵੀਕਾਰ ਨਹੀਂ ਕਰਾਂਗੀ। ਮੇਰੇ ਲਈ ਛੋਟਾ, ਪਰ ਮਹੱਤਵਪੂਰਨ ਕਿਰਦਾਰ ਹੀ ਮਾਅਨੇ ਰੱਖਦਾ ਹੈ।
-ਤੁਹਾਡੇ ਹਿੱਸੇ ਵਿੱਚ ‘ਯਮਲਾ ਪਗਲਾ ਦੀਵਾਨਾ – 3’ ਵਰਗੀ ਫ਼ਿਲਮ ਆ ਗਈ ਹੈ। ਇਸ ਬਾਰੇ ਕੀ ਕਹੋਗੇ ?
– ਹਾਂ, ਇਸ ਫ਼ਿਲਮ ਦੀ ਮੈਂ ਮੋਹਰੀ ਅਭਿਨੇਤਰੀ ਹਾਂ। ਇਸ ਫ਼ਿਲਮ ਵਿੱਚ ਧਰਮਿੰਦਰ ਆਪਣੇ ਦੋਨੋਂ ਬੇਟਿਆਂ ਸੰਨੀ ਅਤੇ ਬੌਬੀ ਦਿਓਲ ਨਾਲ ਪਿਛਲੇ ਦੋ ਹਿੱਸਿਆਂ ਵਿੱਚ ਨਜ਼ਰ ਆ ਚੁੱਕੇ ਹਨ। ਫ਼ਿਲਮ ਵਿੱਚ ਹਰ ਵਾਰ ਨਵੀਂ ਅਭਿਨੇਤਰੀ ਨੂੰ ਲਿਆ ਜਾਂਦਾ ਹੈ। ਇਸ ਵਾਰ ਵੀ ਨਿਰਮਾਤਾਵਾਂ ਨੇ ਇਸਨੂੰ ਜਾਰੀ ਰੱਖਿਆ ਅਤੇ ਮੈਨੂੰ ਮੌਕਾ ਦਿੱਤਾ। ਇਸ ਫ਼ਿਲਮ ਵਿੱਚ ਮੈਂ ਇੱਕ ਆਧੁਨਿਕ ਯੁੱਗ ਦੀ ਕੁੜੀ ਦਾ ਕਿਰਦਾਰ ਨਿਭਾਵਾਂਗੀ। ਫ਼ਿਲਮ ਦੀ ਸ਼ੂਟਿੰਗ ਤੇਜ਼ੀ ਨਾਲ ਚੱਲ ਰਹੀ ਹੈ। ਇਹ ਫ਼ਿਲਮ ਪਹਿਲਾਂ ਦੇ ਹਿੱਸਿਆਂ ਦੀ ਕਹਾਣੀ ਨੂੰ ਜਾਰੀ ਨਹੀਂ ਰੱਖੇਗੀ, ਸਗੋਂ ਇਸ ਵਾਰ ਵੱਖ ਕਹਾਣੀ ਹੋਵੇਗੀ। ਇਸ ਵਿੱਚ ਧਰਮਿੰਦਰ, ਸੰਨੀ ਅਤੇ ਬੌਬੀ ਵੀ ਨਵੇਂ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਮੈਨੂੰ ਪਹਿਲੀ ਵਾਰ ਧਰਮਿੰਦਰ, ਸੰਨੀ ਅਤੇ ਬੌਬੀ ਦਿਓਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।
‘ਹੋ ਗਿਆ ਨਾ’ ਦੇ ਬਾਅਦ ਤੁਸੀਂ ਮੁੰਬਈ ਛੱਡਕੇ ਅਚਾਨਕ ਦੱਖਣ ਕਿਉਂ ਚਲੇ ਗਏ ਸੀ?
– ਮੈਂ ਮੁੰਬਈ ਵਿੱਚ ਪਲੀ ਤੇ ਵੱਡੀ ਹੋਈ ਹਾਂ। ਕਾਲਜ ਦੀ ਪੜ੍ਹਾਈ ਦੇ ਦੌਰਾਨ ਹੀ ਮੈਂ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸਤੋਂ ਬਾਅਦ ਮੈਨੂੰ ‘ਕਿਉਂ ਹੋ ਗਿਆ ਨਾ’ ਵਿੱਚ ਐਸ਼ਵਰਿਆ ਰਾਏ ਦੀ ਸਹੇਲੀ ਦਾ ਰੋਲ ਮਿਲਿਆ। ਮੈਂ ਇਸਨੂੰ ਕਰੀਅਰ ਦੀ ਚੰਗੀ ਸ਼ੁਰੂਆਤ ਮੰਨਿਆ, ਪਰ ਫ਼ਿਲਮ ਦੀ ਰਿਲੀਜ਼ ਦੇ ਬਾਅਦ ਜਦੋਂ ਮੈਨੂੰ ਭੈਣ ਜਾਂ ਸਹੇਲੀ ਦੇ ਕਿਰਦਾਰ ਹੀ ਪੇਸ਼ਕਸ਼ ਹੋਣ ਲੱਗੇ ਤਾਂ ਮੈਨੂੰ ਇਹ ਚੰਗਾ ਨਹੀਂ ਲੱਗਿਆ। ਮੈਂ ਫ਼ਿਰ ਮਾਡਲਿੰਗ ਵਿੱਚ ਰੁੱਝ ਗਈ। ਇਸ ਦੌਰਾਨ ਮੈਨੂੰ ਦੱਖਣ ਦੇ ਨਾਮੀ ਨਿਰਦੇਸ਼ਕ ਭਾਰਤੀ ਰਾਜਾ ਨੇ ਆਪਣੀ ਫ਼ਿਲਮ ‘ਭਾਰਤ ਮਾਤਾ’ ਵਿੱਚ ਹੀਰੋਇਨ ਦਾ ਕਿਰਦਾਰ ਦਿੱਤਾ। ਇਹ ਫ਼ਿਲਮ 2008 ਵਿੱਚ ਰਿਲੀਜ਼ ਹੋਈ, ਜਦੋਂ ਕਿ ਇਸਤੋਂ ਪਹਿਲਾਂ 2007 ਵਿੱਚ ਰਿਲੀਜ਼ ‘ਲਕਸ਼ਮੀ ਕਲਿਆਣਮ’ ਤੋਂ ਦੱਖਣ ਵਿੱਚ ਫ਼ਿਲਮੀ ਸਫ਼ਰ ਸ਼ੁਰੂ ਹੋ ਗਿਆ। ਹੁਣ ਤਕ ਮੈਂ ਦੋ ਦਰਜਨ ਤੋਂ ਜ਼ਿਆਦਾ ਤਮਿਲ – ਤੇਲਗੂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹਾਂ।
-ਦੱਖਣ ਦੀਆਂ ਫ਼ਿਲਮਾਂ ਵਿੱਚ ਸਟਾਰਡਮ ਪਾਉਣ ਵਿੱਚ ਤੁਹਾਨੂੰ ਕਿੰਨਾ ਸਮਾਂ ਲੱਗਾ ?
-ਉੱਥੇ ਮੈਂ ਪੰਜ ਸਾਲ ਵਿੱਚ ਦੋ ਦਰਜਨ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ। ਇਸ ਤੋਂ ਤੁਸੀਂ ਮੇਰੇ ਰੁਝੇਵਿਆਂ ਦਾ ਅੰਦਾਜ਼ਾ ਲਗਾ ਸਕਦੇ ਹੋ। ਫ਼ਿਲਮ ‘ਲਕਸ਼ਮੀ ਕਲਿਆਣਮ’ ਨੂੰ ਛੱਡ ਦਿਓ ਤਾਂ ਮੈਂ ਦੱਖਣ ਵਿੱਚ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ। ਹਰ ਸਾਲ ਦੋ – ਤਿੰਨ ਹਿੱਟ ਫ਼ਿਲਮਾਂ ਦਿੱਤੀਆਂ ਹਨ। ਸਾਫ਼ ਹੈ ਇਨ੍ਹਾਂ ਫ਼ਿਲਮਾਂ ਦੀ ਵਜ੍ਹਾ ਨਾਲ ਉੱਥੇ ਮੇਰੀ ਪੁਖ਼ਤਾ ਪਹਿਚਾਣ ਬਣੀ ਹੈ। ਮੈਨੂੰ ਉੱਥੇ ਕਈ ਐਵਾਰਡ ਵੀ ਮਿਲੇ ਹਨ। ਅੱਜ ਵੀ ਉੱਥੋਂ ਦੀਆਂ ਕਰੀਬ ਅੱਧਾ ਦਰਜਨ ਫ਼ਿਲਮਾਂ ਕਰ ਰਹੀ ਹਾਂ।
-ਕਿਹਾ ਜਾਂਦਾ ਹੈ ਕਿ ਬੌਲੀਵੁੱਡ ਦੇ ਹਿਸਾਬ ਨਾਲ ਨਾ ਢਲਣ ਦੇ ਕਾਰਨ ਹੀ ਤੁਹਾਡਾ ਕਰੀਅਰ ਰਫ਼ਤਾਰ ਨਹੀਂ ਫ਼ੜ ਰਿਹਾ ?
– ਵੇਖੋ, ਮੇਰੀਆਂ ਆਪਣੀਆਂ ਕੁਝ ਸੀਮਾਵਾਂ ਹਨ। ਦੱਖਣ ਵਿੱਚ ਮੈਂ ਕਿਸਮਤ ਵਾਲੀ ਰਹੀ ਕਿ ਮੈਨੂੰ ਕਿਸੇ ਨੇ ਨਜ਼ਦੀਕੀ ਦ੍ਰਿਸ਼ ਕਰਨ ਜਾਂ ਬਿਕਨੀ ਪਹਿਨਣ ਲਈ ਨਹੀਂ ਕਿਹਾ। ਇਸ ਲਈ ਬੌਲੀਵੁੱਡ ਦੀਆਂ ਫ਼ਿਲਮਾਂ ਵਿੱਚ ਵੀ ਮੇਰਾ ਕੁਝ ਵੀ ਅਜਿਹਾ ਕਰਨ ਦਾ ਇਰਾਦਾ ਨਹੀਂ ਹੈ। ਮੈਂ ਫ਼ਿਲਮ ‘ਸਿੰਘਮ’ ਵਿੱਚ ਵੀ ਅਜਿਹੇ ਦ੍ਰਿਸ਼ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਮੈਂ ਅਜਿਹੀਆਂ ਫ਼ਿਲਮਾਂ ਕਰਨਾ ਚਾਹਾਂਗੀ ਜੋ ਅਸੀਂ ਆਪਣੇ ਪੂਰੇ ਪਰਿਵਾਰ ਨਾਲ ਵੇਖ ਸਕੀਏ।
– ਤੁਸੀਂ ਫ਼ਿਲਮ ਚੁਣਦੇ ਸਮੇਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ?
– ਮੇਰਾ ਮੰਨਣਾ ਹੈ ਕਿ ਹਿੰਦੀ ਫ਼ਿਲਮਾਂ ਦੀ ਚੋਣ ਵਿੱਚ ਜ਼ਿਆਦਾ ਸਾਵਧਾਨੀ ਵਰਤਣ ਨਾਲ ਗੱਲ ਨਹੀਂ ਬਣ ਸਕਦੀ। ਇਸਦੇ ਬਾਵਜੂਦ ਮੈਂ ਇਸ ਗੱਲ ਦਾ ਖਿਆਲ ਰੱਖਦੀ ਹਾਂ ਕਿ ਫ਼ਿਲਮ ਵਿੱਚ ਮੇਰੇ ਲਈ ਕਿੰਨੀ ਥਾਂ ਹੈ ਅਤੇ ਉਸਦਾ ਵਿਸ਼ਾ ਕੀ ਹੈ। ਕਈ ਵਾਰ ਤਾਂ ਫ਼ਿਲਮ ਦੇ ਇੱਕ – ਦੋ ਦ੍ਰਿਸ਼ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਉਹ ਫ਼ਿਲਮ ਚੁਣ ਲੈਂਦੀ ਹਾਂ। ਮੇਰਾ ਇਹ ਖਿਆਲ ਹੈ ਕਿ ਜੇਕਰ ਕਿਰਦਾਰ ਵਿੱਚ ਦਮ ਹੈ ਤਾਂ ਤੁਸੀਂ ਕੁਝ ਦ੍ਰਿਸ਼ਾਂ ਵਿੱਚ ਹੀ ਆਪਣੀ ਸਾਰਥਿਕ ਹਾਜ਼ਰੀ ਦਰਜ ਕਰਾ ਸਕਦੇ ਹੋ।
-ਕੀ ਤੁਸੀਂ ਮੁੱਢ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੇ ਸੀ ?
– ਨਹੀਂ, ਮੈਂ ਪੱਤਰਕਾਰੀ ਦੀ ਪੜ੍ਹਾਈ ਕੀਤੀ ਹੈ ਅਤੇ ਬਚਪਨ ਤੋਂ ਹੀ ਮੈਂ ਟੀਵੀ ਪੱਤਰਕਾਰ ਬਣਨਾ ਚਾਹੁੰਦੀ ਸੀ, ਪਰ ਸਮੇਂ ਨੇ ਅਭਿਨੇਤਰੀ ਬਣਾ ਦਿੱਤਾ। ਹਾਲਾਂਕਿ, ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਐੱਮਬੀਏ ਦੀ ਪੜ੍ਹਾਈ ਕਰਨ ਦਾ ਮਨ ਵੀ ਬਣਾ ਰਹੀ ਸੀ, ਪਰ ਫ਼ਿਰ ਇੱਕ ਦਿਨ ਮੈਂ ‘ਕਿਉਂ ਹੋ ਗਿਆ ਨਾ’ ਦੇ ਔਡੀਸ਼ਨ ਬਾਰੇ ਦੋਸਤਾਂ ਤੋਂ ਸੁਣਿਆ ਅਤੇ ਕਿਸਮਤ ਆਜ਼ਮਾਉਣ ਲਈ ਔਡੀਸ਼ਨ ਦੇ ਦਿੱਤਾ ਅਤੇ ਉਸ ਫ਼ਿਲਮ ਲਈ ਮੇਰੀ ਚੋਣ ਹੋ ਗਈ ਅਤੇ ਅਦਾਕਾਰੀ ਵਿੱਚ ਹੀ ਕਰੀਅਰ ਬਣਾ ਲਿਆ।