ਨਵੀਂ ਦਿੱਲੀ ਂ ਭਾਰਤੀ ਕ੍ਰਿਕਟ ਦੇ ਦੋ ਸਾਬਕਾ ਖਿਡਾਰੀਆਂ, ਰਾਹੁਲ ਦ੍ਰਾਵਿੜ ਅਤੇ ਅਨਿਲ ਕੁੰਬਲੇ, ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਦੀ ਔਫ਼ਰ ਨੂੰ ਠੁੱਕਰਾ ਦਿੱਤਾ ਹੈ। ਬੀ.ਜੇ.ਪੀ.ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਨ੍ਹਾਂ ਦੋ ਕ੍ਰਿਕਟਰਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਨਾ ਚਾਹੁੰਦੀ ਸੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਇਨ੍ਹਾਂ ਖਿਡਾਰੀਆਂ ਕਾਰਨ ਭਾਜਪਾ ਨੂੰ ਵੋਟ ਪਾਉਣ। ਉਨ੍ਹਾਂ ਦੋਹਾਂ ਦਾ ਕਹਿਣਾ ਸੀ ਕਿ ਉਹ ਰਾਜਨੀਤੀ ਵਿੱਚ ਆਉਣਾ ਹੀ ਨਹੀਂ ਚਾਹੁੰਦੇ।12 ਮਈ ਨੂੰ ਹੋਣ ਵਾਲੀ ਵਿਧਾਨਸਭਾ ਚੋਣਾਂ ਲਈ ਦ੍ਰਾਵਿੜ ਅਤੇ ਕੁੰਬਲੇ ਨਾਲ ਬਹੁਤ ਗੱਲਬਾਤ ਕੀਤੀ ਗਈ ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ ਅਤੇ ਦੋਵਾਂ ਨੇ ਰਾਜਨੀਤੀ ‘ਚ ਜਾਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇੱਥੋਂ ਤਕ ਕਿ ਇੱਕ ਸਾਬਕਾ ਕ੍ਰਿਕਟਰ ਨੂੰ ਵਿਧਾਨਸਭਾ ਚੋਣ ਲੜਨ ਲਈ ਵੀ ਕਿਹਾ ਗਿਆ, ਪਰ ਉਸ ਨੇ ਇਸ ਲਈ ਵੀ ਮਨ੍ਹਾ ਕਰ ਦਿੱਤਾ। ਜਾਣਕਾਰੀ ਅਨੁਸਾਰ, ਦੋਹਾਂ ਖਿਡਾਰੀਆਂ ਵਲੋਂ ਮਨ੍ਹਾ ਕਰਨ ਦੇ ਬਾਵਜੂਦ ਬੀ.ਜੇ.ਪੀ.ਉਨ੍ਹਾਂ ਨੂੰ ਮਨਾਉਣ ਲਈ ਕੋਸ਼ਿਸ਼ ਜਾਰੀ ਰੱਖੇਗੀ।
ਜ਼ਿਕਰਯੋਗ ਹੈ ਕਿ ਕਰਨਾਟਕ ‘ਚ 12 ਮਈ ਨੂੰ ਵਿਧਾਨਸਭਾ ਲਈ ਵੋਟਾਂ ਪੈਣਗੀਆਂ। ਕਰਨਾਟਕ ‘ਚ ਇਸ ਸਮੇਂ ਕਾਂਗਰਸ ਦੀ ਸਰਕਾਰ ਹੈ ਅਤੇ ਬੀ.ਜੇ.ਪੀ.ਉੱਥੇ ਵਾਪਸੀ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਸ਼ਾਇਦ ਇਸੇ ਕਾਰਨ ਇਨ੍ਹਾਂ ਦੋਹਾਂ ਸਾਬਕਾ ਕ੍ਰਿਕਟਰਾਂ ਨਾਲ ਬੀ.ਜੇ.ਪੀ.ਨੇ ਸੰਪਰਕ ਕੀਤਾ।












