ਦੁਬਈ : ਦੁਬਈ ‘ਚ ਫਸੇ ਕਈ ਭਾਰਤੀ ਵਰਕਰਾਂ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। ਇਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹਨ ਅਤੇ ਖਰਚ ਦੇ ਪੈਸੇ ਵੀ ਖਤਮ ਹੋ ਚੁੱਕੇ ਹਨ। ਮਦਦ ਮੰੰਗਣ ਵਾਲਿਆਂ ‘ਚ ਤਾਮਿਲਨਾਡੂ ਦੇ 15 ਵਰਕਰ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਨਵੰਬਰ 2015 ਤੋਂ ਇਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਹੈ। ਇਨ੍ਹਾਂ ਦੇ ਠੇਕੇ, ਵੀਜ਼ਾ, ਲੇਬਰ ਕਾਰਡ ਅਤੇ ਰੈਜ਼ੀਡੈਂਟ ਆਈ. ਡੀ ਕਾਰਡ ਐਕਸਪਾਇਰ ਹੋ ਚੁੱਕੇ ਹਨ, ਪਰ ਸਪਾਂਸਰ ਇਨ੍ਹਾਂ ਨੂੰ ਰੀਨਿਊ ਨਹੀਂ ਕਰ ਰਿਹਾ ਹੈ ਅਤੇ ਬਿਨ੍ਹਾਂ ਪੇਮੈਂਟ ਤੋਂ ਕੰਮ ਕਰਵਾ ਰਿਹਾ ਹੈ। ਦੱਸਣਯੋਗ ਹੈ ਕਿ ਕੰਮ ਲਈ ਦੁਬਈ ਜਾਣ ਵਾਲੇ ਸਾਊਥ ਏਸ਼ੀਅਨ ਵਰਕਰਾਂ ਦੀ ਹਾਲਤ ਕਾਫੀ ਖਰਾਬ ਹੈ। ਇਹ ਖਰਾਬ ਹਾਲਾਤ ‘ਚ ਰਹਿੰਦੇ ਹਨ ਅਤੇ ਸਹੂਲਤਾਂ ਦੇ ਨਾਂ ‘ਤੇ ਇਨ੍ਹਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ।
ਕੁਝ ਅਜਿਹੇ ਹਨ ਹਾਲਾਤ…
* ਦੁਬਈ ਦੇ ਜਿਸ ਇਲਾਕੇ ‘ਚ ਜ਼ਿਆਦਾਤਰ ਭਾਰਤੀ ਅਤੇ ਸਾਊਥ ਏਸ਼ੀਅਨ ਵਰਕਰ ਰਹਿੰਦੇ ਹਨ, ਉਸ ਨੂੰ ‘ਸੋਨਾਪੁਰ’ ਕਹਿੰਦੇ ਹਨ।
* ਇੱਥੇ 150,000 ਤੋਂ ਜ਼ਿਆਦਾ ਵਰਕਰ ਰਹਿੰਦੇ ਹਨ, ਜਿਨ੍ਹਾਂ ‘ਚ ਜ਼ਿਆਦਾਤਰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਦੇ ਹਨ।
* ਦੁਬਈ ਪਹੁੰਚਦੇ ਹੀ ਇਨ੍ਹਾਂ ਦੇ ਪਾਸਪੋਰਟ ਲੈ ਲਏ ਜਾਂਦੇ ਹਨ ਅਤੇ ਏਅਰਪੋਰਟ ਤੋਂ ਸਿੱਧਾ ‘ਸੋਨਾਪੁਰ’ ਭੇਜ ਦਿੱਤਾ ਜਾਂਦਾ ਹੈ।
* ਇੱਥੇ 12 ਬਾਇ 12 ਫੁੱਟ ਦੇ ਕਮਰੇ ‘ਚ ਛੇ ਤੋਂ ਅੱਠ ਲੋਕ ਰਹਿੰਦੇ ਹਨ।
* ਵਰਕਰ ਦਿਨ ‘ਚ 14 ਘੰਟੇ ਤੱਕ ਕੰਮ ਕਰਦੇ ਹਨ। ਦੱਸਣਯੋਗ ਹੈ ਕਿ ਇੱਥੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।















