ਨਵੀਂ ਦਿੱਲੀ— ਦਿੱਲੀ ਅਤੇ ਐੱਨ.ਸੀ.ਆਰ. ’ਚ ਮੰਗਲਵਾਰ ਰਾਤ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਜਿਸ ਕਾਰਨ ਇਕ ਵਾਰ ਫਿਰ ਠੰਡ ਵਧ ਗਈ ਹੈ। ਸਵੇਰੇ ਕਰੀਬ 9 ਵਜੇ ਦਿੱਲੀ ਦਾ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਾਰਸ਼ ਕਾਰਨ ਦਿੱਲੀ-ਐੱਨ.ਸੀ.ਆਰ. ’ਚ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਇਆ ਹੈ ਪਰ ਹਾਲੇ ਵੀ ਇਹ 300 ਦੇ ਪੱਧਰ ਤੋਂ ਉੱਪਰ ਹੋ ਜੋ ਖਰਾਬ ਮੰਨਿਆ ਜਾਂਦਾ ਹੈ। ਪੱਛਮੀ ਗੜਬੜੀ ਕਾਰਨ ਮੰਗਲਵਾਰ ਨੂੰ ਪੂਰੀ ਦਿੱਲੀ ’ਚ ਬਾਰਸ਼ ਅਤੇ ਬੂੰਦਾਬਾਂਦੀ ਦੇਖਣ ਨੂੰ ਮਿਲੀ। ਰਾਤ ਨੂੰ ਬਾਰਸ਼ ਹੋਈ। ਅੱਜ ਯਾਨੀ ਬੁੱਧਵਾਰ ਸਵੇਰੇ ਵੀ ਦਿੱਲੀ ਦੇ ਕਈ ਇਲਾਕਿਆਂ ਤੋਂ ਇਲਾਵਾ ਨੋਇਡਾ ਅਤੇ ਗਾਜ਼ੀਆਬਾਦ ’ਚ ਬਾਰਸ਼ ਹੋਈ ਹੈ। ਕੁਝ ਥਾਂਵਾਂ ’ਤੇ ਗੜ੍ਹੇ ਪੈਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਮੌਸਮ ਵਿਭਾਗ ਅਨੁਸਾਰ 9 ਤੋਂ 11 ਜਨਵਰੀ ਤੱਕ ਦਿੱਲੀ ’ਚ ਸੀਤ ਲਹਿਰ ਦਾ ਪਰਲੋ ਦੇਖਣ ਨੂੰ ਮਿਲ ਸਕਦਾ ਹੈ।
ਟਰੇਨਾਂ ਦੀ ਰਫ਼ਤਾਰ ਘਟੀ
ਧੁੰਦ, ਠੰਡ ਅਤੇ ਬਾਰਸ਼ ਨੇ ਟਰੇਨਾਂ ਦੀ ਰਫ਼ਤਾਰ ਘੱਟ ਕਰ ਦਿੱਤੀ ਹੈ ਅਤੇ ਦਿੱਲੀ ਆਉਣ ਵਾਲੀਆਂ 16 ਟਰੇਨਾਂ ਇਕ ਤੋਂ 8 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਮਾਲਦਾ-ਨਵੀਂ ਦਿੱਲੀ ਫਰੱਕਾ ਐਕਸਪ੍ਰੈੱਸ 5.30 ਘੰਟੇ, ਪੁਰੀ-ਨਵੀਂ ਦਿੱਲੀ ਪੁਰੂਸ਼ੋਤਮ ਐਕਸਪ੍ਰੈੱਸ 3.30 ਘੰਟੇ, ਗਯਾ-ਨਵੀਂ ਦਿੱਲੀ ਪੁਰੂਸ਼ੋਤਮ ਐਕਸਪ੍ਰੈੱਸ 3.30 ਘੰਟੇ ਅਤੇ ਰਕਸੌਲ-ਆਨੰਦ ਵਿਹਾਰ ਸੱਤਿਆਗ੍ਰਹਿ ਐਕਸਪ੍ਰੈੱਸ 8 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਗੋਰਖਪੁਰ-ਆਨੰਦ ਵਿਹਾਰ ਹਮਸਫ਼ਰ ਐਕਸਪ੍ਰੈੱਸ ਇਕ ਘੰਟੇ, ਫੈਜ਼ਾਬਾਦ-ਦਿੱਲੀ ਐਕਸਪ੍ਰੈੱਸ ਤਿੰਨ ਘੰਟੇ, ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ ਤਿੰਨ ਘੰਟੇ ਅਤੇ ਮਊ-ਆਨੰਦ ਵਿਹਾਰ ਐਕਸਪ੍ਰੈੱਸ 4.30 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਰੇਲਵੇ ਸੂਤਰਾਂ ਅਨੁਸਾਰ ਫਿਲਹਾਲ ਮੌਸਮ ਨੂੰ ਦੇਖਦੇ ਹੋਏ ਟਰੇਨਾਂ ਦਾ ਦੇਰੀ ਨਾਲ ਚੱਲਣਾ ਜਾਰੀ ਰਹਿ ਸਕਦਾ ਹੈ।















