ਨਵੀਂ ਦਿੱਲੀ-ਦੇਸ਼ ਭਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਨੀਤੀ ਆਯੋਗ ਦਾ ਸਾਹਮਣੇ ਆਇਆ ਹੈ , ਜਿੱਥੇ ਇਕ ਅਧਿਕਾਰੀ ਕੋਰੋਨਾ ਪਾਜ਼ੇਟਿਵ ਮਿਲਿਆ ਹੈ। ਆਯੋਗ ਦੇ ਡਿਪਟੀ ਸਕੱਤਰ ਅਜਿਤ ਕੁਮਾਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਨੀਤੀ ਆਯੋਗ ਦਾ ਇਕ ਅਧਿਕਾਰੀ ਕੋਰੋਨਾ ਪਾਜ਼ੇਟਿਵ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਤਰ੍ਹਾਂ ਦੇ ਨਿਯਮ ਫਾਲੋ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ 2 ਦਿਨਾਂ ਲਈ ਬਿਲਡਿੰਗ ਸੀਲ ਕਰ ਦਿੱਤੀ ਗਈ ਹੈ। ਇਸ ਦੌਰਾਨ ਪੂਰੇ ਕੈਂਪਸ ਨੂੰ ਸੈਨੇਟਾਈਜ਼ਡ ਕੀਤਾ ਜਾਵੇਗਾ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਹੁਣ ਤੱਕ ਦੇਸ਼ ‘ਚ 29451 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ‘ਚ 21375 ਸਰਗਰਮ ਮਾਮਲੇ ਹਨ। ਇਸ ਦੇ ਨਾਲ ਹੀ 7137 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ ਜਦਕਿ 939 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਿੱਲੀ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3108 ਤੱਕ ਪਹੁੰਚ ਚੁੱਕੀ, ਜਦਕਿ ਮ੍ਰਿਤਕਾਂ ਦੀ ਗਿਣਤੀ 54 ਤੱਕ ਪਹੁੰਚ ਚੁੱਕੀ ਹੈ। ਦਿੱਲੀ ਦੇਸ਼ ‘ਚ ਕੋਰੋਨਾ ਇਨਫੈਕਟਡ ਮਾਮਲਿਆਂ ‘ਚ ਤੀਜੇ ਨੰਬਰ ‘ਤੇ ਹੈ।















