ਨਵੀਂ ਦਿੱਲੀ – ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਦੇ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇ ਮੀਲ ਦੇ ਮੈਨਿਊ ’ਚ ਜਲਦ ਬਦਲਾਅ ਕੀਤਾ ਜਾਵੇਗਾ। ਲੱਗਭਗ 1,500 ਐੱਮ. ਸੀ. ਡੀ. ਸਕੂਲਾਂ ’ਚ ਨਵੰਬਰ ਤੋਂ ਬੱਚਿਆਂ ਨੂੰ ਓਟਸ ਕੁਕੀਜ਼, ਫਲ, ਖੀਰ ਅਤੇ ਸਾਂਭਰ-ਚੌਲ ਵਰਗੇ ਵਿਅੰਜਨ ਵੀ ਦਿੱਤੇ ਜਾਣਗੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਨਿਗਮ ਆਪਣੇ ਲੱਗਭਗ 1,500 ਸਕੂਲਾਂ ’ਚ ਨਵੰਬਰ ਤੋਂ ਵੰਨ-ਸੁਵੰਨਤਾ ਵਾਲੀ ਅਤੇ ਪੌਸ਼ਟਿਕ ਵਿਅੰਜਨ ਸੂਚੀ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਦੀ ਰਸੋਈ ਸੰਚਾਲਿਤ ਕਰਨ ਵਾਲੀਆਂ ਨਵੀਆਂ ਏਜੰਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਰੋਜ਼ਾਨਾ ਦੇ ਸਾਧਾਰਨ ਭੋਜਨ ਨਾਲ ਘੱਟੋ-ਘੱਟ ਇਕ ‘ਵਿਸ਼ੇਸ਼’ ਵਿਅੰਜਨ ਜ਼ਰੂਰ ਜੋੜਨ, ਤਾਂ ਜੋ ਪੌਸ਼ਟਿਕ ਭੋਜਨ ਬੱਚਿਆਂ ਨੂੰ ਵੱਧ ਪਸੰਦ ਆਵੇ। ਇਸ ਦੇ ਤਹਿਤ ਫਲ ਅਤੇ ਖੀਰ ਤੋਂ ਇਲਾਵਾ ਓਟਸ ਕੇਕ ਅਤੇ ਬਿਸਕੁਟ ਵਰਗੇ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਐੱਮ. ਸੀ. ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਅਸੀਂ ਏਜੰਸੀਆਂ ਨੂੰ ਕੁਝ ਵਾਧੂ ਕਰਨ ਲਈ ਕਹਿ ਰਹੇ ਹਾਂ। ਰੋਜ਼ ਇੱਕੋ ਤਰ੍ਹਾਂ ਦਾ ਖਾਣਾ ਖਾਣ ਨਾਲ ਬੱਚੇ ਅੱਕ ਜਾਂਦੇ ਹਨ। ਜੇ ਉਨ੍ਹਾਂ ਹੀ ਸਮੱਗਰੀਆਂ ਤੋਂ ਬਿਸਕੁਟ ਵਰਗੀ ਕੋਈ ਚੀਜ਼ ਬਣਾਈ ਜਾਵੇ ਜਾਂ ਭੋਜਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇ, ਜੋ ਬੱਚਿਆਂ ਨੂੰ ਪਸੰਦ ਆਵੇ, ਤਾਂ ਉਹ ਉਸ ਨੂੰ ਵੱਧ ਚਾਅ ਨਾਲ ਖਾਣਗੇ।’’
ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਵਿਅੰਜਨ ਸੂਚੀ ’ਚ ਸਾਂਭਰ-ਚੌਲ ਨੂੰ ਸ਼ਾਮਲ ਕੀਤਾ ਜਾਵੇਗਾ, ਜਦਕਿ ਮੌਜੂਦਾ ਸਮੇਂ ’ਚ ਦਿੱਤੇ ਜਾਣ ਵਾਲੇ ਪੂਰੀ-ਆਲੂ, ਦਾਲ-ਚੌਲ ਅਤੇ ਛੋਲੇ-ਚੌਲ ਵਰਗੇ ਭੋਜਨ ਜਾਰੀ ਰਹਿਣਗੇ। ਇਸ ਤੋਂ ਇਲਾਵਾ ਏਜੰਸੀਆਂ ਨੂੰ ਭੋਜਨ ਦੀ ਤਿਆਰੀ ’ਚ ਵੀ ਵੰਨ-ਸੁਵੰਨਤਾ ਲਿਆਉਣ ਲਈ ਕਿਹਾ ਜਾਵੇਗਾ, ਜਿਸ ’ਚ ਹਫ਼ਤੇ ’ਚ 2 ਵਾਰ ਕਣਕ ਤੇ ਰਾਗੀ ਤੋਂ ਬਣਿਆ ਹਲਵਾ ਪਰੋਸਿਆ ਜਾਵੇਗਾ।















