ਦਿੱਲੀ ‘ਚ ਗਊ ਰੱਖਿਅਕਾਂ ਦੀ ਗੁੰਡਾਗਰਦੀ, 6 ਲੋਕਾਂ ਨੂੰ ਜੰਮ ਕੇ ਕੁੱਟਿਆ

ਨਵੀਂ ਦਿੱਲੀ— ਦਿੱਲੀ ‘ਚ ਇਕ ਵਾਰ ਫਿਰ ਗਊ ਰੱਖਿਅਕਾਂ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਗਊ ਰੱਖਿਅਕਾਂ ਨੇ ਮੱਝਾਂ ਲਿਜਾ ਰਹੇ ਕੁਝ ਲੋਕਾਂ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦਿੱਲੀ ਦੇ ਬਾਬਾ ਹਰਦਾਸ ਨਗਰ ਇਲਾਕੇ ਦੀ ਹੈ, ਜਿੱਥੇ ਸ਼ਨੀਵਾਰ ਸਵੇਰੇ ਕੁਝ ਲੋਕ 6 ਗੱਡੀਆਂ ‘ਚੋਂ 85 ਮੱਝਾਂ ਭਰ ਕੇ ਲਿਜਾ ਰਹੇ ਸਨ। ਉਦੋਂ ਕਥਿਤ ਗਊ ਰੱਖਿਅਕਾਂ ਨੇ ਸਾਰੀਆਂ ਗੱਡੀਆਂ ਨੂੰ ਰੁਕਵਾਇਆ ਅਤੇ ਗੱਡੀ ‘ਚ ਸਵਾਰ 6 ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਗੱਡੀਆਂ ‘ਚ ਭਰ ਕੇ ਲਿਜਾ ਰਹੀਆਂ ਸਾਰੀਆਂ ਮੱਝਾਂ ਨੂੰ ਆਜ਼ਾਦ ਕਰ ਦਿੱਤਾ। ਕੁੱਟਮਾਰ ‘ਚ ਅਲੀ ਜਾਨ ਨਾਮੀ ਇਕ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਬਾਕੀ ਜ਼ਖਮੀਆਂ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਫਿਲਹਾਲ ਮਾਮਲੇ ‘ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਦੇਸ਼ ‘ਚ ਗਊ ਰੱਖਿਅਕਾਂ ਦੀ ਵਧਦੀ ਗੁੰਡਾਗਰਦੀ ਦੇ ਕਈ ਮਾਮਲੇ ਦੇਖਣ ਨੂੰ ਮਿਲੇ ਹਨ, ਜਿੱਥੇ ਭੀੜ ‘ਚ ਮੌਜੂਦ ਕੁਝ ਲੋਕ ਖੁਦ ਹੀ ਇਨਸਾਫ ਕਰ ਰਹੇ ਹਨ। ਭਾਵੇਂ ਫਿਰ ਉਹ ਝਾਰਖੰਡ ਦਾ ਅਲੀਮੁਦੀਨ ਹੋਵੇ ਜਾਂ ਫਿਰ ਟਰੇਨ ‘ਚ ਮਾਰਿਆ ਗਿਆ ਜੁਨੈਦ। ਇਸ ਭੀੜ ਨੂੰ ਕਾਨੂੰਨ ਦਾ ਵੀ ਡਰ ਨਹੀਂ ਹੈ। ਹਾਲ ਹੀ ‘ਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਗੁਜਰਾਤ ਤੋਂ ਗਊ ਰੱਖਿਅਕਾਂ ਦੀ ਵਧਦੀ ਗੁੰਡਾਗਰਦੀ ‘ਤੇ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹੋਏ ਸਖਤ ਕਾਰਵਾਈ ਦੀ ਗੱਲ ਕਹੀ ਸੀ।