ਦਿਲਜੀਤ ਤੇ ਸ਼ਾਹਿਦ ਦੀ ਹੋਵੇਗੀ ਟੱਕਰ

ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਫ਼ਿਲਮ ‘ਚ ਸ਼ਾਹਿਦ ਨਾਲ ਸ਼੍ਰਧਾ ਕਪੂਰ ਅਤੇ ਯਾਮੀ ਗੌਤਮ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੀਆਂ। ਇਸ ਫ਼ਿਲਮ ਨੂੰ ਸ੍ਰੀ ਨਾਰਾਇਣ ਸਿੰਘ ਡਾਇਰੈਕਟ ਕਰ ਰਿਹਾ ਹੈ। ਫ਼ਿਲਮ ਦੀ ਕਹਾਣੀ ਬਿਜਲੀ ਕੋਨੈਕਸ਼ਨ, ਬਿਜਲੀ ਦੇ ਵੱਡੇ-ਵੱਡੇ ਬਿਲਾਂ ਅਤੇ ਭ੍ਰਿਸ਼ਟਾਚਾਰ ‘ਤੇ ਆਧਾਰਿਤ ਹੈ। ਫ਼ਿਲਮ ਦੀ ਸ਼ੂਟਿੰਗ ਉਤਰਾਖੰਡ ‘ਚ ਕੀਤੀ ਗਈ ਹੈ। ਫ਼ਿਲਮ ‘ਚ ਸ਼ਾਹਿਦ ਨੇ ਇੱਕ ਵਕੀਲ ਦਾ ਕਿਰਦਾਰ ਨਿਭਾਇਆ ਹੈ। ਜਾਣਕਾਰੀ ਮੁਤਾਬਿਕ, ਇਹ ਫ਼ਿਲਮ 14 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਇਹ ਫ਼ਿਲਮ 31 ਅਗਸਤ ਨੂੰ ਰਿਲੀਜ਼ ਹੋਣ ਵਾਲੀ ਸੀ। ਜੇ ਇਹ ਫ਼ਿਲਮ 31 ਅਗਸਤ ਨੂੰ ਰਿਲੀਜ਼ ਹੁੰਦੀ ਤਾਂ ਇਸ ਨੂੰ ਰਾਜਕੁਮਾਰ ਰਾਓ ਦੀ ਫ਼ਿਲਮ ਇਸਤਰੀ ਦਾ ਬੌਕਸ ਆਫ਼ਿਸ ‘ਤੇ ਸਾਹਮਣਾ ਕਰਨਾ ਪੈਣਾ ਸੀ, ਪਰ ਹੁਣ ਇਸ ਫ਼ਿਲਮ ਦੀ ਰਿਲੀਜ਼ ਤਰੀਕ ਅੱਗੇ ਵੱਧ ਗਈ ਹੈ। ਦੂਜੇ ਪਾਸੇ 14 ਸਤੰਬਰ ਨੂੰ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਅਰਜੁਨ ਪਟਿਆਲਾ ਅਤੇ ਕਾਜੋਲ ਦੀ ਹੈਲੀਕੌਪਟਰ ਈਲਾ ਵੀ ਰਿਲੀਜ਼ ਹੋਣ ਜਾ ਰਹੀਆਂ ਹਨ। ਹੁਣ ਵੇਖਣਾ ਇਹ ਹੈ ਕਿ ਦਰਸ਼ਕ ਕਿਸ ਫ਼ਿਲਮ ਨੂੰ ਜ਼ਿਆਦਾ ਪਿਆਰ ਦਿੰਦੇ ਹਨ। ਜੋ ਵੀ ਕਹੋ, ਪਰਦੇ ‘ਤੇ ਦਿਲਜੀਤ ਅਤੇ ਸ਼ਾਹਿਦ ਕਪੂਰ ਦੀ ਟੱਕਰ ਵੇਖਣ ਵਾਲੀ ਹੋਵੇਗੀ। ਬਾਕੀ ਇਹ ਤਾਂ ਸਮਾਂ ਹੀ ਦੱਸੇਗਾ ਕਿ ਸ਼ਾਹਿਦ ਕਪੂਰ ਨੂੰ ਦਿਲਜੀਤ ਦੋਸਾਂਝ ਕਿੰਨੀ ਕੁ ਟੱਕਰ ਦੇਣ ‘ਚ ਕਾਮਯਾਬ ਹੁੰਦਾ ਹੈ।