ਦਵਾਈ ਵਜੋਂ ਵੀ ਹੁੰਦੀ ਹੈ ਕਾਲੀ ਸਰ੍ਹੋਂ ਦੀ ਵਰਤੋਂ

ਕਾਲੀ ਸਰ੍ਹੋਂ ਦਾ ਬੀਜ ਕਾਲੇ ਰੰਗ ਦਾ ਅਤੇ ਫੁੱਲ ਪੀਲੇ ਰੰਗ ਦਾ ਹੁੰਦਾ ਹੈ। ਸਰ੍ਹੋਂ ਦੇ ਬੀਜ ਤੋਂ ਹੀ ਸਰ੍ਹੋਂ ਦਾ ਤੇਲ ਕੱਢਿਆ ਜਾਂਦਾ ਹੈ, ਜਿਸ ਦੀ ਵਰਤੋਂ ਭੋਜਨ ਬਣਾਉਣ ਅਤੇ ਔਸ਼ਧੀ ਦੇ ਤੌਰ ‘ਤੇ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ। ਕਾਲੀ ਸਰ੍ਹੋਂ ਦੇ ਬੀਜ ਦੀ ਭੋਜਨ ‘ਚ ਸਮੱਗਰੀ ਦੇ ਤੌਰ ‘ਤੇ ਵੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਸਰ੍ਹੋਂ ਦੀ ਆਮ ਤੌਰ ‘ਤੇ ਸਬਜ਼ੀ ਜਾਂ ਤੜਕੇ ਲਈ ਵੀ ਵਰਤੋਂ ਕੀਤੀ ਜਾਂਦੀ ਹੈ। ਇਸ ‘ਚ ਚੰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਦੇ ਨਾਲ-ਨਾਲ ਕਈ ਵੱਡੀਆਂ ਬੀਮਾਰੀਆਂ ਨੂੰ ਵੀ ਦੂਰ ਕਰਨ ‘ਚ ਮਦਦਗਾਰ ਸਾਬਿਤ ਹੋ ਸਕਦੇ ਹਨ।
ਕੈਂਸਰ ਤੋਂ ਬਚਾਅ ਕਰਨ ‘ਚ ਲਾਭਕਾਰੀ – ਸਰ੍ਹੋਂ ਦੇ ਬੀਜ ਗੁਲੋਕੋਸਾਈਨੋਲੈਟਸ ਅਤੇ ਮਾਈਰੋਸੀਨੇਸਜ਼ ਵਰਗੇ ਕੰਪਾਊਂਡਜ਼ ਪਾਏ ਜਾਂਦੇ ਹਨ ਜੋ ਸ਼ਰੀਰ ‘ਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਦੇ ਵਾਧੇ ਨੂੰ ਰੋਕਦੇ ਹਨ।
ਸਿਰਦਰਦ ਦੂਰ ਕਰਨ ‘ਚ ਮਦਦਗਾਰ – ਜੇਕਰ ਤੁਸੀਂ ਸਿਰਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਰ੍ਹੋਂ ਦੇ ਬੀਜ ਦੀ ਵਰਤੋਂ ਕਰ ਸਕਦੇ ਹੋ। ਸਰ੍ਹੋਂ ‘ਚ ਮੈਗਨੀਜ਼ੀਅਮ ਹੁੰਦਾ ਹੈ ਜੋ ਨਰਵਸ ਸਿਸਟਮ ਨੂੰ ਆਰਾਮ ਪਹੁੰਚਾਉਂਦਾ ਹੈ। ਇਸ ਦੀ ਵਰਤੋਂ ਨਾਲ ਸਿਰਦਰਦ ਘੱਟ ਹੁੰਦਾ ਹੈ ਅਤੇ ਸ਼ਰੀਰ ‘ਚ ਦਰਦ ਵੀ ਨਹੀਂ ਹੁੰਦਾ।
ਪਾਚਨ ਨੂੰ ਮਜ਼ਬੂਤ ਕਰੇ – ਸਰ੍ਹੋਂ ਦੇ ਬੀਜ ਤੁਹਾਡੇ ਪਾਚਨ ਤੰਤਰ ਲਈ ਵੀ ਚੰਗੇ ਮੰਨੇ ਜਾਂਦੇ ਹਨ। ਇਹ ਬੀਜ ਫ਼ਾਈਬਰ ਨਾਲ ਭਰੇ ਹੁੰਦੇ ਹਨ ਜੋ ਆਸਾਨ ਮਲ-ਤਿਆਗ ‘ਚ ਮਦਦ ਕਰਦੇ ਹਨ ਅਤੇ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ। ਆਯੂਰਵੇਦ ਅਨੁਸਾਰ ਕਾਲੀ ਸਰ੍ਹੋਂ ਦੇ ਬੀਜ ਸਲੇਨੀਅਮ ਨਾਲ ਭਰਪੂਰ ਹੁੰਦੇ ਹਨ ਜੋ ਪੇਟ ਦੀ ਕਬਜ਼ ਅਤੇ ਗੈਸ ਨਾਲ ਲੜਨ ‘ਚ ਮਦਦ ਕਰਦੇ ਹਨ।
ਦਿਲ ਦੇ ਰੋਗਾਂ ਤੋਂ ਬਚਾਅ – ਸਰ੍ਹੋਂ ਦਾ ਤੇਲ ਆਮ ਤੌਰ ‘ਤੇ ਤੁਹਾਡੇ ਕੋਲੈਸਟਰੋਲ ਦੇ ਪੱਧਰ ਨੂੰ ਮੈਨੇਜ ਕਰਦਾ ਹੈ ਅਤੇ ਖ਼ੂਨ ‘ਚ ਖ਼ਰਾਬ ਕੋਲੈਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ ਜੋ ਤੁਹਾਡੀ ਸਿਹਤ ਲਈ ਜ਼ਰੂਰੀ ਹੈ।
ਹੱਡੀਆਂ ਨੂੰ ਬਣਾਵੇ ਮਜ਼ਬੂਤ – ਸਰ੍ਹੋਂ ਦੇ ਬੀਜ ਤੁਹਾਡੀ ਹੱਡੀਆਂ ਲਈ ਵੀ ਚੰਗੇ ਹੁੰਦੇ ਹਨ ਕਿਉਂਕਿ ਸਲੇਨੀਅਮ ਖਣਿਜ ਨਾਲ ਭਰਪੂਰ ਹੁੰਦੇ ਹਨ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਇਸ ਲਈ ਚਮੜੀ ਦੇ ਨਾਲ-ਨਾਲ ਜੋੜਾਂ ਦੇ ਦਰਦ ‘ਚ ਵੀ ਸਰ੍ਹੋਂ ਲਾਭਕਾਰੀ ਹੈ।
ਸੂਰਜਵੰਸ਼ੀ