ਦਲਿਤਾਂ ਬਾਰੇ ਵਰਤੀ ਸ਼ਬਦਾਵਲੀ ਲਈ ਜਨਤਕ ਮੁਆਫ਼ੀ ਮੰਗੇ ਰਾਜਾ ਵੜਿੰਗ: ਆਰ. ਪੀ. ਸਿੰਘ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨਾਂ ਦੀ ਸਖ਼ਤ ਸ਼ਬਦਾਂ ਵਿਚ ਨਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਾ ਵੜਿੰਗ ਵੱਲੋਂ ਵਾਇਰਲ ਹੋਏ ਬਿਆਨ ਵਿਚ ਅਨੁਸੂਚਿਤ ਜਾਤੀ ਅਤੇ ਗਰੀਬ ਵੋਟਰਾਂ ਪ੍ਰਤੀ ਵਰਤੀ ਗਈ ਭਾਸ਼ਾ ਬੇਹੱਦ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਇਕ ਸਿਆਸੀ ਬਿਆਨ ਨਹੀਂ ਹੈ, ਸਗੋਂ ‘ਜਾਤੀਗਤ ਹੰਕਾਰ’ ਦਾ ਪ੍ਰਤੀਕ ਹੈ। ਆਰ.ਪੀ. ਸਿੰਘ ਨੇ ਪੁਰਾਣੇ ਹਵਾਲੇ ਦਿੰਦਿਆਂ ਕਿਹਾ ਕਿ ਵੜਿੰਗ ਵੱਲੋਂ ਪਹਿਲਾਂ ਵੀ ਦਲਿਤ ਭਾਈਚਾਰੇ ਦੇ ਸਤਿਕਾਰਤ ਆਗੂਆਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ, ਜੋ ਕਾਂਗਰਸ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦੀਆਂ ਹਨ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਚੁੱਪ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਆਗੂ ਸਮਾਜਿਕ ਨਿਆਂ ਦੀ ਗੱਲ ਕਰਦੇ ਹਨ, ਉਹ ਇਸ ਮਾਮਲੇ ‘ਤੇ ਚੁੱਪ ਕਿਉਂ ਹਨ? ਉਨ੍ਹਾਂ ਪੁੱਛਿਆ ਕਿ ਕੀ ਰਾਜਾ ਵੜਿੰਗ ਨੂੰ ਕਾਂਗਰਸ ਵਿਚੋਂ ਬਾਹਰ ਕੱਢਿਆ ਜਾਵੇਗਾ? ਆਰ.ਪੀ. ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਦਲਿਤ ਸਮਾਜ ਕੇਵਲ ਇਕ ‘ਵੋਟ ਬੈਂਕ’ ਨਹੀਂ ਹੈ, ਸਗੋਂ ਦੇਸ਼ ਅਤੇ ਸੂਬੇ ਦੀ ਤਰੱਕੀ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲਾ ਇਕ ਗੌਰਵਸ਼ਾਲੀ ਸਮਾਜ ਹੈ। ਉਨ੍ਹਾਂ ਮੰਗ ਕੀਤੀ ਕਿ ਰਾਜਾ ਵੜਿੰਗ ਨੂੰ ਆਪਣੇ ਇਸ ਵਤੀਰੇ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।