ਡਾ. ਵਿਕਾਸ ਸਿੰਘਲ
ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਵਿੱਚ ਅਸੀਂ ਵਾਤਾਵਰਨ ਵਿੱਚ ਫ਼ੈਲ ਰਹੇ ਪ੍ਰਦੂਸ਼ਣ ਦਾ ਰੋਜ਼ ਸਾਹਮਣਾ ਕਰਦੇ ਹਾਂ। ਨੌਕਰੀ ਪੇਸ਼ੇ ਦੌਰਾਨ ਕੰਮ ਦੇ ਵਧਦੇ ਦਬਾਅ ਅਤੇ ਤਨਾਅ ਕਾਰਨ ਅੱਜ ਮਨੁੱਖ ਜਿੱਥੇ ਸਮਾਜਿਕ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉਥੇ ਉਹ ਮਾਨਸਿਕ ਤੌਰ ‘ਤੇ ਵੀ ਕਮਜ਼ੋਰ ਹੁੰਦਾ ਜਾ ਰਿਹਾ ਹੈ। ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਨੇ ਸਾਡੀ ਜੀਵਨ ਸ਼ੈਲੀ ਬਿਲਕੁਲ ਬਦਲ ਦਿੱਤੀ ਹੈ। ਅੱਜ ਸਾਡੇ ਕੋਲ ਸਮੇਂ ਦੀ ਘਾਟ ਹੋ ਗਈ ਹੈ। ਅਸੀਂ ਹਰ ਕੰਮ ਮਸ਼ੀਨਾਂ ਰਾਹੀਂ ਕਰਦੇ ਹਾਂ ਜਿਸ ਨਾਲ ਸਾਡੇ ਸ਼ਰੀਰ ਦੀ ਕਿਸੇ ਵੀ ਕਿਸਮ ਦੀ ਕਸਰਤ ਨਹੀਂ ਹੁੰਦੀ। ਬਾਹਰ ਆਉਣ ਜਾਣ ਲਈ ਅਸੀਂ ਸਕੂਟਰ ਮੋਟਰਸਾਈਕਲ, ਕਾਰਾਂ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਦੇ ਹਾਂ। ਸਾਡਾ ਪੈਦਲ ਤੁਰਨਾ ਫ਼ਿਰਨਾ ਬਿਲਕੁਲ ਖ਼ਤਮ ਹੋ ਗਿਆ ਹੈ। ਇਸੇ ਤਰ੍ਹਾਂ ਸਾਡਾ ਖਾਣਾ ਪੀਣਾ ਵੀ ਬਿਲਕੁਲ ਬਦਲ ਚੁੱਕਿਆ ਹੈ। ਅਸੀਂ ਹਰ ਰੋਜ਼ ਫ਼ਾਸਟ ਫ਼ੂਡ, ਤਲੀਆਂ ਚੀਜ਼ਾਂ ਅਤੇ ਕੋਲਡ ਡਰਿੰਕਸ ਦਾ ਅੰਨ੍ਹੇਵਾਹ ਸੇਵਨ ਕਰਦੇ ਹਾਂ ਅਤੇ ਆਪਣੇ ਰਿਵਾਇਤੀ ਭੋਜਨ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਨ੍ਹਾਂ ਖਾਣਿਆਂ ਨਾਲ ਅਸੀਂ ਆਪਣੀ ਭੁੱਖ ਜ਼ਰੂਰ ਮਿਟਾ ਸਕਦੇ ਹਾਂ ਤੇ ਜੀਭ ਦਾ ਸੁਆਦ ਮਾਣ ਸਕਦੇ ਹਾਂ ਪਰ ਇਨ੍ਹਾਂ ਖਾਣਿਆਂ ਦਾ ਲਗਾਤਾਰ ਸੇਵਨ ਸਾਨੂੰ ਬਿਮਾਰੀਆਂ ਦੇ ਘਰ ਵੱਲ ਧੱਕ ਦਿੰਦਾ ਹੈ। ਇਨ੍ਹਾਂ ਦੀ ਲਗਾਤਾਰ ਵਰਤੋਂ ਨਾਲ ਸਾਡੇ ਸ਼ਰੀਰ ਵਿੱਚ ਲੋੜੀਂਦੇ ਤੱਤਾਂ ਦੀ ਘਾਟ ਹੋ ਜਾਂਦੀ ਹੈ ਜੋ ਕਿ ਹੌਲੀ ਹੌਲੀ ਸਾਨੂੰ ਬਿਮਾਰੀਆਂ ਵੱਲ ਧੱਕ ਦਿੰਦੀ ਹੈ। ਇਸ ਤੋਂ ਸਾਨੂੰ ਬਲੱਡ ਪ੍ਰੈਸ਼ਰ, ਮੋਟਾਪਾ, ਸ਼ੂਗਰ, ਕੈਂਸਰ, ਥੌਇਰੌਇਡ, ਐਲਰਜੀ, ਡਿਪਰੈਸ਼ਨ, ਮਾਈਗਰੇਨ, ਦਮਾ, ਦਿਲ ਦੀਆਂ ਬਿਮਾਰੀਆਂ ਅਤੇ ਬਵਾਸੀਰ ਜਿਹੀਆਂ ਨਾਮੁਰਾਦ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਂਦੀਆਂ ਹਨ। ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ ਭਾਵੇਂ ਐਲੋਪੈਥੀ ਵਿੱਚ ਨਹੀਂ, ਪਰ ਆਯੁਰਵੈਦਿਕ ਪ੍ਰਣਾਲੀ ਵਿੱਚ ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ ਸੰਭਵ ਹੈ, ਬਸ਼ਰਤੇ ਕਿ ਅਸੀਂ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਰੀਰ ਲਈ ਲੋੜੀਂਦੇ ਤੇ ਜ਼ਰੂਰੀ ਤੱਤ ਨਿਯਮਤ ਰੂਪ ਵਿੱਚ ਸ਼ਾਮਿਲ ਕਰੀਏ। ਇਹ ਪੌਸ਼ਟਿਕ ਤੱਤ ਜਿਵੇਂ ਕਿ ਵਾਇਟਾਮਿਨ, ਖਣਿਜ ਪਦਾਰਥ (ਜਿਵੇਂ ਕਿ ਆਇਰਨ, ਜ਼ਿੰਕ, ਸਿਲੀਨੀਅਮ) ਐਮੀਨੋ ਐਸਿਡ, ਲੋੜੀਂਦਾ ਫ਼ੈਟੀ ਐਸਿਡ ਅਤੇ ਫ਼ਾਇਟੋ ਨਿਊਟਰੀਅਨਜ਼ ਹਨ। ਇਹ ਸਾਡੀ ਰੋਜ਼ਾਨਾ ਦੀ ਖ਼ੁਰਾਕ ਵਿੱਚ ਸ਼ਾਮਿਲ ਹੋਣੇ ਬਹੁਤ ਜ਼ਰੂਰੀ ਹਨ। ਇਨ੍ਹਾਂ ਨੂੰ ਅਸੀਂ ਵੱਖ-ਵੱਖ ਚੀਜ਼ਾਂ ਵਿੱਚੋਂ ਲੈਂਦੇ ਹਾਂ। ਇਨ੍ਹਾਂ ਸਾਰੇ ਤੱਤਾਂ ਵਿੱਚੋਂ ਸ਼ਾਇਦ ਤੁਸੀਂ ਫ਼ਾਇਟੋ ਨਿਊਟਰੀਅਨਜ਼ ਬਾਰੇ ਜ਼ਿਆਦਾ ਨਹੀਂ ਸੁਣਿਆ ਹੋਵੇਗਾ। ਇਹ ਨਿਊਟਰੀਅਨਜ਼ ਇੱਕ ਤਰ੍ਹਾਂ ਦੇ ਜ਼ਿੰਦਾ ਤੱਤ ਹੁੰਦੇ ਹਨ। ਇਨ੍ਹਾਂ ਤੱਤਾਂ ਦੀ ਬਦੌਲਤ ਹੀ ਪੇੜ ਪੌਦੇ ਸਰਦੀ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਆਪਣੀ ਸੁਰੱਖਿਆ ਕਰਦੇ ਹਨ। ਇਹ ਜ਼ਿੰਦਾ ਤੱਤ ਮਨੁੱਖ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਕਰਦੇ ਹਨ ਅਤੇ ਬਿਮਾਰੀਆਂ ਤੋਂ ਲੜਨ ਦੀ ਤਾਕਤ ਦਿੰਦੇ ਹਨ। ਮੈਂ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਨਿਊਟਰੀਅਨਜ਼ ਬਾਰੇ ਦੱਸਦਾ ਹਾਂ।
ਅੱਜ ਤੋਂ 30-40 ਸਾਲ ਪਹਿਲਾਂ ਅਸੀਂ ਤਾਜ਼ੇ ਫ਼ਲ ਅਤੇ ਸਬਜ਼ੀਆਂ ਖਾਂਦੇ ਸਾਂ। ਇਨ੍ਹਾਂ ਨੂੰ ਤੋੜਨ ਤੋਂ 8-12 ਘੰਟੇ ਦੇ ਅੰਦਰ ਅੰਦਰ ਖਾ ਲੈਂਦੇ ਸਾਂ। ਇਸ ਤਰ੍ਹਾਂ ਇਨ੍ਹਾਂ ਵਿਚਲੇ ਜ਼ਿੰਦਾ ਤੱਤ ਸਾਨੂੰ ਖਾਣੇ ਵਿੱਚ ਮਿਲ ਜਾਂਦੇ ਸਨ, ਪਰ ਅੱਜਕੱਲ੍ਹ ਸਭ ਕੁੱਝ ਇਸ ਦੇ ਉਲਟ ਹੋ ਰਿਹਾ ਹੈ। ਅਸੀਂ ਹਰ ਚੀਜ਼ ਸਟੋਰ ਕੀਤੀ ਖਾਂਦੇ ਹਾਂ। ਜੇ ਤਾਜ਼ੀ ਲੈ ਕੇ ਵੀ ਆਉਂਦੇ ਹਾਂ ਤਾਂ ਉਸ ਨੂੰ ਆਪਣੇ ਫ਼ਰਿੱਜ ਵਿੱਚ ਰੱਖ ਕੇ ਬਾਸੀ ਕਰ ਲੈਂਦੇ ਹਾਂ। ਜਿਹੜੇ ਫ਼ਲ ਫ਼ਰੂਟ ਅਸੀਂ ਬਜ਼ਾਰ ਤੋਂ ਲਿਆ ਕੇ ਖਾਂਦੇ ਹਾਂ, ਉਹ ਕਈ ਦਿਨ ਤੋਂ ਬਾਅਦ ਸਾਡੇ ਤਕ ਪਹੁੰਚਦੇ ਹਨ ਅਤੇ ਸਾਨੂੰ ਜਿੰਦਾ ਤੱਤਾਂ ਤੋਂ ਵਾਂਝੇ ਹੀ ਰਹਿਣਾ ਪੈਂਦਾ ਹੈ। ਇਸੇ ਕਰ ਕੇ ਅੱਜ ਸਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਬਹੁਤ ਘੱਟ ਹੈ। ਦੂਜਾ ਪੈਸਟੀਸਾਈਡ ਦੀ ਅੰਨ੍ਹੇਵਾਹ ਵਰਤੋਂ ਨੇ ਫ਼ਲਾਂ ਅਤੇ ਸਬਜ਼ੀਆਂ ਦਾ ਹੁਲੀਆ ਹੀ ਵਿਗਾੜ ਦਿੱਤਾ ਹੈ। ਇਸੇ ਕਰ ਕੇ ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਲਗਾਤਾਰ ਲੋਕਾਂ ਨੂੰ ਆਪਣੀ ਜਕੜ ਵਿੱਚ ਲੈ ਰਹੀਆਂ ਹਨ।
ਸਾਇੰਸਦਾਨਾਂ ਨੇ 100 ਸਾਲਾਂ ਦੀ ਖੋਜ ਤੋਂ ਬਾਅਦ ਇਹ ਪਤਾ ਲਗਾਇਆ ਹੈ ਕਿ ਫ਼ਲ, ਸਬਜ਼ੀਆਂ ਨੂੰ ਪੌਦੇ ਤੋਂ ਤੋੜਨ ਤੋਂ ਬਾਅਦ 8 ਤੋਂ 12 ਘੰਟਿਆਂ ਦੇ ਵਿੱਚ ਵਿੱਚ ਜੇਕਰ ਵਰਤਿਆ ਨਹੀਂ ਜਾਂਦਾ ਤਾਂ ਇਸ ਵਿਚਲੇ ਪੌਸ਼ਟਿਕ ਅਤੇ ਐਂਟੀ ਔਕਸੀਡੈਂਟਸ ਤੱਤ ਖ਼ਤਮ ਹੋ ਜਾਂਦੇ ਹਨ ਅਤੇ ਸ਼ਰੀਰ ਵਿੱਚ ਇਨ੍ਹਾਂ ਦੀ ਘਾਟ ਹੋਣ ਕਰ ਕੇ ਸਰੀਰ ਬਿਮਾਰੀਆਂ ਦਾ ਘਰ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਫ਼ਿਰ ਅਸੀਂ ਡਾਕਟਰਾਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਅਗਰ ਅਸੀਂ ਤੰਦਰੁਸਤ ਰਹਿਣਾ ਹੈ ਤਾਂ ਸਾਨੂੰ ਆਪਣੇ ਸ਼ਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਖਾਣਾ ਖਾਣਾ ਚਾਹੀਦਾ ਹੈ। ਤੰਦਰੁਸਤ ਰਹਿਣ ਲਈ ਇਸ ਤੋਂ ਇਲਾਵਾ ਸਾਨੂੰ ਹੇਠ ਲਿਖੇ ਨੁਕਤਿਆਂ ‘ਤੇ ਵੀ ਅਮਲ ਕਰਨਾ ਚਾਹੀਦਾ ਹੈ।
ਸਾਨੂੰ ਘੱਟੋ ਘੱਟ ਪੰਜ ਤਾਜ਼ੇ ਫ਼ਲ (ਅਲੱਗ ਅਲੱਗ ਰੰਗਾਂ ਦੇ) ਅਤੇ ਪੰਜ ਤਾਜ਼ੀਆਂ ਸਬਜ਼ੀਆਂ ਦਾ ਨਿਯਮਿਤ ਰੂਪ ਵਿੱਚ ਸੇਵਨ ਕਰਨਾ ਚਾਹੀਦਾ ਹੈ। ਸਾਨੂੰ ਹਰ ਰੋਜ਼ 40-45 ਮਿੰਟ ਦੀ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ। ਸਾਨੂੰ ਹਰ ਰੋਜ਼ 7-8 ਘੰਟੇ ਦੀ ਚਿੰਤਾ ਮੁਕਮ ਗੂੜ੍ਹੀ ਨੀਂਦ ਲੈਣੀ ਚਾਹੀਦੀ ਹੈ। ਸਾਡੀ ਸੋਚ ਆਪਣੇ ਬਾਰੇ ਅਤੇ ਦੂਜਿਆਂ ਦੇ ਬਾਰੇ ਵਧੀਆ ਹੋਣੀ ਚਾਹੀਦੀ ਹੈ।
—










