ਤੇਂਦੁਲਕਰ ਨੇ ਮੌਜੂਦਾ ਭਾਰਤੀ ਗੇਂਦਬਾਜ਼ੀ ਹਮਲਾਵਰਤਾ ਨੂੰ ਸੰਪੂਰਨ ਕਰਾਰ ਦਿੱਤਾ

ਮੁੰਬਈ – ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਭਾਰਤੀ ਕ੍ਰਿਕਟ ਦੀ ਹਮਲਾਵਰਤਾ ਇਸ ਦੌਰ ‘ਚ ਸੰਪੂਰਨ ਹੈ, ਪਰ ਇਸ ਦੀ ਤੁਲਨਾ 2003 ਅਤੇ 2011 ਦੇ ਗੇਂਦਬਾਜ਼ਾਂ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗੇਂਦਬਾਜ਼ਾਂ ਦੀ ਤੁਲਨਾ ਇਸੇ ਦੌਰ ਦੇ ਗੇਂਦਬਾਜ਼ਾਂ ਨਾਲ ਹੋਣੀ ਚਾਹੀਦੀ ਹੈ। 1992 ਅਤੇ 2011 ਵਿਚਾਲੇ ਛੇ ਵਰਲਡ ਕੱਪ ਖੇਡ ਚੁੱਕੇ ਤੇਂਦੁਲਕਰ ਨੇ ਕਪਿਲ ਦੇਵ, ਜਵਾਗਲ ਸ਼੍ਰੀਨਾਥ ਅਤੇ ਜ਼ਹੀਰ ਖ਼ਾਨ ਦੀ ਅਗਵਾਈ ਵਾਲੇ ਤੇਜ਼ ਹਮਲੇ ਨੂੰ ਕਰੀਬ ਨਾਲ ਦੇਖਿਆ ਹੈ। ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਦੌਰ ਦੇ ਖਿਡਾਰੀਆਂ ਦੀ ਤੁਲਨਾ ਕਰਨਾ ਅਰਥਹੀਨ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ”ਮੈਨੂੰ ਦੋ ਵੱਖ-ਵੱਖ ਦੌਰ ਦੇ ਖਿਡਾਰੀਆਂ ਦੀ ਤੁਲਨਾ ਪਸੰਦ ਨਹੀਂ ਜਦੋਂ ਖੇਡਣ ਦੇ ਨਿਯਮ ਅਲੱਗ ਸਨ ਅਤੇ ਪਿੱਚਾਂ ਵੀ ਅਜਿਹੀਆਂ ਨਹੀਂ ਸਨ।” ਉਨ੍ਹਾਂ ਕਿਹਾ, ”ਹੁਣ ਦੋ ਨਵੀਆਂ ਗੇਂਦਾਂ ਹੁੰਦੀਆਂ ਹਨ ਅਤੇ ਫ਼ੀਲਡਿੰਗ ਦੀਆਂ ਪਾਬੰਦੀਆਂ ਵੀ ਹਨ, ਭਾਵ 11ਵੇਂ ਤੋਂ 40ਵੇਂ ਓਵਰਾਂ ਵਿਚਾਲੇ 30 ਗਜ਼ ਦੇ ਬਾਹਰ ਚਾਰ ਫ਼ੀਲਡਰ ਅਤੇ ਅਤੇ ਆਖ਼ਰੀ 10 ਓਵਰਾਂ ‘ਚ ਪੰਜ ਹੁੰਦੇ ਹਨ। ਇਸ ਦਾ ਮਤਲਬ ਹੈ ਕਿ 100 ਮੀਟਰ ਦੇ ਦੌੜਾਕ ਹੁਣ ਨਵੇਂ ਨਿਯਮਾਂ ਤਹਿਤ 90 ਮੀਟਰ ਜਾਂ 80 ਮੀਟਰ ਦੌੜ ਰਹੇ ਹਨ।” ਤੇਂਦੁਲਕਰ ਨੇ ਅੱਗੇ ਕਿਹਾ, ”ਗੇਂਦਬਾਜ਼ਾਂ ਲਈ ਵੀ ਮੁਸ਼ਕਿਲ ਹੈ ਕਿਉਂਕਿ ਰੀਵਰਸ ਸਵਿੰਗ ਨਹੀਂ ਮਿਲਦੀ। ਜੇਕਰ ਤੁਸੀਂ ਮੌਜੂਦਾ ਭਾਰਤੀ ਹਮਲਾਵਰਤਾ ਦੀ ਤੁਲਨਾ ਕਰਨਾ ਚਾਹੁੰਦੇ ਹੋ ਤਾਂ ਇਸ ਪੀੜ੍ਹੀ ਦੇ ਗੇਂਦਬਾਜ਼ਾਂ ਨਾਲ ਹੀ ਕਰੋ। ਇਸ ਦੌਰ ‘ਚ ਇਹ ਬਹੁਤ ਚੰਗੀ ਹਮਲਾਵਰਤਾ ਹੈ।”
ਤੇਂਦੁਲਕਰ ਨੇ ਕਿਹਾ, ”ਮੈਂ 2003 ਅਤੇ 2011 ਵਰਲਡ ਕੱਪ ‘ਚ ਆਪਣੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਾਂਗਾ। 2003 ‘ਚ ਸ਼੍ਰੀਨਾਥ, ਜ਼ਹੀਰ, ਨਹਿਰਾ ਅਤੇ ਹਰਭਜਨ ਸਨ ਜੋ ਸਾਨੂੰ ਫ਼ਾਈਨਲ ਤਕ ਲੈ ਗਏ ਜਦਕਿ 2011 ‘ਚ ਜ਼ਹੀਰ, ਨਹਿਰਾ, ਹਰਭਜਨ ਅਤੇ ਮੁਨਾਫ਼ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।” ਤੇਂਦੁਲਕਰ ਨੇ ਕਿਹਾ, ”ਮੌਜੂਦਾ ਹਮਲਾਵਰਤਾ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਇਸ ਦੌਰ ਦੀ ਮੁਕੰਮਲ ਹਮਲਾਵਰਤਾ ਹੈ। ਬੁਮਰਾਹ ਇਸ ਫ਼ੌਰਮੈਟ ‘ਚ ਦੁਨੀਆ ਦਾ ਨੰਬਰ ਇੱਕ ਗੇਂਦਬਾਜ਼ ਹੈ ਅਤੇ ਹਮੇਸ਼ਾ ਵਿਕਟ ਲੈਂਦਾ ਹੈ।” ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਕਲਾਈ ਦੇ ਸਪਿਨਰ ਕੁਲਦੀਪ ਅਤੇ ਚਾਹਲ ਵੀ ਵਿਚਕਾਰਲੇ ਓਵਰਾਂ ‘ਚ ਮਿਲ ਕੇ ਚੰਗੀ ਗੇਂਦਬਾਜ਼ੀ ਕਰ ਰਹੇ ਹਨ।