ਤਾਮਿਲਨਾਡੂ ‘ਚ ਵਾਪਰਿਆ ਭਿਆਨਕ ਹਾਦਸਾ, 2 ਬੱਸਾਂ ਦੀ ਆਹਮੋ-ਸਾਹਮਣੀ ਟੱਕਰ ‘ਚ 5 ਲੋਕਾਂ ਦੀ ਮੌਤ, 60 ਜ਼ਖ਼ਮੀ

ਨੈਸ਼ਨਲ ਡੈਸਕ: ਤਾਮਿਲਨਾਡੂ ‘ਚ ਚੇਨਈ-ਬੰਗਲੁਰੂ ਕੌਮੀ ਰਾਜਮਾਰਗ ‘ਤੇ ਸ਼ਨੀਵਾਰ ਤੜਕੇ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਅਤੇ ਓਮਨੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 60 ਹੋਰ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਟੱਕਰ ‘ਚ ਦੋਵਾਂ ਵਾਹਨਾਂ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਰੀਬ 10 ਐਂਬੂਲੈਂਸਾਂ ਵਿਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਅਧਿਕਾਰੀ ਮੁਤਾਬਕ ਵਨਿਯਾਮਬਾੜੀ ਨੇੜੇ ਚੇੱਟੀਆਪਨੂਰ ਵਿਖੇ ਬੇਂਗਲੁਰੂ ਤੋਂ ਚੇਨਈ ਜਾ ਰਹੀ ਸਟੇਟ ਐਕਸਪ੍ਰੈਸ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਚੇਨਈ ਤੋਂ ਬੈਂਗਲੁਰੂ ਜਾ ਰਹੀ ਓਮਨੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਡੂਵਨਚਰੀ ਦੀ ਰਿਤਿਕਾ (32), ਵਾਨਿਆਮਬਦੀ ਦੇ ਮੁਹੰਮਦ ਫਿਰੋਜ਼ (37), ਐਸਈਟੀਸੀ ਬੱਸ ਦੇ ਡਰਾਈਵਰ ਕੇ ਐਲੂਮਲਾਈ (47) ਅਤੇ ਚਿਤੂਰ ਦੇ ਬੀ. ਅਜੀਤ (25) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਓਮਨੀ ਬੱਸ ਦੇ ਡਰਾਈਵਰ ਐੱਨ. ਸਈਦ ਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ, ”ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। SETC ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਓਮਨੀ ਬੱਸ ਨਾਲ ਟਕਰਾ ਗਈ, ਜਿਸ ਨਾਲ ਦੋਵਾਂ ਵਾਹਨਾਂ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤਿਰੂਪੱਤੂਰ ਜ਼ਿਲ੍ਹੇ ਦੇ ਵਨਿਯਾਮਬਾੜੀ ਸਰਕਾਰੀ ਹਸਪਤਾਲ ਅਤੇ ਵੇਲੋਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।