ਤਰਨਤਾਰਨ ਜ਼ਿਮਨੀ ਚੋਣ: 11 ਵਜੇ ਤੱਕ 23.05 ਫੀਸਦੀ ਹੋਈ ਵੋਟਿੰਗ

ਤਰਨਤਾਰਨ – ਵਿਧਾਨ ਸਭਾ ਹਲਕਾ 021-ਤਰਨ ਤਾਰਨ ‘ਚ ਅੱਜ ਸਵੇਰੇ 7 ਵਜੇ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦਰਅਸਲ ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਦੇ ਬਾਅਦ ਖਾਲੀ ਹੋਈ ਸੀ।15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1.92 ਲੱਖ ਵੋਟਰ ਕਰਨਗੇ ।
9 ਵਜੇ ਤੱਕ 11 ਫੀਸਦੀ ਵੋਟਿੰਗ ਹੋਈ
11 ਵਜੇ ਤੱਕ 23.05 ਫੀਸਦੀ ਵੋਟਿੰਗ ਹੋਈ
ਦੱਸ ਦੇਈਏ ਕਿ ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ। ਜ਼ਿਮਨੀ ਚੋਣ ‘ਚ ਕੁੱਲ 15 ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ‘ਚੋਂ ਚਾਰ ਰਿਵਾਇਤੀ ਪਾਰਟੀਆਂ ਦੇ ਹਨ, ਦੋ ਰਜਿਸਟਰਡ ਪਾਰਟੀਆਂ ਹਨ ਅਤੇ 9 ਆਜ਼ਾਦ ਉਮੀਦਵਾਰ ਹਨ।
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ
ਤਰਨਤਾਰਨ ਸੀਟ ‘ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਵਿਚ ਹੈ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ (ਆਜ਼ਾਰ ਉਮੀਦਵਾਰ )ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਵਿਚ ਵੱਡਾ ਉਲਟਫੇਰ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖ਼ਾਲੀ ਹੋ ਗਈ ਹੈ ਜਿਸ ਤੋਂ ਬਾਅਦ ਤਰਨਤਾਰਨ ਜ਼ਿਮਨੀ ਚੋਣ ਹੋ ਰਹੀ ਹੈ।