ਹਾਜੀਪੁਰ— ਬਿਹਾਰ ‘ਚ ਰਾਜਧਾਨੀ ਪਟਨਾ ਦੇ ਇਤਿਹਾਸਕ ਗੁਰਦੁਆਰਾ ਤਖਤ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦੇ ਮਾਮਲੇ ‘ਚ ਪੁਲਸ ਨੇ ਕੱਲ ਰਾਤ ਵੈਸ਼ਾਲੀ ਜ਼ਿਲੇ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਭਗਵਾਨਪੁਰ ਥਾਣਾ ਖੇਤਰ ਦੇ ਬਿਠੌਲੀ ਪਿੰਡ ‘ਚ ਛਾਪਾ ਮਾਰ ਕੇ ਧਮਕੀ ਦੇਣ ਦੇ ਦੋਸ਼ ‘ਚ ਰਮੇਸ਼ ਤਿਵਾੜੀ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਧਮਕੀ ਦੇਣ ‘ਚ ਵਰਤੇ ਗਏ ਮੋਬਾਇਲ ਨੂੰ ਵੀ ਬਰਮਾਦ ਕਰ ਲਿਆ ਹੈ। ਐੱਸ.ਆਈ.ਟੀ. ਦੀ ਟੀਮ ਰਮੇਸ਼ ਨੂੰ ਪਟਨਾ ਲੈ ਆਈ ਹੈ, ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਪਟਨਾ ਸਿਟੀ ਚੌਕ ਥਾਣੇ ਦੇ ਥਾਣੇਦਾਰ ਅਸ਼ੋਕ ਪਾਂਡੇ ਦੇ ਮੋਬਾਇਲ ‘ਤੇ ਕਿਸੇ ਨੇ ਮੈਸੇਜ ਭੇਜ ਕੇ ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਮਹਿਕਮੇ ‘ਚ ਹਫੜਾ-ਦਫੜੀ ਮਚ ਗਈ ਸੀ ਅਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਵਧਾ ਦਿੱਤੀ ਸੀ।















