ਨਵੀਂ ਦਿੱਲੀ – ਨੌਜਵਾਨ ਕ੍ਰਿਕਟਰ ਪ੍ਰਿਥਵੀ ਸ਼ਾਅ ‘ਤੇ ਡੋਪਿੰਗ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੱਠ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਹੈ। ਵਿੰਡੀਜ਼ ਵਿਰੁੱਧ 2018 ‘ਚ ਦੋ ਟੈੱਸਟ ਮੈਚ ਖੇਡਣ ਵਾਲੇ 19 ਸਾਲਾ ਸ਼ਾਅ ਰਿਪੋਰਟਾਂ ਅਨੁਸਾਰ ਆਪਣੇ ਕਮਰ ਦੀ ਸੱਟ ਦਾ ਇਲਾਜ ਕਰਾ ਰਿਹਾ ਹੈ। ਉਸ ਦਾ ਸੱਈਦ ਮੁਸ਼ਤਾਕ ਅਲੀ T-20 ਟੂਰਨਾਮੈਂਟ ਦੌਰਾਨ ਡੋਪਿੰਗ ਟੈੱਸਟ ਕੀਤਾ ਗਿਆ ਅਤੇ ਉਸ ਨੂੰ ਟਰਬੁਟੈਲਾਈਨ ਦਾ ਦੋਸ਼ੀ ਪਾਇਆ ਗਿਆ। ਸ਼ਾਅ ਤੋਂ ਇਲਾਵਾ ਦੋ ਹੋਰ ਘਰੇਲੂ ਖਿਡਾਰੀਆਂ ਵਿਦਰਭ ਦੇ ਅਕਸ਼ੇ ਦੁਲਾਰਵਰ ਅਤੇ ਰਾਜਸਥਾਨ ਦੇ ਗਜਰਾਜ ਨੂੰ ਵੀ ਕ੍ਰਿਕਟ ਬੋਰਡ ਦੀ ਐਂਟੀ-ਡੋਪਿੰਗ ਕੋਡ ਦੀ ਉਲੰਘਣਾ ਦਾ ਦੋਸ਼ੀ ਪਾਇਆ। BCCI ਨੇ ਇੱਕ ਬਿਆਨ ‘ਚ ਕਿਹਾ ਕਿ ਮੁੰਬਈ ਕ੍ਰਿਕਟ ਸੰਘ ਦੇ ਨਾਲ ਰੈਜਿਸਟਰਡ ਪ੍ਰਿਥਵੀ ਸ਼ਾਅ ਨੂੰ ਡੋਪਿੰਗ ‘ਚ ਫ਼ੜੇ ਜਾਣ ‘ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਸ਼ਾਅ ਨੇ ਅਣਜਾਣੇ ‘ਚ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਹੈ। ਸ਼ਾਅ ਨੂੰ ਅੱਠ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ ਜੋ 16 ਮਾਰਚ 2019 ਤੋਂ 15 ਨਵੰਬਰ 2019 ਤਕ ਰਹੇਗੀ। ਇਸ ਦਾ ਮਤਲਬ ਹੈ ਕਿ ਉਹ ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਵਿਰੁੱਧ ਘਰੇਲੂ ਸੀਰੀਜ਼ ‘ਚ ਨਹੀਂ ਖੇਡ ਸਕੇਗਾ।












