ਡਰੱਗਜ਼ ਲੈਣ ਵਾਲਾ ਇੰਗਲੈਂਡ ਦਾ ਖਿਡਾਰੀ ਵਰਲਡ ਕੱਪ ਟੀਮ ‘ਚੋਂ ਬਾਹਰ

ਨਵੀਂ ਦਿੱਲੀ – ਡਰੱਗ ਟੈੱਸਟ ‘ਚ ਫ਼ੇਲ ਹੋਣ ‘ਤੇ 21 ਦਿਨ ਦਾ ਬੈਨ ਲੱਗਣ ਤੋਂ ਬਾਅਦ ਹੁਣ ਧਮਾਕੇਦਾਰ ਬੱਲੇਬਾਜ਼ ਐਲੈਕਸ ਹੇਲਜ਼ ਨੂੰ ਬੋਰਡ ਵਲੋਂ ਇੰਗਲੈਂਡ ਦੀਆਂ ਸਾਰੀਆਂ ਟੀਮਾਂ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੇ ਚਲਦੇ, ਉਹ ਇੰਗਲੈਂਡ ਦੀ ਮੇਜ਼ਬਾਨੀ ‘ਚ 30 ਮਈ ਤੋਂ ਖੇਡੇ ਜਾਣ ਵਾਲੇ 2019 ਵਰਲਡ ਕੱਪ ‘ਚ ਵੀ ਨਹੀਂ ਖੇਡੇਗਾ।
ਇੰਗਲੈਂਡ ਕ੍ਰਿਕਟ ਐਂਡ ਵੇਲਜ਼ ਬੋਰਡ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ, ”ECB ਦੀ ਮੈਨੇਜਿੰਗ ਡਾਇਰੈਕਟਰ ਐਸ਼ਲੇ ਜੌਇਲਜ਼ ਅਤੇ ਚੀਫ਼ ਸਿਲੈਕਟਰ ਐਡ ਸਮਿਥ ਨੇ ਮਿਲ ਕੇ ਇੰਗਲੈਂਡ ਦੇ ਸਰਵਸ੍ਰੇਸ਼ਠ ਹਿਤ ‘ਚ ਉਸ ਨੂੰ ਵਰਲਡ ਕੱਪ ਟੀਮ ‘ਚੋਂ ਬਾਹਰ ਕਰਨ ਦਾ ਇਹ ਫ਼ੈਸਲਾ ਲਿਆ ਹੈ। ਉਸ ਦੀ ਜਗ੍ਹਾ ਜੇਮਜ਼ ਵਿਨਸ ਨੂੰ ਟੀਮ ‘ਚ ਮੌਕਾ ਮਿਲ ਸਕਦਾ ਹੈ। ECB ਛੇਤੀ ਹੀ ਇਸ ਦਾ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਹੇਲਜ਼ ਨੇ ਘਰੇਲੂ ਵਨ ਡੇਅ ਟੂਰਨਾਮੈਂਟ ਰੌਇਲ ਲੰਡਨ ਵਨ ਡੇਅ ‘ਚੋਂ ਨੌਟਿੰਘਮਸ਼ਾਇਰ ਦੀ ਟੀਮ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਸੀ। ਅਜਿਹਾ ਉਨ੍ਹਾਂ ਨਿੱਜੀ ਕਾਰਨਾਂ ਦੇ ਚਲਦੇ ਕੀਤਾ ਸੀ।