ਪੰਜਾਬੀ ਫ਼ਿਲਮ ਜੋੜੀ 5 ਮਈ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੇ ਹੁਣ ਤਕ ਤਿੰਨ ਗੀਤ ਰਿਲੀਜ਼ ਹੋਏ ਹਨ ਜੋ ਟੌਪ ਕੁਆਲਿਟੀ ਦੇ ਪੁਰਾਣੇ ਗੀਤਾਂ ਦੀਆਂ ਪੂਰੀਆਂ ਵਾਈਬਜ਼ ਦੇ ਰਹੇ ਹਨ।
ਸਭ ਤੋਂ ਪਹਿਲਾਂ ਜਿਗਰਾ ਤੇ ਲੈਜਾ ਗੱਭਰੂਆ ਗੀਤ ਰਿਲੀਜ਼ ਹੋਇਆ। ਇਹ ਥੋੜ੍ਹਾ ਮਜ਼ਾਕ ਅਤੇ ਮਸਤੀ ਭਰਪੂਰ ਗੀਤ ਹੈ ਜਿਸ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ। ਗੀਤ ਨੂੰ ਹੁਣ ਤਕ ਯੂਟਿਊਬ ‘ਤੇ 4.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਦੂਜਾ ਗੀਤ ਟਕੁਏ ਚਲਾਉਣ ਨੀ ਮੈਂ ਜਾਣਦਾ ਹੈ ਜੋ ਥੋੜ੍ਹਾ ਗਰਮ ਜਾਂ ਕਹਿ ਲਈਏ ਤੱਤਾ ਗੀਤ ਹੈ। ਪਿਆਰ ਦੀ ਖ਼ਾਤਿਰ ਕੁੱਝ ਵੀ ਕਰਨ ਲਈ ਤਿਆਰ ਨੌਜਵਾਨ ਦੀਆਂ ਭਾਵਨਾਵਾਂ ਬਿਆਨ ਕਰਦਾ ਹੈ। ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ ਜਦਕਿ ਸੰਗੀਤ ਟਰੂ ਸਕੂਲ ਨੇ ਹੀ ਦਿੱਤਾ ਹੈ। ਯੂਟਿਊਬ ‘ਤੇ ਇਸ ਗੀਤ ਨੂੰ 3.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਤੀਜਾ ਗੀਤ ਜੋੜੀ ਤੇਰੀ ਮੇਰੀ ਹੈ ਜੋ ਇੱਕ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਇਹ ਇੱਕ ਪਿਆਰ ਭਰਪੂਰ ਰੋਮੈਂਟਿਕ ਅਹਿਸਾਸ ਵਾਲਾ ਇੱਕ ਗੀਤ ਹੈ। ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਤੇ ਸੰਗੀਤ ਟਰੂ ਸਕੂਲ ਵਲੋਂ ਦਿੱਤਾ ਗਿਆ ਹੈ। ਗੀਤ ਨੂੰ ਹੁਣ ਤਕ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਦੱਸ ਦੇਈਏ ਕਿ ਫ਼ਿਲਮ ‘ਚ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਅਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ ਜਿਸ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।











