ਨਵੀਂ ਦਿੱਲੀ – ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਲਾਰਡਜ਼ ਟੈੱਸਟ ‘ਚ ਭਾਰਤ ਨੂੰ ਇੰਗਲੈਂਡ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਕਿਹਾ ਹੈ ਕਿ ਭਾਰਤ ਦੇ ਕੋਲ ਹਜੇ ਵੀ 5 ਮੈਚਾਂ ਦੀ ਟੈੱਸਟ ਸੀਰੀਜ਼ ‘ਚ ਵਾਪਸੀ ਕਰਨ ਦਾ ਮੌਕਾ ਹੈ। ਫ਼ਿਲਹਾਲ ਇੰਗਲੈਂਡ ਨੇ ਸੀਰੀਜ਼ ‘ਚ 2-0 ਨਾਲ ਵਾਧਾ ਕਰ ਲਿਆ ਹੈ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਖ਼ਿਲਾਫ਼ ਲਾਰਡਜ਼ ਟੈੱਸਟ ‘ਚ ਪਾਰੀ ਅਤੇ 159 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਚਾਹਲ ਫ਼ਿਲਹਾਲ ਦੱਖਣੀ ਅਫ਼ਰੀਕਾ ਏ ਦੇ ਖਿਲਾਫ਼ ਭਾਰਤ ਏ ਟੀਮ ਵਲੋਂ ਖੇਡ ਰਿਹੈ। ਚਾਹਲ ਦਾ ਮੰਨਣਾ ਹੈ ਕਿ ਇੰਗਲੈਂਡ ‘ਚ ਕੰਡੀਸ਼ਨਜ਼ ਬਹੁਤ ਮੁਸ਼ਕਿਲ ਹਨ, ਅਤੇ ਇਸ ਸੀਰੀਜ਼ ‘ਚ ਕੁੱਝ ਵੀ ਹੋ ਸਕਦਾ ਹੈ। ਉਸ ਨੇ ਕਿਹਾ, ”ਇੰਗਲੈਂਡ ‘ਚ ਪੈਸਰਾਂ ਲਈ ਵਧੀਆ ਕੰਡੀਸ਼ਨ ਹੈ ਅਤੇ ਸਵਿੰਗ ਵੀ ਹੈ। ਤੁਸੀਂ ਦੇਖਿਆ ਕਿਸ ਤਰ੍ਹਾਂ ਐਂਡਰਸਨ 550 ਵਿਕਟਾਂ ਤਕ ਪਹੁੰਚ ਗਿਆ। ਇੰਗਲੈਂਡ ‘ਚ ਬੈਟਿੰਗ ਹਮੇਸ਼ਾ ਤੋਂ ਮੁਸ਼ਕਿਲ ਰਹੀ ਹੈ, ਪਰ ਇਹ 5 ਮੈਚਾਂ ਦੀ ਸੀਰੀਜ਼ ਹੈ। ਜੇਕਰ ਤੁਸੀਂ ਸ਼ੁਰੂਆਤੀ ਮੈਚ ਹਾਰ ਵੀ ਜਾਂਦੇ ਹੋ ਤਾਂ ਤੁਹਾਡੇ ਕੋਲ ਆਖ਼ਰੀ ਦੇ ਤਿੰਨ ਮੈਚਾਂ ‘ਚ ਵਾਪਸੀ ਦਾ ਮੌਕਾ ਰਹਿੰਦਾ ਹੈ।
ਇੰਗਲੈਂਡ ਖ਼ਿਲਾਫ਼ ਆਖਰੀ ਦੋ ਟੈੱਸਟ ਮੈਚਾਂ ‘ਚ ਆਪਣੀ ਚੋਣ ਨੂੰ ਲੈ ਕੇ ਚਾਹਲ ਨੇ ਕਿਹਾ ਕਿ ਉਹ ਹਜੇ ਆਪਣੀ ਚੋਣ ਦੇ ਬਾਰੇ ‘ਚ ਨਹੀਂ ਸੋਚ ਰਿਹਾ, ਅਤੇ ਉਸ ਦਾ ਪੂਰਾ ਧਿਆਨ ਦੱਖਣੀ ਅਫ਼ਰੀਕਾ ‘ਚ ਚੱਲ ਰਹੇ ਮੈਚਾਂ ‘ਤੇ ਹੈ। ਉਸ ਨੇ ਕਿਹਾ ਕਿ ਇੰਗਲੈਂਡ ‘ਚ ਉਸ ਦਾ ਅਨੁਭਵ ਚੰਗਾ ਰਿਹਾ ਸੀ ਕਿਉਂਕਿ ਇਹ ਉਸ ਦਾ ਪਹਿਲਾਂ ਟੂਰ ਸੀ। ਨਾਲ ਹੀ ਚਾਹਲ ਨੇ ਦੱਸਿਆ ਕਿ ਜੇਕਰ ਉਸ ਦੀ ਚੋਣ ਨਹੀਂ ਵੀ ਹੁੰਦੀ ਤਾਂ ਉਸ ਦਾ ਪੂਰਾ ਧਿਆਨ ਏਸ਼ੀਆ ਕੱਪ ‘ਤੇ ਹੋਵੇਗਾ। ਇਸ ਲਈ ਉਹ ਆਪਣਾ ਫ਼ੋਕਸ ਦੱਖਣੀ ਅਫ਼ਰੀਕਾ ਤੋਂ ਬਾਅਦ ਇਸ ਸੀਰੀਜ਼ ‘ਤੇ ਸ਼ਿਫ਼ਟ ਕਰ ਲਵੇਗਾ। 19 ਸਾਲ ਦੀ ਉਮਰ ‘ਚ ਡੈਬਿਊ ਕਰਨ ਵਾਲੇ ਚਾਹਲ ਨੇ 26 ਵਨ ਡੇ ਮੈਚਾਂ ‘ਚ 4.73 ਦੇ ਇਕਨੌਮੀ ਰੇਟ ਨਾਲ 45 ਵਿਕਟਾਂ ਲਈਆਂ ਹਨ। ਚਾਹਲ 15 ਤੋਂ 28 ਸਤੰਬਰ ਤਕ ਚੱਲਣ ਵਾਲੇ ਏਸ਼ੀਆ ਕੱਪ ‘ਚ ਨਜ਼ਰ ਆਵੇਗਾ।












