ਐਡੀਲੇਡ: ਭਾਰਤ ਦੇ 67ਵੇਂ ਗਣਤੰਤਰ ਦਿਵਸ ਮੌਕੇ ਭਾਰਤੀ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦੋਹਰੀ ਸਫ਼ਲਤਾ ਦਿੱਤੀ। ਐਡੀਲੇਡ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬਾਅਦ ਧੋਨੀ ਦੀ ਟੀਮ ਨੇ ਵੀ ਕੰਗਾਰੂਆਂ ਨੂੰ ਉਨ੍ਹਾਂ ਦੀ ਧਰਤੀ ‘ਤੇ ਹਰਾ ਕੇ ਇਤਿਹਾਸ ਰਚ ਦਿੱਤਾ।
3 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤ ਵਲੋਂ ਦਿੱਤੇ ਗਏ 189 ਦੌੜਾਂ ਦੇ ਜਵਾਬ ‘ਚ ਆਸਟ੍ਰੇਲੀਆ ਦੀ ਪੂਰੀ ਟੀਮ 19.3 ਓਵਰਾਂ ‘ਚ 151 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ ਆਸਟ੍ਰਲੀਆ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਗੇਂਦਬਾਜ਼ਾਂ ਨੇ ਆਪਣੇ ਇਸ ਦੌਰੇ ‘ਚ ਪਹਿਲੀ ਵਾਰ ਆਸਟ੍ਰੇਲੀਆਈ ਟੀਮ ਨੂੰ ਆਲ ਆਊਟ ਕਰਨ ਦਾ ਕਾਰਨਾਮਾ ਕਰ ਦਿਖਾਇਆ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂਕਿ ਆਰ. ਅਸ਼ਵਿਨ, ਹਾਰਦਿਕ ਪੰਡਿਆ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟ ਲਈਆਂ। ਉੱਥੇ ਹੀ ਚਾਰ ਸਾਲ ਬਾਅਦ ਟੀਮ ‘ਚ ਵਾਪਸੀ ਕਰਨ ਵਾਲੇ ਆਸ਼ੀਸ਼ ਨਹਿਰਾ ਨੇ ਵੀ ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਆਏ ਰੋਹਿਤ ਸ਼ਰਮਾ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। 4 ਓਵਰਾਂ ‘ਚ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 40 ਦੌੜਾਂ ਬਣਾਈਆਂ ਪਰ ਅਨੁਭਵੀ ਸ਼ੇਨ ਵਾਟਸਨ ਨੇ ਇੱਕ ਹੀ ਓਵਰ ‘ਚ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਆਊਟ ਕਰਕੇ ਭਾਰਤ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਰੋਹਿਤ ਨੇ 31 ਦੌੜਾਂ ਬਣਾਈਆਂ, ਜਦੋਂਕਿ ਧਵਨ ਆਪਣੇ ਖ਼ਾਤੇ ‘ਚ ਸਿਰਫ਼ 5 ਰਨ ਹੀ ਜੋੜ ਸਕੇ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕੋਹਲੀ ਅਤੇ ਰੈਨਾ ਦੀ ਜੋੜੀ ਨੇ 134 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਨੇ ਭਾਰਤ ਨੂੰ ਵੱਡਾ ਸਕੋਰ ਖੜ੍ਹਾ ਕਰਨ ‘ਚ ਮਦਦ ਕੀਤੀ। ਕੋਹਲੀ ਨੇ 55 ਗੇਂਦਾਂ ‘ਚ ਨਾਬਾਦ 90 ਰਨ ਬਣਾਏ, ਜਿਸ ‘ਚ 9 ਚੌਕੇ ਅਤੇ 2 ਛੱਕੇ ਵੀ ਸ਼ਾਮਲ ਸਨ। ਸੁਰੇਸ਼ ਰੈਨਾ ਨੇ 41 ਦੌੜਾਂ ਬਣਾਈਆਂ। ਆਖ਼ਰੀ ਓਵਰ ‘ਚ ਬੱਲੇਬਾਜ਼ੀ ਕਰਨ ਆਏ ਕਪਤਾਨ ਧੋਨੀ ਨੇ 3 ਗੇਂਦਾਂ ‘ਚ 11 ਰਨ ਬਣਾ ਕੇ ਭਾਰਤ ਦਾ ਸਕੋਰ 188 ਤੱਕ ਪਹੁੰਚਾ ਦਿੱਤਾ।
ਭਾਰਤੀ ਟੀਮ ‘ਚ ਲੰਬੇ ਇੰਤਜ਼ਾਰ ਤੋਂ ਬਾਅਦ ਯੁਵਰਾਜ ਸਿੰਘ ਅਤੇ ਆਸ਼ੀਸ਼ ਨਹਿਰਾ ਦੀ ਵਾਪਸੀ ਹੋਈ ਹੈ, ਜਦੋਂ ਕਿ ਹਾਰਦਿਕ ਪੰਡਿਆ ਅਤੇ ਜਸਪ੍ਰੀਤ ਬੁਮਰਾਹ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ।












