ਨਵੀਂ ਦਿੱਲੀ— 26 ਜਨਵਰੀ ਦੇ ਦਿਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਪੁਲਸ ਪ੍ਰਸ਼ਾਸਨ ਕਿਸਾਨਾਂ ’ਤੇ ਕਾਫੀ ਸਖਤੀ ਕਰ ਰਹੀ ਹੈ। ਇਸ ਕੜੀ ਤਹਿਤ ਗ੍ਰਹਿ ਮੰਤਰਾਲਾ ਨੇ ਕਿਸਾਨ ਆਗੂਆਂ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਦਿੱਲੀ ਪੁਲਸ ਯੋਗੇਂਦਰ ਯਾਦਵ, ਬਲਦੇਵ ਸਿਰਸਾ ਅਤੇ ਬਲਬੀਰ ਸਿੰਘ ਰਾਜੇਵਾਲ ਸਮੇਤ 20 ਕਿਸਾਨ ਆਗੂਆਂ ਨੂੰ ਟਰੈਕਟਰ ਪਰੇਡ ਦੇ ਸਮਝੌਤੇ ਨੂੰ ਤੋੜਨ ਨੂੰ ਲੈ ਕੇ ਲੁੱਕ ਆਊਟ ਨੋਟਿਸ ਜਾਰੀ ਕਰੇਗੀ।ਦਿੱਲੀ ਪੁਲਸ ਨੇ ਜਿਨ੍ਹਾਂ ਕਿਸਾਨ ਆਗੂਆਂ ਦੇ ਨਾਂ ਐੱਫ. ਆਈ. ਆਰ. ’ਚ ਦਰਜ ਕੀਤੇ ਹਨ, ਉਨ੍ਹਾਂ ਦੇ ਪਾਸਪੋਰਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰੇਗੀ।
ਕੀ ਹੈ ਲੁੱਕ ਆਊਟ ਨੋਟਿਸ—
ਲੁੱਕ ਆਊਟ ਨੋਟਿਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਇਸ ਹਿੰਸਾ ਲਈ ਜ਼ਿੰਮੇਵਾਰ ਜਿਨ੍ਹਾਂ ਲੋਕਾਂ ਖ਼ਿਲਾਫ਼ ਨੋਟਿਸ ਜਾਰੀ ਕੀਤਾ ਜਾਵੇਗਾ, ਉਹ ਲੋਕ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ।
ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ 2 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੀ ਗਣਤੰਤਰ ਦਿਵਸ ਦੇ ਦਿਨ ਟਰੈਕਟਰ ਪਰੇਡ ਪ੍ਰਸਤਾਵਿਤ ਸੀ। ਕਿਸਾਨਾਂ ਅਤੇ ਦਿੱਲੀ ਪੁਲਸ ਵਿਚਾਲੇ ਸਮਝੌਤਾ ਹੋਇਆ ਸੀ ਕਿ ਉਹ ਇਸ ਟਰੈਕਟਰ ਪਰੇਡ ਨੂੰ ਸ਼ਾਂਤੀਪੂਰਨ ਢੰਗ ਨਾਲ ਕੱਢਣਗੇ ਅਤੇ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕਰਨਗੇ ਪਰ ਕੁਝ ਪ੍ਰਦਰਸ਼ਨਕਾਰੀ ਨੇ ਅਜਿਹਾ ਕੀਤਾ।
ਟਰੈਕਟਰ ਪਰੇਡ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤੈਅ ਰੂਟ ਨੂੰ ਬਦਲਿਆ ਅਤੇ ਦਿੱਲੀ ਦੇ ਕਈ ਇਲਾਕਿਆਂ ’ਚ ਭੰਨ-ਤੋੜ ਕੀਤੀ। ਉਨ੍ਹਾਂ ਨੇ ਬੈਰੀਕੇਡਜ਼ ਵੀ ਤੋੜੇ, ਜਿਸ ਕਾਰਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ। ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ’ਤੇ ਪੁੱਜ ਗਏ, ਜਿੱਥੇ ਕੇਸਰੀ ਝੰਡਾ ਲਹਿਰਾਇਆ ਗਿਆ।















