ਫਰੈਡਰਿਕਟਨ : ਬੁੱਧਵਾਰ ਨੂੰ 5ਵੇਂ ਕੈਨੇਡੀਅਨ ਡਵੀਜ਼ਨ ਸਪੋਰਟ ਬੇਸ ਗੇਟਨਟਾਊਨ ਵਿਖੇ ਟਰੇਨਿੰਗ ਸ਼ੈਸ਼ਨ ਦੌਰਾਨ 9 ਕੈਨੇਡੀਅਨ ਫੌਜੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚੋਂ 4 ਦੀ ਹਾਲਤ ਕਾਫ਼ੀ ਗੰਭੀਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਨਤਕ ਮਾਮਲਿਆਂ ਬਾਰੇ ਅਫਸਰ ਕੈਪਟਨ ਐਵਲਿਨ ਲੀਮਾਇਰ ਨੇ ਦੱਸਿਆ ਸਾਰੇ ਫੌਜੀ ਰਾਇਲ ਕੈਨਡੀਅਨ ਰੈਜੀਮੈਂਟ ਦੀ ਦੂਜੀ ਬਟਾਲੀਅਨ ਦੇ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰੇ 10.30 ਵਜੇ ਇਹ ਫੌਜੀ ਐੱਲ. ਏ. ਵੀ. 6.0 ਨਾਮੀ ਵਾਹਨ ‘ਚ ਬੈਠ ਕੇ ਰੋਜ਼ਾਨਾ ਦੀ ਤਰ੍ਹਾਂ ਅਭਿਆਸ ਕਰ ਰਹੇ ਸਨ ਕਿ ਇਸ ਦੌਰਾਨ ਵਾਹਨ ਇੱਕ ਚੱਟਾਨ ਨਾਲ ਟਕਰਾਅ ਗਿਆ। ਐਵਲਿਨ ਮੁਤਾਬਕ ਹਾਦਸੇ ਦੌਰਾਨ ਜਿਹੜੇ ਫੌਜੀ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਹਨ, ਉਨ੍ਹਾਂ ਨੂੰ ਫਰੈਡਰਿਕਟਨ ਦੇ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਪੰਜ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਐਵਲਿਨ ਦਾ ਕਹਿਣਾ ਹੈ ਕਿ ਜਾਂਚਕਰਤਾ ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ‘ਚ ਜੁਟੇ ਹੋਏ ਹਨ।















