ਜੰਗ ਦਿੱਲੀ-ਪੰਜਾਬ ਦਾ ਹੋਣ ਲੱਗਾ

walia-big-1-300x95ਦੋ ਧਿਰਾਂ ਦੀ ਲੜਾਈ ਵਿੱਚ ਕੋਈ ਇਕੋ ਧਿਰ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਂਝ ਭਰਾਵਾਂ ਦੀ ਲੜਾਈ ਸਭ ਤੋਂ ਵੱਧ ਭੈੜੀ ਹੁੰਦੀ ਹੈ ਅਤੇ ਸਿਆਸਤ ਵਿੱਚ ਇਕੋ ਹੀ ਮਕਸਦ ਨੂੰ ਲੈ ਕੇ, ਇਕੋ ਝੰਡੇ ਥੱਲੇ ਸੰਘਰਸ਼ ਕਰ ਰਹੇ ਲੋਕਾਂ ਦੀ ਲੜਾਈ ਤਾਂ ਭੈੜੀ ਤੋਂ ਵੀ ਭੈੜੀ ਹੁੰਦੀ ਹੈ। ਕੁਝ ਅਜਿਹਾ ਹੀ ਵਾਪਰ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ। ਕੁਝ ਦਿਨ ਪਹਿਲਾਂ ਤੱਕ ਪਾਰਟੀ ਦੀ ਪੂਰੀ ਚੜ੍ਹਾਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 100 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਸਨ। ਅਰਵਿੰਦ ਕੇਜਰੀਵਾਲ ਨੂੰ ਮਸੀਹੇ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਸੀ। ਕੇਜਰੀਵਾਲ ਦੇ ਦਿੱਲੀ ਤੋਂ ਭੇਜੇ ਸੂਬੇਦਾਰਾਂ ਕੋਲ ਪਾਰਟੀ ਦੀ ਪੂਰੀ ਸ਼ਕਤੀ ਸੀ। ਜਦੋਂ 32 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਪੰਜਾਬ ਆਪ ਦੇ ਕਨਵੀਨਰ ਨੇ ਮੂੰਹ ਖੋਲ੍ਹਣ ਦੀ ਜੁਅਰਤ ਕੀਤੀ। ਉਸਨੂੰ ਇਕ ਸਟਿੰਗ ਵਿੱਚ ਦੋ ਲੱਖ ਰੁਪਏ ਲੈਂਦੇ ਹੋਏ ਦਿਖਾਇਆ ਗਿਆ ਅਤੇ ਇਸ ਦੋਸ਼ ਵਿੱਚ ਉਸਨੂੰ ਪਾਰਟੀ ਦੀ ਕਨਵੀਨਰੀ ਤੋਂ ਹਟਾ ਦਿੱਤਾ ਗਿਆ। ਇੱਥੋਂ ਹੀ ਪਾਰਟੀ ਦੋਫ਼ਾੜ ਹੋ ਗਈ ਅਤੇ ਹੁਣ ਸੁੱਚਾ ਸਿੰਘ ਛੋਟੇਪੁਰ ਨੇ 13 ਵਿੱਚੋਂ 7 ਜੋਨਲ ਇੰਚਾਰਜਾਂ ਨੂੰ ਲੈ ਕੇ ਪਰਿਵਰਤਨ ਯਾਤਰਾ ਆਰੰਭ ਕੀਤੀ ਹੋਈ ਹੈ।
ਆਮ ਆਦਮੀ ਪਾਰਟੀ ਉਪਰ ਟਿਕਟਾਂ ਦੀ ਖਰੀਦੋ-ਫ਼ਰੋਖਤ ਦੇ ਇਲਜ਼ਾਮ ਲੱਗ ਰਹੇ ਹਨ। ਆਮ ਆਦਮੀ ਪਾਰਟੀ ਦਿੱਲੀ ਦੇ ਇਕ ਵਿਧਾਇਕ ਦਵਿੰਦਰ ਸਹਰਾਵਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਪੱਤਰ ਲਿਖ ਕੇ ਬਹੁਤ ਗੰਭੀਰ ਇਲਜ਼ਾਮ ਲਗਾਇਆ ਹੈ। ਵਿਧਾਇਕ ਨੇ ਲਿਖਿਆ ਹੈ, ”ਮੈਨੇ ਪੰਜਾਬ ਮੇਂ ਟਿਕਟ ਦੇਨੇ ਯਾ ਉਸਕੇ ਵਾਅਦੇ ਕੇ ਇਵਜ਼ ਮੇਂ ਮਹਿਲਾਓਂ ਕੇ ਸ਼ੋਸ਼ਣ ਕੀ ਪਰੇਸ਼ਲੀ ਕਰਨੇ ਵਾਲੀ ਖਬਰੇਂ ਦੇਖੀ ਹੈ।’ ਇਸ ਪੱਤਰ ਵਿੱਚ ਉਹਨਾਂ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਸੰਗਠਨ ਸਕੱਤਰ ਦੁਰਗੇਸ਼ ਪਾਠਕ ਵਿਰੁੱਧ ਦੋਸ਼ ਲਾਉਂਦੇ ਹੋਏ ਪੜਤਾਲ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਸੰਗਰੂਰ ਦੇ ਆਬਜ਼ਰਵਰ ਵਿਜੈ ਚੌਹਾਨ ‘ਤੇ ਘਰ ਵਿੱਚ ਕੰਮ ਕਰ ਰਹੀ ਨੌਕਰਾਣੀ ਦੇ ਬਲਾਤਕਾਰ ਦੇ ਦੋਸ਼ ਲੱਗੇ ਹਨ। ਚੌਹਾਨ ਉਪਰ ਸੁਨਾਮ ਤੋਂ ‘ਦਾਗੀ’ ਉਮੀਦਵਾਰ ਅਮਨ ਅਰੋੜਾ ਨੂੰ ਟਿਕਟ ਦਿਵਾਉਣ ਦੇ ਦੋਸ਼ ਆਮ ਵਰਕਰਾਂ ਨੇ ਲਗਾਏ ਹਨ। ਦਿੱਲੀ ਦਾ ਮੰਤਰੀ ਸੰਦੀਪ ਕੁਮਾਰ ਪਹਿਲਾਂ ਹੀ ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ। ਦਿੱਲੀ ਤੋਂ ਆਏ ਆਬਜ਼ਰਵਰਾਂ ਉਤੇ ਔਰਤਾਂ ਦੇ ਸ਼ੋਸ਼ਣ ਦੇ ਨਾਲ ਨਾਲ ਪੈਸੇ ਬਟੋਰਨ ਦੇ ਇਲਜ਼ਾਮ ਲੱਗ ਰਹੇ ਹਨ। ਫ਼ਰੀਦਕੋਟ ਨਾਲ ਸਬੰਧਤ ਆਪ ਨੇਤਾ ਹਰਦੀਪ ਕਿੰਗਰਾ ਨੇ ਸੰਜੇ ਸਿੰਘ ਉਪਰ ਪਾਰਟੀ ਫ਼ੰਡ ਵਿੱਚੋਂ ਪੰਜ ਲੱਖ ਰੁਪਏ ਨਿੱਜੀ ਕੰਮਾਂ ਲਈ ਲਿਜਾਣ ਦਾ ਦੋਸ਼ ਲਾਇਆ ਹੈ। ਕਿੰਗਰਾ ਨੇ ਇਸ ਆਡੀਓ ਸਟਿੰਗ ਰਾਹੀਂ ਮੀਡੀਆ ਸਾਹਮਣੇ ਦੁਰਗੇਸ਼ ਪਾਠਕ ਉਪਰ ਪੈਸੇ ਇਕੱਠੇ ਕਰਨ ਦੇ ਦੋਸ਼ ਲਾਏ ਹਨ। ਅਜਿਹੇ ਇਲਜ਼ਾਮ ਸੁੱਚਾ ਸਿੰਘ ਛੋਟੇਪੁਰ ਨੇ ਵੀ ਲਗਾਏ ਹਨ। ਛੋਟੇਪੁਰ ਨੇ ਤਾਂ ਕੇਜਰੀਵਾਲ ਨੂੰ ਸਿੱਖ ਵਿਰੋਧੀ ਸਖਸ਼ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਮ ਵਰਕਰਾਂ ਵਿੱਚ ਗੈਰ ਪੰਜਾਬੀ ਆਬਜ਼ਰਵਰਾਂ ਵਿਰੁੱਧ ਗੁੱਸਾ ਪਾਇਆ ਜਾ ਰਿਹਾ ਹੈ।
ਭਗਵੰਤ ਮਾਨ ਵੱਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਭਿਖਾਰੀ ਕਹਿਣ ਉਤੇ ਮਾਨ ਖਿਲਾਫ਼ ਮੁਜ਼ਾਹਰੇ ਹੋ ਰਹੇ ਹਨ। ਮਲੋਟ ਵਿੱਚ ਮਾਨ ਦੀ ਰੈਲੀ ਵਿੱਚ ਲੜਾਈ ਝਗਡਾ ਹੋਇਆ ਸੀ। ਬਸੀ ਪਠਾਣਾਂ ਵਿੱਚ ਭਗਵੰਤ ਨੇ ਮੀਡੀਆ ਨਾਲ ਬਦਸਲੂਕੀ ਕਰ ਦਿੱਤੀ ਅਤੇ ਮੀਡੀਆ ਵੱਲੋਂ ਮਾਨ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ।
ਅਜਿਹੇ ਹਾਲਾਤ ਵਿੱਚ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਦੇਣ ਸਬੰਧੀ ਸਮਾਰੋਹ ਵਿੱਚ ਹਿੱਸਾ ਲੈਣ ਗਏ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੀ ਕਮਾਂਡ ਉਹ ਆਪਣੇ ਹੱਥ ਲੈ ਰਹੇ ਹਨ। ਕੇਜਰੀਵਾਲ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਸਦੇ ਗੈਰ ਪੰਜਾਬੀ ਸੂਬੇਦਾਰਾਂ ਵਿਰੁੱਧ ਰੋਸ ਵੱਧ ਰਿਹਾ ਹੈ। ਇਹ ਰੋਸ ਦੀ ਸ਼ੁਰੂਆਤ ਪਾਰਟੀ ਨੂੰ ਸੰਗਠਿਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਦੁਰਗੇਸ਼ ਪਾਠਕ ਦੀ ਪੰਜਾਬੀ ਨੇਤਾਵਾਂ ਸਬੰਧੀ ਪਹੁੰਚ ਅਤੇ ਵਿਵਹਾਰ ਨਾਲ ਹੋਈ। ਜਦੋਂ ਦੁਰਗੇਸ਼ ਪਾਠਕ ਪਿਛਲੇ ਵਰ੍ਹੇ 15 ਅਪ੍ਰੈਲ ਨੂੰ ਪੰਜਾਬ ਆਇਆ ਸੀ ਤਾਂ ਉਸ ਸਮੇਂ ਤੰਕ ਪਾਰਟੀ ਦੇ ਸੰਗਠਨ ਦਾ ਕੰਮ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇਖ ਰਿਹਾ ਸੀ। ਦੁਰਗੇਸ਼ ਪਾਠਕ ਨੇ ਆ ਕੇ ਕੰਟਰੋਲ ਆਪਣੇ ਹੱਥ ਲੈ ਲਿਆ। ਉਸਨੇ ਲੋਕ ਸਭਾ ਹਲਕਿਆਂ ਦੇ ਆਧਾਰ ‘ਤੇ 13 ਜ਼ੋਨ ਬਣਾ ਕੇ ਉਹਨਾਂ ਉਤੇ 13 ਨਿਗਰਾਨ ਨਿਯੁਕਤ ਕਰ ਦਿੱਤੇ। ਇਹ ਸਾਰੇ ਦੇ ਸਾਰੇ ਨਿਗਰਾਨ ਦਿੱਲੀ ਤੋਂ ਆਏ ਸਨ। ਇਹਨਾਂ ਨਿਗਰਾਨਾਂ ਅਧੀਨ ਜ਼ੋਨਲ ਇੰਚਾਰਜ ਕੰਮ ਕਰਦੇ ਸਨ। ਇਹਨਾਂ ਜ਼ੋਨਲ ਇੰਚਾਰਜਾਂ ਵਿੱਚ ਬਹੁਤੇ ਸੁੱਚਾ ਸਿੰਘ ਛੋਟੇਪੁਰ ਦੇ ਵਫ਼ਾਦਾਰ ਸਨ। ਇਹਨਾਂ ਜ਼ੋਨਲ ਇੰਚਾਰਜਾਂ ਨੂੰ ਦੁਰਗੇਸ਼ ਪਾਠਕ ਨੇ ਹੱਥਲ ਕਰ ਦਿੱਤਾ, ਜਦੋਂ ਕਿ ਇਹ ਇੰਚਾਰਜ ਪਾਰਟੀ ਵਿੱਚ ਆਪਣੀ ਪੁੱਛ ਪੜਤਾਲ ਦੀ ਆਸ ਰੱਖਦੇ ਸਨ। ਇੱਥੋਂ ਹੀ ਆਪ ਵਿੱਚ ਦਿੱਲੀ ਅਤੇ ਪੰਜਾਬ ਦੀ ਲੜਾਈ ਦਾ ਮੁੱਢ ਬੱਝਦਾ ਹੈ। ਰਹਿੰਦੀ ਖੂੰਹਦੀ ਕਸਰ ਦੁਰਗੇਸ਼ ਪਾਠਕ ਵੱਲੋਂ ਨਿਯੁਕਤ ਕੀਤੇ 39 ਸੈਕਟਰ ਨਿਗਰਾਨਾਂ ਨੇ ਪੂਰੀ ਕਰ ਦਿੱਤੀ। ਹਰ ਤਿੰਨ ਵਿਧਾਨ ਸਭਾ ਹਲਕਿਆਂ ਨੂੰ ਸੈਕਟਰ ਮੰਨ ਕੇ ਇਕ ਨਿਗਰਾਨ ਨਿਯੁਕਤ ਕੀਤਾ ਗਿਆ। ਇਹ ਸਾਰੇ ਦੇ ਸਾਰੇ ਦਿੱਲੀ ਤੋਂ ਆਏ ਸਨ ਅਤੇ ਇਹ ਦੁਰਗੇਸ਼ ਨੂੰ ਜਵਾਬਦੇਹ ਸਨ। ਇਹਨਾਂ ਪੰਜਾਬ ਦੇ ਨੇਤਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਦੁਰਗੇਸ਼ ਪਾਠਕ ਦਾ ਖਿਆਲ ਸੀ ਕਿ ਸੁੱਚਾ ਸਿੰਘ ਛੋਟੇਪੁਰ ਅਤੇ ਉਸਦੇ ਨਿਯੁਕਤ ਕੀਤੇ ਅਹੁਦੇਦਾਰ ਅਯੋਗ ਸਨ। ਇਸੇ ਕਾਰਨ ਉਸਨੇ ਛੋਟੇਪੁਰ ਸਮੇਤ ਸਭ ਨੂੰ ਸ਼ਕਤੀਹੀਣ ਕਰ ਦਿੱਤਾ। ਪਾਠਕ ਨੇ ਆਪਣੇ ਬੰਦਿਆਂ ਨੂੰ ਸਪਸ਼ਟ ਆਦੇਸ਼ ਦਿੱਤੇ ਕਿ ਪੰਜਾਬੀਆਂ ਦੇ ਹੱਥ ਕੋਈ ਸ਼ਕਤੀ ਨਹੀਂ ਰਹਿਣੀ ਚਾਹੀਦੀ। ਪਾਰਟੀ ਦਿੱਲੀ ਹੀ ਚਲਾਏਗੀ। ਅਸਲ ਵਿੱਚ ਉਸਦੀ ਮਨਸ਼ਾ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਹਰ ਫ਼ੈਸਲਾ ਅਰਵਿੰਦ ਕੇਜਰੀਵਾਲ ਜਾਂ ਉਹ ਖੁਦ ਕਰੇ। ਗੈਰ-ਪੰਜਾਬੀਆਂ ਵੱਲੋਂ ਪੰਜਾਬ ਇਕਾਈ ਦੇ ਗਲਬੇ ਦੇ ਇਲਜ਼ਾਮ ਬਾਰੇ ਦੁਰਗੇਸ਼ ਪਾਠਕ ਦਾ ਸਪਸ਼ਟੀਕਰਨ ਸੀ ਕਿ ਐਮ. ਐਲ. ਏ. ਤਾਂ ਪੰਜਾਬੀਆਂ ਨੇ ਹੀ ਬਣਨਾ ਹੈ। ਉਹ ਇਹ ਚਾਹੁੰਦਾ ਸੀ ਕਿ ਜਿਹੜੇ ਵੀ ਐਮ. ਐਲ. ਏ. ਬਣਨ ਉਹ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਵਿੱਚਰਨ ਵਾਲੇ ਹੋਣ।
ਦੁਰਗੇਸ਼ ਪਾਠਕ ਬਾਰੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਅਕਸਰ ਲੋਕ ਪੁੱਛਦੇ ਹਨ ਕਿ ਇੲ ਕੌਣ ਹੈ। ਦੁਰਗੇਸ਼ ਪਾਠਕ ਗੋਰਖਪੁਰ (ਉਤਰ ਪ੍ਰਦੇਸ਼) ਦਾ ਰਹਿਣ ਵਾਲਾ 28 ਵਰ੍ਹਿਆਂ ਦਾ ਨੌਜਵਾਨ ਹੈ। ਇਲਾਹਾਬਾਦ ਯੂਨੀਵਰਸਿਟੀ ਤੋਂ ਐਮ. ਏ. ਇੰਗਲਿਸ਼ ਕਰਨ ਤੋਂ ਬਾਅਦ ਦੁਰਗੇਸ਼ ਦਿੱਲੀ ਵਿਖੇ ਆਈ. ਏ. ਐਸ. ਦੀ ਤਿਆਰੀ ਕਰਨ ਆਇਆ ਸੀ। ਅੰਨਾ ਹਜ਼ਾਰੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਜੁੜ ਗਿਆ ਅਤੇ ਫ਼ਿਰ ਕੇਜਰੀਵਾਲ ਨਾਲ। ਉਹ ਅਰਜਨਟਾਇਨਾ ਦੇ ਮਾਰਕਸਵਾਦੀ ਕ੍ਰਾਂਤੀਕਾਰੀ ਚੇ ਗਵੇਰਾ ਤੋਂ ਪ੍ਰਭਾਵਿਤ ਹੈ ਅਤੇ ਅੱਜਕਲ੍ਹ ਅਰਵਿੰਦ ਕੇਜਰੀਵਾਲ ਦਾ ਨਜ਼ਦੀਕੀ ਹੈ। ਇਹ ਗੱਲ ਇਸ ਤੋਂ ਵੀ ਸਿੱਧ ਹੁੰਦੀ ਹੈ ਕਿ ਜਦੋਂ ਕੇਜਰੀਵਾਲ 10 ਦਿਨਾਂ ਲਈ ਵਿਆਸਨਾ ਧਿਆਨ ਕਰਨ ਗਿਆ ਸੀ ਤਾਂ ਸਿਰਫ਼ ਦੁਰਗੇਸ਼ ਪਾਠਕ ਹੀ ਉਸਦੇ ਨਾਲ ਸੀ। ਪਾਠਕ ਨੇ ਦਿੱਲੀ ਦੀਆਂ ਚੋਣਾਂ ਵਿੱਚ ਕੰਮ ਕਰਕੇ ਕੇਜਰੀਵਾਲ ਦਾ ਦਿਲ ਜਿੱਤ ਲਿਆ ਸੀ।
ਹੁਣ ਪੰਜਾਬ ਦੇ ਹਾਲਾਤ ਬਦਲ ਗਏ ਹਨ। ਆਪ ਵਿੱਚ ਬਾਗੀ ਸੁਰਾਂ ਬਹੁਤ ਉਚੀ ਆਵਾਜ਼ ਵਿੱਚ ਉੱਠ ਰਹੀਆਂ ਹਨ। ਗੈਰ ਪੰਜਾਬੀਆਂ ਨੂੰ ਪੰਜਾਬ ਇਕਾਈ ਵਿੱਚੋਂ ਬਾਹਰ ਜਾਣ ਦੀ ਮੰਗ ਜ਼ੋਰ ਫ਼ੜ ਰਹੀ ਹੈ। ਪੰਜਾਬ ਪੰਜਾਬੀਆਂ ਦਾ, ਨਾਅਰੇ ਲੱਗ ਰਹੇ ਹਨ। ਪਾਠਕ, ਸੰਜੇ ਸਿੰਘ ਅਤੇ ਹੋਰ ਦਿੱਲੀ ਵਾਲੇ ਸਿਰਫ਼ ਸੁੱਚਾ ਸਿੰਘ ਛੋਟੇਪੁਰ ਦੇ ਹੀ ਨਿਸ਼ਾਨੇ ‘ਤੇ ਨਹੀਂ ਸਗੋਂ ਆਮ ਵਰਕਰ ਵੀ ਇਹ ਮੰਗ ਕਰ ਲੱਗਾ ਹੈ। ਦੂਜੇ ਪਾਸੇ ਨਵਜੋਤ ਸਿੱਧੂ, ਬੈਂਸ ਭਰਾ ਅਤੇ ਪਰਗ ਸਿੰਘ ਵੱਲੋਂ ਕਾੲਮ ਕੀਤੀ ਜਾ ਰਹੀ ‘ਆਵਾਜ਼-ਏ-ਪੰਜਾਬ’ ਪਾਰਟੀ ਨੇ ਵੀ ਆਪ ਦੀ ਲੀਡਰਸ਼ਿਪ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਹੈ। ਇਹ ਸੱਚਮੁਚ ਹੀ ਨਵਜੋਤ ਸਿੱਧੂ ਦਾ ਛੱਕਾ ਹੈ ਅਤ ਪਰਗਟ ਦਾ ਪਲੰਟੀ ਸਟਰੌਕ। ਇਹ ਦੋਵੇਂ ਖਿਡਾਰੀ ਆਪ ਵਿੱਚ ਸ਼ਾਮਲ ਹੋਣ ਦੀ ਤਾਕ ਵਿੱਚ ਸਨ। ਸੂਤਰਾਂ ਮੁਤਾਬਕ ਸਿੱਧੂ ਆਪਣੇ ਸਮਰਥਕਾਂ ਲਈ 32 ਟਿਕਟਾਂ ਦੀ ਮੰਗ ਕਰਦਾ ਸੀ ਅਤੇ ਨਾਲ ਮੁੱਖ ਮੰਤਰੀ ਦੀ ਕੁਰਸੀ ‘ਤੇ ਉਸਦੀ ਨਜ਼ਰ ਸੀ। ਇਹ ਗੱਲ ਉਸਦੀ ਮੰਨੀ ਨਹੀਂ ਗਈ। ਪਰਗਟ ਵੀ ਆਪ ਵਿੱਚ ਆਉਣਾ ਚਾਹੁੰਦਾ ਸੀ ਪਰ ਆਪ ਦਾ ਅੰਦਰੂਨੀ ਕਾਟੋ-ਕਲੇਸ਼ ਦੇਖ ਕੇ ਉਸਦਾ ਮਨ ਬਦਲ ਗਿਆ। ਹੁਣ ਜੇ ਛੋਟੇਪੁਰ ਆਵਾਜ਼-ਏ-ਪੰਜਾਬ ਦਾ ਕਨਵੀਨਰ ਬਣ ਜਾਂਦਾ ਹੈ ਅਤੇ ਡਾ. ਧਰਮਵੀਰ ਗਾਂਧੀ ਦਾ ਫ਼ਰੰਟ ਵੀ ਇਹਨਾਂ ਨਾਲ ਆ ਜੁੜਦਾ ਹੈ ਤਾਂ ਇਹ ਪੰਜਾਬ ਵਿੱਚ ਆਪ ਦੀਆਂ ਵੋਟਾਂ ਵਿੱਚੋਂ ਵੱਡਾ ਹਿੱਸਾ ਲੈਣ ਵਿੱਚ ਕਾਮਯਾਬ ਹੋ ਸਕਦੇ ਹਨ। ਇਸ ਫ਼ਰੰਟ ਦਾ ਸਿੱਧਾ ਨੁਕਸਾਨ ਆਪ ਨੂੰ ਹੋਵੇਗਾ। ਸ਼ਾਇਦ ਇਸੇ ਨੁਕਸਾਨ ਦੀ ਪੂਰਤੀ ਲਈ ਆਪ ਨੇ ਜਗਮੀਤ ਬਰਾੜ ਨਾਲ ਗੱਠਜੋੜ ਕੀਤਾ ਹੈ। ਗੁਰਪ੍ਰੀਤ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਬਣਾਉਣਾ ਅਤੇ ਦਿੱਲੀ ਤੋਂ ਆਏ ਗੈਰ ਪੰਜਾਬੀ ਅਹੁਦੇਦਾਰਾਂ ਨੂੰ ਵਾਪਸ ਬੁਲਾਉਣ ਸਬੰਧੀ ਐਲਾਨ ਕਰਨਾ, ਇਹ ਸਿੱਧ ਕਰਦਾ ਹੈ ਕਿ ਹੁਣ ਕੇਜਰੀਵਾਲ ਪੰਜਾਬ ਵਿੱਚ ਹੋਏ ਨੁਕਸਾਨ ਦੀ ਪੂਰਤੀ ਲਈ ਗੰਭੀਰਤਾ ਨਾਲ ਸੋਚ ਰਿਹਾ ਹੈ। 8 ਸਤੰਬਰ ਨੂੰ ਕੇਜਰੀਵਾਲ ਪੰਜਾਬ ਆ ਰਿਹਾ ਹੈ ਅਤੇ ਉਸ ਤੋਂ ਬਾਅਦ ਇਲਾਜ ਕਰਾਉਣ ਬੰਗਲੌਰ ਜਾਣਾ ਹੈ। ਉਸ ਤੋਂ ਬਾਅਦ ਪੰਜਾ ਦੀ ਕਮਾਂਡ ਪਾਰਟੀ ਸੁਪਰੀਮੋ ਦੇ ਹੱਥ ਵਿੱਚ ਹੋਵੇਗੀ। ਵੇਖਦੇ ਹਾਂ ਕਿ ਕੇਜਰੀਵਾਲ ਦੀ ਅਗਵਾਈ ਵਿੱਚ ਪਾਰਟੀ ਨੁਕਸਾਨ ਦੀ ਪੂਰਤੀ ਪੂਰਤੀ ਕਿਵੇਂ ਕਰਦੀ ਹ ੇਪਰ ਅਜੇ ਤੱਕ ਤਾਂ ਪੰਜਾਬੀਆਂ ਅਤੇ ਗੈਰ ਪੰਜਾਬੀਆਂ ਵਿੱਚ ਠੰਢੀ ਜੰਗ ਜਾਰੀ ਹੈ:
ਜੰਗ ਦਿੱਲੀ ਪੰਜਾਬ ਦਾ ਹੋਣ ਲੱਗਾ
ਦੋਵੇਂ ਧਿਰਾਂ ਦੀਆਂ ਖੂਬ ਤਿਆਰੀਆਂ ਨੇ
ਦੇਖਦੇ ਹਾਂ ਕਿ ਇਸ ਜੰਗ ਵਿੱਚੋਂ ਪੰਜਾਬੀ ਜਿੱਤਦੇ ਹਨ ਕਿ ਨਹੀਂ।
‘ਜੇ ਘੁੱਗੀ ਹੈਂ ਤਾਂ ਉਡ ਕੇ ਦਿਖਾ’
ਇਹ ਮਖੌਲ ਅਕਸਰ ਘੁੱਗੀ ਨੂੰ ਕੀਤਾ ਜਾਂਦਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਦੋ ਦਹਾਕੇ ਪਹਿਲਾਂ ਉਹ ਦੂਰਦਰਸ਼ਨ ਦੇ ਕੰਧੇੜੇ ਚੜ੍ਹ ਕੇ ਲੋਕਾਂ ਦੇ ਦਰਾਂ ਤੇ ਦਸਤਕ ਦੇਣ ਵਿੱਚ ਕਾਮਯਾਬ ਹੋ ਗਿਆ ਸੀ। ਉਸ ਦੀ ਪਹਿਲੀ ਕਾਮੇਡੀ ‘ਤੋਹਫ਼ੇ ਘੁੱਗੀ ਦੇ’ 2002 ਵਿੱਚ ਰਿਲੀਜ਼ ਹੋਈ ਸੀ। ‘ਦੀ ਗਰੇਟ ਇੰਡੀਅਨ ਲਾਫ਼ਟਰ ਚੈਲੈਂਜ’ ਦੇ ਸ਼ੋ ਰਾਹੀਂ ਉਹ ਹੋਰ ਹਰਮਨ ਪਿਆਰਾ ਹੋ ਗਿਆ।
ਵੇਖਦੇ-ਵੇਖਦੇ ਉਸਨੁੰ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਦਾਖਲਾ ਮਿਲ ਗਿਆ। ਉਸਨੇ ਪੰਜਾਬੀ ਦੀਆਂ ਫ਼ਿਲਮਾਂ ‘ਕੈਰੀ ਆਨ ਜੱਟਾ, ਮੁੰਡੇ ਯੂ. ਕੇ. ਦੇ, ਯਾਰਾਂ ਨਾਲ ਬਹਾਰਾਂ, ਦਿਲ ਆਪਣਾ ਪੰਜਾਬੀ’ ਵਿੱਚ ਚੰਗਾ ਨਾਂ ਬਣਾ ਲਿਆ ਸੀ। ਪਿੱਤੇ ਜਿਹੇ ਆਈ ‘ਅਰਦਾਸ’ ਫ਼ਿਲਮ ਰਾਹੀਂ ਉਹ ਪੰਜਾਬੀ ਨੌਜਵਾਨਾਂ ਦਾ ਚਹੇਤਾ ਬਣ ਗਿਆ।
ਸੱਤ ਕੁ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਪ੍ਰੇਰਨਾ ਨਾਲ ‘ਆਪ’ ਪਾਰਟੀ ਵਿੱਚ ਆਇਆ ਤੇ ਅੱਜ ਉਹ ਮਾਨ ਨਾਲੋਂ ਵੱਡੀ ਉਡਾਰੀ ਮਾਰਨ ਵਿੱਚ ਕਾਮਯਾਬ ਹੋ ਗਿਆ।
ਹੁਣ ਉਹ ਸੁੱਚਾ ਸਿੰਘ ਛੋਟੇਪੁਰ ਦੀ ਥਾਂ ਆਮ ਆਦਮੀ ਪਾਰਟੀ ਦਾ ਕਨਵੀਨਰ ਬਣ ਗਿਆ ਹੈ। ਉਸ ਨੂੰ ਥੋੜ੍ਹੇ ਸਮੇਂ ਵਿੱਚ ਵੱਡਾ ਜੰਪ ਮਿਲਿਆ ਹੈ।
ਉਸਨੂੰ ਪਤਾ ਹੈ ਕਿ ਜ਼ਿੰਦਗੀ ਇਕ ਸੜਕ ਵਾਂਗ ਹੁੰਦੀ ਹੈ, ਜਿਸ ‘ਤੇ ਤਰ੍ਹਾਂ-ਤਰ੍ਹਾਂ ਦੇ ਦਿਸ਼ਾ-ਸੂਚਕ ਲੱਗੇ ਹੁੰਦੇ ਹਨ। ਜਾਪਦਾ ਹੈ ਉਹ ਦਿਸ਼ਾ-ਸੂਚਕ ਪੜ੍ਹਨ ਦਾ ਮਾਹਿਰ ਹੈ। ਇਸੇ ਕਾਰਨ ਉਸਨੇ ਵਿਵਾਦਾਂ ਤੋਂ ਫ਼ਾਸਲਾ ਰੱਖਿਆ ਅਤੇ ਸ਼ਿੱਦਤ ਨਾਲ ਆਪਣੇ ਕੰਮ ਨੂੰ ਨਿਭਾਇਆ। ਸ਼ਾਇਦ ਇਸੇ ਕਾਰਨ ਉਸਨੂੰ ਇਨਾਮ ਮਿਲਿਆ ਹੈ। ਭਗਵੰਤ ਮਾਨ ਵਿਵਾਦਾਂ ‘ਚ ਘਿਰ ਗਿਆ ਸੀ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਦੀ ਛੋਟੇਪੁਰ ਦੇ ਸਬੰਧ ਵਿੱਚ ਦਿਖਾਈ ਦੁਚਿੱਤੀ ਨੇ, ਕਨਵੀਨਰਸ਼ਿਪ ਦੀ ਕਲਗੀ ਘੁੱਗੀ ਦੇ ਸਿਰ ‘ਤੇ ਸਜਾਉਣ ਵਿੱਚ ਮਦਦ ਕੀਤੀ। ਇਹ ਗੱਲ ਤਾਂ ਸੱਚ ਹੈ ਕਿ ਘੁੱਗੀ ਨੂੰ ਸਾਰਾ ਪੰਜਾਬ ਜਾਣਦਾ ਹੈ। ਦੇਖਣਾ ਤਾਂ ਹੁਣ ਇਹ ਹੈ ਕਿ ਘੁੱਗੀ ਦੀ ਹਰਮਨ ਪਿਆਰਤਾ ਅਤੇ ਉਸਦੀ ਅਪੀਲ ‘ਆਪ’ ਨੂੰ ਗਹਿਰੇ ਸੰਕਟ ‘ਚੋਂ ਬਾਹਰ ਕੱਢ ਸਕੇਗੀ। ਇਕ ਵਾਰ ਘੁੱਗੀ ਨੂੰ ਇਹ ਕਹਿਣ ਨੂੰ ਦਿੱਲ ਕਰਦਾ ਹੈ ਕਿ ‘ਜੇ ਘੁੱਗੀ ਹੈਂ ਤਾਂ ਉਡ ਕੇ ਦਿਖਾ।’