ਜੋੜਾਂ ਦੇ ਦਰਦ ਦੇ ਕਾਰਨ ਤੇ ਇਲਾਜ

ਮਨੁੱਖੀ ਇਮਊਨ ਸਿਸਟਮ ਬਾਇਓ ਕੈਮੀਕਲ ਤੇ ਸੈਲਾਂ ਨਾਲ ਮਿਲ ਕੇ ਬਣਿਆ ਹੈ। ਇਹ ਸਰੀਰ ਨੂੰ ਬਾਹਰੀ ਚੋਟਾਂ ਤੋਂ ਬਚਾਉਂਦਾ ਅਤੇ ਸਰੀਰ ਵਿੱਚ ਬੈਕਟੀਰੀਆ ਤੇ ਵਾਇਰਸ ਦਾਖਲ ਨਹੀਂ ਹੋਣ ਦਿੰਦਾ ਪਰ ਕਦੀ ਕਦੀ ਇਸ ਤੋਂ ਵੀ ਗਲਤੀ ਹੋ ਜਾਂਦੀ ਹੈ। ਲਿਹਾਜਾ, ਇਹ ਸਰੀਰ ਵਿੱਚ ਮੌਜੂਦ ਪ੍ਰੋਟੀਨ ਨੂੰ ਨਸ਼ਟ ਕਰਨ ਲੱਗਦਾ ਹੈ ਜਿਸ ਕਾਰਨ ਆਰਥਰਾਈਟਸ ਵਰਗਾ ਆਟੋ-ਇਮਊਨ ਰੋਗ ਹੋ ਜਾਂਦਾ ਹੈ।
ਰੁਝੇਵਿਆਂ ਭਰੇ ਜੀਵਨ ਦੇ ਇਸ ਦੌਰ ਵਿੱਚ ਭੋਜਨ ‘ਚ ਪੌਸ਼ਟਿਕਤਾ ਘਟਦੀ ਜਾ ਰਹੀ ਹੈ। ਬਾਹਰੀ ਭੋਜਨ ਅਤੇ ਪੈਕਡ ਫ਼ੂਡ ਦੀ ਵਰਤੋਂ ਨਾਲ ਕਈ ਰੋਗ ਪਣਪਣ ਲੰੱਗਦੇ ਹਨ। ਇਸ ਨਾਲ ਭਿਆਨਕ ਦਰਦ ਦੇਣ ਵਾਲੀਆਂ ਬਿਮਾਰੀਆਂ ਘਰ ਕਰਦੀਆਂ ਜਾ ਰਹੀਆਂ ਹਨ। ਜੋੜਾਂ ਦਾ ਦਰਦ (ਆਰਥਰਾਈਟਸ) ਐਸੀ ਹੀ ਭਿਅੰਕਰ ਦਰਦ ਦੇਣ ਵਾਲੀ ਬੀਮਾਰੀ ਹੈ। ਅੱਜਕੱਲ੍ਹ ਇਹ ਆਮ ਬਿਮਾਰੀ ਬਣ ਗਈ ਹੈ, ਜੋ ਸਰੀਰ ਦੇ ਸਾਰੇ ਜੋੜਾਂ ਨੂੰ ਅਸਰਅੰਦਾਜ਼ ਕਰਦੀ ਹੈ।
ਪਹਿਲਾਂ ਤਾਂ ਇਹ ਬਿਮਾਰੀ 55 ਤੋਂ 60 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਹੁੰਦੀ ਸੀ, ਪਰ ਹੁਣ ਇਹ 40 ਤੋਂ 45 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ। ਸਰੀਰ ਵਿੱਚ ਤੇਜ਼ਾਬ ਦੀ ਮਾਤਰਾ ਵਧਣਾ ਵੀ ਇਸ ਬੀਮਾਰੀ ਦਾ ਇੱਕ ਕਾਰਨ ਹੈ। ਆਰਥਰਾਈਟਸ ਦਾ ਮਤਲਬ ਹੈ ਜੋੜਾਂ ਵਿੱਚ ਸੋਜ਼। ਬਹੁਤ ਤੇਜ਼ ਦਰਦ ਹੁੰਦਾ ਹੈ। ਵਿਅਕਤੀ ਨੂੰ ਚੱਲਣ ਫ਼ਿਰਨ ਤੇ ਗੋਡਿਆਂ ਨੂੰ ਮੋੜਨ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਦਰਅਸਲ ਸਰੀਰ ਵਿੱਚ ਯੂਰਿਕ ਏਸਿਡ ਦੀ ਮਾਤਰਾ ਵਧਣ ‘ਤੇ ਵੀ ਜੋੜਾਂ ਵਿੱਚ ਸੋਜ਼ ਆ ਜਾਂਦੀ ਹੈ। ਇਸ ਅਵਸਥਾ ਨੂੰ ਹੀ ਆਰਥਰਾਈਟਸ (ਜੋੜਾਂ ਦਾ ਰੋਗ) ਕਹਿੰਦੇ ਹਨ।
ਦਰਦ ਐਨਾ ਜ਼ਿਆਦਾ ਹੁੰਦਾ ਹੈ ਕਿ ਮਰੀਜ਼ ਦੇ ਚੱਲਣ ਫ਼ਿਰਨ ਸਮੇਂ ਗੋਡਿਆਂ ਨੂੰ ਮੋੜਨ ‘ਚ ਬਹੁਤ ਕਸ਼ਟ ਹੁੰਦਾ ਹੈ। ਮੋਟੇ ਲੋਕਾਂ ਨੂੰ ਇਸ ਰੋਗ ਦਾ ਖ਼ਤਰਾ ਵੱਧ ਹੁੰਦਾ ਹੈ। ਮਰੀਜ਼ ਨੂੰ ਚੱਲਦੇ ਫ਼ਿਰਦੇ ਸਮੇਂ ਵੀ ਕਸ਼ਟ ਹੁੰਦਾ ਹੈ। ਗੋਡੇ ਦੇ ਜੋੜ ਦੀ ਹੱਡੀ ਤੇ ਡਿਸਕ ਦੇ ਘਿਸਣ ਨਾਲ ਇਹ ਰੋਗ ਹੁੰਦਾ ਹੈ। ਇਹ ਰੋਗ ਪਿਤਾਪੁਰਖੀ (ਜੈਨੇਟਿਕ) ਵੀ ਹੋ ਸਕਦਾ ਹੈ। ਮਤਲਬ ਇਸ ਦਾ ਅਸਰ ਲੋਕਾਂ ਵਿੱਚ ਪੀੜੀ ਦਰ ਪੀੜੀ ਚੱਲਦਾ ਹੈ। ਇਸ ਤੋਂ ਇਲਾਵਾ ਗੋਡੇ ‘ਤੇ ਸੱਟ, ਜੋੜਾਂ ਨੂੰ ਨੁਕਸਾਨ ਤੇ ਜੋੜ ਦੇ ਆਸਪਾਸ ਦੀ ਹੱਡੀ ਟੁੱਟਣ ਨਾਲ ਵੀ ਆਰਥਰਾਈਟਸ ਦੀ ਸ਼ਿਕਾਇਤ ਹੁੰਦੀ ਹੈ।
ਆਰਥਰਾਈਟਸ ਦੇ ਲੱਛਣ: ਮਰੀਜ਼ ਅਕਸਰ ਮੌਸਮ ਦੇ ਨਾਲ ਲੱਛਣਾਂ ਚ ਬਦਲਾਅ ਮਹਿਸੂਸ ਕਰਦੇ ਹਨ। ਗੋਡਿਆਂ ਦੇ ਆਰਥਰਾਈਟਸ ਦੇ ਲੱਛਣ ਹੁੰਦੇ ਹਨ :- ਚੱਲਣ ਫ਼ਿਰਨ ਨਾਲ, ਜੋੜਾਂ ਵਿੱਚ ਦਰਦ, ਗੋਡਿਆਂ ਵਿੱਚ ਅਕੜਾਅ ਆ ਜਾਂਦਾ ਹੈ। ਜੋੜਾਂ ਵਿੱਚ ਸੋਜ਼ ਵੀ ਹੋ ਸਕਦੀ ਹੈ। ਆਰਥਰਾਈਟਸ ਦੋ ਕਿਸਮ ਦਾ ਹੁੰਦਾ ਹੈ- ਆਸਟਿਓ ਆਰਥਰਾਈਟਸ ਤੇ ਰੂਮੇਟਾਇਡ ਆਰਥਰਾਈਟਸ। ਗਾਊਟ ਵੀ ਆਰਥਰਾਈਟਸ ਦੀ ਇੱਕ ਕਿਸਮ ਹੈ। ਖੂਨ ਤੇ ਪੱਠਿਆਂ ‘ਚ ਯੂਰਿਕ ਏਸਡ ਦੀ ਮਾਤਰਾ ਵਧ ਜਾਣ ਕਰਕੇ ਜੋੜ ਵਿੱਚ ਸੋਜ਼ ਆ ਸਕਦੀ ਹੈ। ਇੱਕਊਟ ਗਾਊਟ ਇੱਕ ਦਰਦਨਾਕ ਸਥਿਤੀ ਹੈ ਜੋ ਸਿਰਫ਼ ਇੱਕ ਹੀ ਜੋੜ ਨੂੰ ਪ੍ਰਭਾਵਿਤ ਕਰਦੀ ਹੈ ਜਦ ਕਿ ਕ੍ਰੌਨਿਕ ਗਾਊਟ ‘ਚ ਦਰਦ ਤੇ ਸੋਜ਼ ਇੱਕ ਤੋਂ ਵੱਧ ਜੋੜਾਂ ਨੂੰ ਅਸਰਅੰਦਾਜ਼ ਕਰਦੇ ਹਨ। ਯੂਰਿਕ ਏਸਡ ਦੇ ਕ੍ਰਿਸਟਲ ਜੋੜਾਂ ਵਿੱਚ ਜਮ੍ਹਾਂ ਹੋ ਕੇ ਸੋਜ਼ ਦਾ ਕਾਰਨ ਬਣਦੇ ਹਨ।
ਰੁਮੇਟਾਇਡ ਆਰਥਰਾਈਟਸ: ਇਹ ਲੰਮੇ ਸਮੇਂ ਤੱਕ ਚਲਣ ਵਾਲੀ ਬਿਮਾਰੀ ਹੈ। ਇਸ ਵਿੱਚ ਜੋੜਾਂ ਅਤੇ ਆਲੇ-ਦੁਆਲੇ ਦੇ ਪੱਠਿਆਂ ‘ਚ ਸੋਜ਼ ਆ ਜਾਂਦੀ ਹੈ। ਇਹ ਹੋਰਾਂ ਅੰਗਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਬੀਮਾਰੀ ਦੇ ਹੋਣ ਦੇ ਨਿਸ਼ਚਿਤ ਕਰਨ ਬਾਰੇ ਅਜੇ ਪਤਾ ਹੀ ਨਹੀਂ ਲੱਗ ਸਕਿਆ ਹੈ। ਇਸ ਲਈ ਮੈਡੀਕਲ ਸਾਇੰਸ ਦੀ ਭਾਸ਼ਾ ਵਿੱਚ ਇਸ ਨੂੰ ਆਟੋ-ਇਮਊਨ ਬਿਮਾਰੀ ਕਿਹਾ ਜਾਂਦਾ ਹੈ। ਇਸ ਦੇ ਕਾਰਨ ਸੋਜ਼ ਆਉਣਾ ਅਤੇ ਹੱਥਾਂ ਪੈਰਾਂ ਆਦਿ ਦੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਸਭ ਤੋਂ ਵੱਧ ਹੁੰਦੀ ਹੈ।
ਬਰਸਾਇਟਸ: ਇਹ ਲੱਛਣ ਬਰਸੇ ਦੀ ਸੋਜ਼ ਤੇ ਜੱਲਣ ਹੈ। ਬਰਸਾ ਤਰਲ ਪਦਾਰਥ ਨਾਲ ਭਰੀ ਥੈਲੀ ਹੈ ਜੋ ਮਾਸਪੇਸ਼ੀਆਂ, ਨਸਾਂ ਤੇ ਹੱਡੀਆਂ ਵਿੱਚ ਇੱਕ ਸਿਰਹਾਣੇ ਵਜੋਂ ਕੰਮ ਕਰਦੀ ਹੈ। ਬਰਸਾਇਟਸ ਅਕਸਰ ਅਤੀ ਪ੍ਰਯੋਗ ਦੇ ਸਿਟੇ ਵਜੋਂ ਹੁੰਦਾ ਹੈ। ਇਹ ਸਰਗਰਮੀ ਦੇ ਪੱਧਰ ਵਿੱਚ ਬਦਲਾਅ ਜਿਵੇਂ ਮੈਰਾਥਨ ਲਈ ਸਿਖਲਾਈ ਅਤੇ ਵੱਧ ਵਜ਼ਨ ਚੁੱਕਣ ਕਰਕੇ ਹੋ ਸਕਦਾ ਹੈ। ਪਰ ਕਦੇ ਕਦੇ ਇਸ ਦੇ ਕਾਰਨ ਨਹੀਂ ਲੱਭਦੇ। ਬਰਸਾਇਟਸ ਆਮ ਤੌਰ ‘ਤੇ ਵੱਧ ਦਬਾਅ ਦੇ ਕਾਰਨ ਹੁੰਦਾ ਹੈ। ਮੋਢਾ, ਕੂਹਣੀ, ਕੁੱਲਾ ਤੇ ਗੋਡੇ ਸਭ ਤੋਂ ਵੱਧ ਅਸਰਅੰਦਾਜ਼ ਹੁੰਦੇ ਹਨ। ਇਸ ਸਮੱਸਿਆ ਦੇ ਹੋਣ ਨਾਲ ਸਥਾਨਕ ਜੋੜਾਂ ਵਿੱਚ ਦਰਦ ਤੇ ਕਠੋਰਤਾ ਬਣੀ ਰਹਿੰਦੀ ਹੈ ਅਤੇ ਨਾਲ ਹੀ ਬਸੇ ਦੇ ਚਾਰੋਂ ਪਾਸੇ ਘੇਰੇ ਵਿੱਚ ਜੋੜਾਂ ਦੇ ਆਲੇ ਦੁਆਲੇ ਸੋਜ਼ ਰਹਿੰਦੀ ਹੈ।
ਗੋਡੇ ਦਾ ਆਰਥਰਾਈਟਸ: ਇਹ ਉਹ ਦਰਦ ਹੈ ਜੋ ਗੋਡੇ ਦੇ ਵਿਸ਼ੇਸ਼ ਹਿੱਸਿਆਂ, ਖਾਸ ਕਰਕੇ ਸਾਹਮਣੇ ਵੱਲ ਤੇ ਵਿੱਚਕਾਰ ਹੁੰਦਾ ਹੈ। ਗੋਡੇ ਵਿੱਚ ਕਾਰਟੀਲੇਜ਼ ਦੇ ਹੌਲੀ ਹੌਲੀ ਖੁਰਨ ਕਰਕੇ ਇਹ ਸਮੱਸਿਆ ਹੁੰਦੀ ਹੈ। ਕਾਰਟੀਲੇਜ਼ ਚਿਕਨਾ ਤੇ ਤਿਲਕਣਾ ਪਦਾਰਥ ਹੈ ਜੋ ਗੋਡੇ ਨੂੰ ਅੱਗੇ ਝੁਕਾਉਂਦੇ ਤੇ ਸਿੱਧਾ ਕਰਦੇ ਸਮੇਂ ਹੱਡੀਆਂ ਨੂੰ ਦਬਾਅ ਤੋਂ ਸਿਰਹਾਣੇ ਵਾਂਗ ਰੱਖਿਆ ਦਿੰਦਾ ਹੈ। ਪਰ ਕਾਰਟੀਲੇਜ਼ (ਵਾਸ਼ਲ) ‘ਤੇ ਅਸਰ ਹੋਣ ਕਰਕੇ ਗੋਡੇ ਦਾ ਫ਼ਿਸਲਣਾ (ਤਿਲਕਣਾ) ਮਹਿਸੂਸ ਹੁੰਦਾ ਹੈ ਅਤੇ ਗੋਡੇ ਦੀਆਂ ਹੱਡੀਆਂ ਆਪਸ ‘ਚ ਰਗੜਨ ਕਰਕੇ ਕੜਾਕੇ ਦਾ ਅਨੁਭਵ ਹੁੰਦਾ ਹੈ। ਇਸ ਕਾਰਨ ਗੋਡੇ ਸੌਖੀ ਤਰ੍ਹਾਂ ਚਲ ਫ਼ਿਰ ਨਹੀਂ ਸਕਦੇ ਅਤੇ ਉਹਨਾਂ ਵਿੱਚ ਕਠੋਰਤਾ, ਸੋਜ਼ ਤੇ ਦਰਦ ਮਹਿਸੂਸ ਹੁੰਦਾ ਹੈ।
ਆਸਟਿਓ ਆਰਥਰਾਈਟਸ: ਇਹ ਆਮ ਕਿਸਮ ਦਾ ਜੋੜਾਂ ਦਾ ਦਰਦ ਹੈ। ਇਹ ਵਧਦੀ ਉਮਰ ਦੇ ਨਾਲ ਹੁੰਦਾ ਹੈ। ਇਹ ਉਂਗਲਾਂ ਅਤੇ ਕੁੱਲਿਆਂ ਤੋਂ ਇਲਾਵਾ ਪੂਰੇ ਸਰੀਰ ਦਾ ਭਾਰ ਝਲਣ ਵਾਲੇ ਗੋਡਿਆਂ ਨੂੰ ਸਭ ਤੋਂ ਵੱਧ ਅਸਰਅੰਦਾਜ਼ ਕਰਦਾ ਹੈ। ਇਸ ਰੋਗ ਦੇ ਹੋਣ ‘ਤੇ ਗੋਡਿਆਂ ਵਿੱਚ ਦਰਦ ਤੇ ਚਲਣ ਸਮੇਂ ਗੋਡਿਆਂ ‘ਚ ਤੇਜ਼ ਦਰਦ ਹੁੰਦਾ ਹੈ। ਗੋਡਿਆਂ ਦੀ ਨਰਮ ਕਾਰਟੀਲੇਜ਼, ਹੱਡੀ ਨੂੰ ਮੁਲਾਇਮ ਸਿਰਹਾਣੇ ਵਾਂਗੂ ਸਹਾਰਾ ਦਿੰਦੀ ਹੈ ਪਰ ਉਮਰ ਵਧਣ ਦੇ ਨਾਲ ਇਹ ਘਸਦੀ ਜਾਂਦੀ ਹੈ, ਜਿਸ ਕਾਰਨ ਹੱਡੀਆਂ ਇੱਕ ਦੂਜੇ ਨਾਲ ਰਗੜ ਰੱਖਣ ਲੱਗਦੀਆਂ ਹਨ। ਵੈਸੇ ਤਾਂ ਇਹ ਬਿਮਾਰੀ ਕਿਸੇ ਵੀ ਔਰਤ ਜਾਂ ਮਰਦ ਨੂੰ ਹੋ ਸਕਦੀ ਹੈ ਪਰ 50 ਸਾਲਾਂ ਤੋਂ ਵੱਡੀ ਉਮਰ ਦੀਆਂ ਜ਼ਿਆਦਾਤਾਰ ਔਰਤਾਂ, ਮੀਨੋਪਾਸ ਪਿੱਛੋਂ ਉਨ੍ਹਾਂ ਦੇ ਹਾਰਮੋਨ ਪੱਧਰ ‘ਚ ਬਦਲਾਅ ਕਾਰਨ ਇਸ ਸਮੱਸਿਆ ਦਾ ਸੌਖਿਆ ਹੀ ਸ਼ਿਕਾਰ ਹੋ ਜਾਂਦੀਆਂ ਹਨ।
ਆਸਟੀਓ ਮਲਾਇਟਸ: ਇਹ ਬੈਕਟੀਰੀਆ ਜਾਂ ਹੋਰ ਕ ਕਿਟਾਣੂਆਂ ਦੇ ਕਾਰਨ ਹੋਣ ਵਾਲੀ ਹੱਡੀਆਂ ਦੀ ਇਨਫ਼ੈਕਸ਼ਨ ਹੈ। ਆਮ ਕਰਕੇ ਹੱਡੀਆਂ ਦੀ ਇਨਫ਼ੈਕਸ਼ਨ ਬੈਕਟੀਰੀਆ ਕਾਰਨ ਹੁੰਦੀ ਹੈ। ਪਰ ਇਹ ਹੋਰ ਤਰ੍ਹਾਂ ਦੇ ਕਿਟਾਣੂਆਂ ਕਰਕੇ ਵੀ ਹੋ ਸਕਦੀ ਹੈ। ਇਸ ਸਮੱਸਿਆ ਨਾਲ ਪੀੜਤ ਹੋਣ ‘ਤੇ ਬੈਕਟੀਰੀਆ ਹੱਡੀ ਦੇ ਆਲੇ ਦੁਆਲੇ ਦੀ ਇਨਫ਼ੈਕਸ਼ਨ ਚਮੜੀ, ਮਾਸਪੇਸ਼ੀਆਂ ਜਾਂ ਸੱਟ ਕਰਕੇ ਹੱਡੀ ਵਿੱਚ ਫ਼ੈਲ ਸਕਦੀ ਹੈ ਜਾਂ ਇਨਫ਼ੈਕਸ਼ਨ ਸਰੀਰ ਦੇ ਦੂਜੇ ਹਿਸੇ ਵਿੱਚ ਸ਼ੁਰੂ ਹੋ ਕੇ ਖੂਨ ਦੇ ਰਸਤੇ ਹੱਡੀ ਵਿੱਚ ਫ਼ੈਲ ਸਕਦੀ ਹੈ।
ਟੈਂਡੀਨਾਇਟਿਸ: ਪੈਰਾਂ ਤੇ ਹੱਥਾਂ ਦੀਆਂ ਉਂਗਲਾਂ ਦੇ ਛੋਟੇ ਜੋੜਾਂ ‘ਚ ਸਥਿਤ ਨਸਾਂ ਦੀ ਝਿੱਲੀ ਵਿੱਚ ਸੋਜ਼ ਆ ਜਾਣ ਕਰਕੇ ਦਰਦ ਹੁੰਦਾ ਹੈ। ਇਹ ਰੇਸ਼ੇਦਾਰ ਬਣਤਰ ਹੈ ਜੋ ਹੱਡੀ ਨੂੰ ਪੱਠਿਆਂ ਨਾਲ ਜੋੜਦੀ ਹੈ। ਟੈਂਡੀਨਾਇਟਸ ਸੱਟ ਜਾਂ ਬੇਹੱਦ ਜ਼ਿਆਦਾ ਵਰਤੋਂ ਕਾਰਨ ਹੁੰਦੀ ਹੈ। ਨਾਲ ਹੀ ਉਮਰ ਦੇ ਵਧਣ ਨਾਲ ਨਸਾਂ ‘ਚ ਝੋਲ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ। ਰੁਮੇਟਿਕ ਗਠੀਆ ਜਾਂ ਸ਼ੂਗਰ ਦੀ ਬੀਮਾਰੀ ਵਰਗੇ ਰੋਗ ਵੀ ਇਸ ਸਮੱਸਿਆ ਦਾ ਕਾਰਨ ਹੋ ਸਕਦੇ ਹਨ। ਟੈਡੀਨਾਇਟਸ ਆਮ ਤੌਰ ‘ਤੇ ਕੂਹਣੀ, ਮੋਢੇ ਜਾਂ ਗੁੱਟ ‘ਚ ਪਾਇਆ ਜਾਂਦਾ ਹੈ। ਨਸਾਂ ਦੇ ਨੇੜੇ ਜੋੜਾਂ ਵਿੱਚ ਦਰਦ ਤੇ ਮੂਵਮੈਂਟ ਜਾਂ ਸਰਗਰਮੀ ਦੌਰਾਨ ਦਰਦ ਦਾ ਹੋਣਾ ਵਰਗੇ ਲੱਛਣ ਪਾਏ ਜਾਂਦੇ ਹੈ।
ਆਰਥਰਾਈਟਸ, ਜੋੜਾਂ ਦੀ ਸੋਜ਼, ਗਠੀਆ, ਸਇਟਕਾ, ਦਮਾ, ਸਿਰਦਰਦ, ਮੋਟਾਪਾ ਆਦਿ ਤੋਂ ਬਚਣ ਲਈ ਡਾਕਟਰ ਵਲੋਂ ਦੱਸੀਆਂ ਕਸਰਤਾਂ ਜ਼ਰੂਰ ਕਰੋ। ਪੈਰਾਂ ਦੀਆਂ ਉਂਗਲਾਂ, ਅੱਡੀਆਂ, ਗੋਡੇ, ਪੇਟ ਹੱਥਾਂ ਦੀਆਂ ਉਂਗਲਾਂ, ਕੂਹਣੀ, ਗੁੱਟ, ਮੋਢੇ, ਗਰਦਨ ਤੇ ਅੱਖ ਹਰੇਕ ਅੰਗ ਨੂੰ ਪੰਜ ਜਾਂ ਦਸ ਵਾਰੀ ਹਿਲਾਉਣਾ (ਦਿਨ ‘ਚ ਦੋ ਵਾਰੀ) ਜ਼ਰੂਰੀ ਹੈ। ਸਾਈਕੋਸੋਮੇਟਿਕ, ਨਿਊਰੋਸੋਮੇਟਿਕ ਦਮੇ ਵਿੱਚ ਵੀ ਯੋਗਿਕ ਕਿਰਿਆਵਾਂ ਹਨ। ਮਾਹਿਰ ਦੀ ਰਾਇ ਨਾਲ ਇਹ ਕਰੋ ਤਾਂ ਫ਼ਾਇਦੇਮੰਦ ਹੁੰਦੀਆਂ ਹਨ। ਜੋੜਾਂ ਦੇ ਦਰਦ ਤੋਂ ਬਚਾਅ ਲਈ ਹਲਕੀ ਮਾਲਸ਼ ਕਰਦੇ ਰਹੋ।
‘ਡਾ. ਅਜੀਤਪਾਲ ਸਿੰਘ ਐਮ.ਡੀ.