ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਸਾਲ 2015-16 ਦੌਰਾਨ ਭਰਤੀ ਹੋਏ ਮੈਡੀਕਲ ਅਫ਼ਸਰ (ਜਨਰਲ) ਵੱਲੋਂ ਮਿਤੀ 13 ਜੂਨ 016 ਨੂੰ ਪੂਰੀ ਤਨਖਾਹ ਸਮੇਤ ਭੱਤਿਆਂ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਇਸ ਦੇ ਸਬੰਧ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਹੜਤਾਲ ਤੇ ਗਏ ਇਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋਕ ਹਿੱਤ ਨੂੰ ਦੇਖਦੇ ਹੋਏ ਆਪਣੀ ਡਿਊਟੀ ਤੇ ਤੁਰੰਤ ਹਾਜ਼ਰ ਹੋ ਜਾਣ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਲ 2015 ਦੀ ਭਰਤੀ ਸਬੰਧੀ ਸੈਕਟਰੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਵੱਲੋਂ ਜੋ ਅਖ਼ਬਾਰਾਂ ਵਿੱਚ ਵਿਗਿਆਪਨ ਦਿੱਤਾ ਗਿਆ ਸੀ, ਉਸ ਵਿਗਿਆਪਨ ਦੀ ਸ਼ਰਤ ਨੂੰ. 2 ਅਨੁਸਾਰ ਵੇਤਨਾਮ ਰੁਪਏ 15600-39100+5400 ਗ੍ਰੇਡ ਪੇਅ ਨਿਯੁਕਤ ਉਮੀਦਵਾਰ ਦੇ ਤਨਖਾਹ ਲੈਣ ਸੰਬੰਧੀ ਪੰਜਾਬ ਸਰਕਾਰ, ਵਿੱਤ ਵਿਭਾਗ (ਫਾਇਨਾਂਸ ਪ੍ਰਸੋਨਲ –1 ਬਰਾਂਚ) ਚੰਡੀਗੜ੍ਹ ਦੇ ਨੋਟਿਫਿਕੇਸ਼ਨ ਨੰ: 7/204/2012-4ਐਪੀ/66 ਮਿਤੀ 15-01-2015 ਅਨੁਸਾਰ ਪੇਅ ਬੈਂਡ ਦੇ ਘੱਟੋ-ਘੱਟ ਦੇ ਬਰਾਬਰ ਨਿਰਧਾਰਤ ਤਨਖਾਹ ਬਿਨ੍ਹਾਂ ਕਿਸੇ ਗ੍ਰੇਡ ਪੇਅ ਜਾਂ ਕਿਸੇ ਭੱਤੇ ਤੋਂ 2 ਸਾਲਾਂ ਦੇ ਅਜ਼ਮਾਇਸ਼ੀ ਅਰਸੇ ਦੌਰਾਨ ਅਦਾ ਕੀਤੀ ਜਾਵੇਗੀ। ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਯਾਤਰਾ ਭੱਤੇ ਤੋਂ ਇਲਾਵਾ ਕੋਈ ਹੋਰ ਭੱਤਾ ਜਾਂ ਸਾਲਾਨਾ ਤਰੱਕੀ 2 ਸਾਲਾਂ ਦੇ ਅਜ਼ਮਾਇਸ਼ੀ ਅਰਸੇ ਦੌਰਾਨ ਨਹੀਂ ਦਿੱਤੀ ਜਾਵੇਗੀ।
ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਵਿੱਚ ਵੀ ਉਕਤ ਸਰਤ ਦਾ ਸਪੱਸ਼ਟ ਵਰਣਨ ਕੀਤਾ ਗਿਆ ਸੀ ਅਤੇ ਨਿਯੁਕਤੀ ਪੱਤਰ ਦੀ ਸ਼ਰਤ ਨੰਬਰ 15 ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਯੁਕਤ ਹੋਏ ਉਮੀਦਵਾਰ ਨੂੰ ਨਿਯੁਕਤੀ ਦੀ ਪੇਸ਼ਕਸ਼ ਜੇਕਰ ਪ੍ਰਵਾਨ ਹੈ ਤਾਂ ਉਹ ਸਟੇਟ ਇੰਸਟੀਚਿਊਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਮੁਹਾਲੀ ਫੇਜ਼-6 ਵਿਖੇ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕਰਨ। ਇਸ ਤਰ੍ਹਾਂ ਦੀਆਂ ਸ਼ਰਤਾਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ 2016 ਦੀ ਭਰਤੀ ਪ੍ਰਕ੍ਰਿਆ ਵਿੱਚ ਵੀ ਰੱਖੀ ਗਈ ਹੈ। ਇਸ ਲਈ ਹੜਤਾਲ ਤੇ ਚੱਲ ਰਹੇ ਮੈਡੀਕਲ ਅਫ਼ਸਰ (ਜਨਰਲ) ਨੂੰ ਸਿਹਤ ਮੰਤਰੀ ਦੁਆਰਾ ਅਪੀਲ ਕੀਤੀ ਗਈ ਹੈ ਕਿ ਉਹ ਹੜਤਾਲ ਲੋਕ ਹਿੱਤ ਵਿੱਚ ਖਤਮ ਕਰਦੇ ਹੋਏ ਤੁਰੰਤ ਡਿਊਟੀ ਤੇ ਹਾਜ਼ਰ ਹੋਣ। ਅਜਿਹਾ ਨਾ ਕਰਨ ਦੀ ਸਥਿਤੀ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਣ ਗੀਆਂ ਅਤੇ ਉਨ੍ਹਾਂ ਨੂੰ ਪੰਜਾਬ ਰਾਜ ਵਿੱਚ ਕਿਸੇ ਵੀ ਸਰਕਾਰੀ ਨੌਕਰੀ ਲਈ ਹਮੇਸ਼ਾ ਲਈ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਜਿਸ ਉਪਰੰਤ ਪੰਜਾਬ ਵਿੱਚ ਹੋਰ ਕਿਸੇ ਵੀ ਸਰਕਾਰੀ ਨੌਕਰੀ ਕਰਨ ਲਈ ਯੋਗ ਨਹੀਂ ਰਹਿਣਗੇ।















