ਜਲੰਧਰ ‘ਚ 7 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਅੰਕੜਾ 206 ਤੱਕ ਪੁੱਜਾ

ਜਲੰਧਰ— ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਤਾਰ ਜਾਰੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਇਥੋਂ 7 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਹੁਣ ਜਲੰਧਰ ‘ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 206 ਤੱਕ ਪਹੁੰਚ ਗਈ ਹੈ, ਜਿਨ੍ਹਾਂ ‘ਚੋਂ 6 ਲੋਕ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਅੱਜ ਦੇ ਪਾਜ਼ੇਟਿਵ ਪਾਏ ਗਏ ਕੇਸਾਂ ‘ਚ ਜਲੰਧਰ ਦੇ ਹਾਟ ਸਪਾਟ ਬਣੇ ਕਾਜ਼ੀ ਮੁਹੱਲੇ ਦੇ 4 ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।
ਦੁਨੀਆ ਭਰ ‘ਚ ਕੋਰੋਨਾ ਦੀ ਸਥਿਤੀ
ਦੱਸਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ‘ਚ ਆਪਣਾ ਕਹਿਰ ਢਾਹ ਰਿਹਾ ਹੈ। ਦੁਨੀਆ ਭਰ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 43,86,821 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਨਾਲ ਹੁਣ ਤਕ ਵਿਸ਼ਵ ਵਿਚ 2,95,072 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 16,29,977 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਵਿਚ ਹੁਣ ਤਕ ਲਗਭਗ 77729 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਦੇਸ਼ ਵਿਚ ਹੁਣ ਤਕ 2535 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਧਰ ਪੰਜਾਬ ਵਿਚ ਹੁਣ ਤਕ ਕੋਰੋਨਾ ਦੇ 1960 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 160 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਕੇ ਘਰਾਂ ਨੂੰ ਪਰਤ ਚੁੱਕੇ ਹਨ।