ਤਿੰਨ ਮੰਜ਼ਿਲੇ ਮਕਾਨ ਦੀ ਛੱਤ ‘ਤੇ ਸ਼ਾਮਿਆਨਾ ਲੱਗਾ ਸੀ। ਘਰ ਦੇ ਸਾਹਮਣੇ ਫ਼ੁੱਟਪਾਥ ਨੂੰ ਸਫ਼ਾਈ ਵਾਲਿਆਂ ਨੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਦਿੱਤਾ ਸੀ। ਚੌਕੀਦਾਰ ਨੇ ਕਿਹਾ,”‘ਚਲੋ ਨੱਠੋ ਇੱਥੋਂ’। ਕੂੜਨ ਆਪਣੀ ਮਾਂ ਤੇ ਭੈਣ ਭਰਾ ਨਾਲ ਜਾ ਕੇ ਫ਼ੁਟਪਾਥ ਦੇ ਦੂਜੇ ਪਾਸੇ ਬਹਿ ਗਿਆ। ਦੂਜੀ ਮੰਜ਼ਿਲ ਦੀ ਔਰਤ ਕਹਿਣ ਲੱਗੀ, ‘ਫ਼ਿਰ ਆ ਗਏ ਸਾਨੂੰ ਪਰੇਸ਼ਾਨ ਕਰਨ।” ਕੂੜਨ ਦੀ ਮਾਂ ਨੇ ਕਿਹਾ,” ਨਹੀਂ ਨਹੀਂ। ਅੱਜ ਇੱਥੇ ਤਿਓਹਾਰ ਹੈ, ਸੋ ਰਾਤ ਭਰ ਰਹਾਂਗੇ, ਸਵੇਰ ਹੁੰਦਿਆਂ ਹੀ ਚਲੇ ਜਾਵਾਂਗੇ।’ ”ਦਫ਼ਾ ਕਿਉਂ ਨੀਂ ਹੁੰਦੇ ਤੁਸੀਂ ਲੋਕ ਇੱਥੋਂ? ਫ਼ੁਟਪਾਥ ਨੂੰ ਨਰਕ ਬਣਾ ਦਿੱਤਾ ਹੈ ਤੁਸੀਂ।’ ‘ਕਿੱਥੇ ਜਾਈਏ?” ”ਕੰਮ ਨੀਂ ਕਰ ਸਕਦੀ ਕੁਝ?” ਕੋਈ ਕੰਮ ਨਹੀਂ ਦਿੰਦਾ। ਤੁਹਾਡੇ ਲੋਕਾਂ ਨੂੰ ਸਾਰਾ ਕੁਝ ਗੈਸ ‘ਤੇ ਬਣਦਾ ਹੈ ਘਰ ਵਿੱਚ। ਸਮੇਂ-ਸਮੇਂ ਨਾਲ ਸਫ਼ੈਦੀ ਕਰ ਦੇਈਏ, ਇਹ ਵੀ ਸੰਭਵ ਨਹੀਂ। ਦਿਨ ਰਾਤ ਕੰਮ ਕਰਾਂਗੀ ਇਸ ‘ਤੇ ਕੋਈ ਵਿਸ਼ਵਾਸ ਨੀਂ ਕਰਦਾ, ਕਹਿੰਦੇ ਨੇ ਚੋਰੀ ਕਰ ਕੇ ਨੱਠ ਜਾਵਾਂਗੀ।” ”ਤਾਂ ਕੀ ਭੀਖ ਮੰਗਣਾ ਚੰਗੀ ਗੱਲ ਐ?” ”ਕੀ ਕਰੀਏ? ਜਦ ਤਕ ਕੂੜਨ ਦਾ ਬਾਪ ਆਉਂਦੀ ਸੀ ਭੀਖ ਮੰਗਦੀ ਸੀ, ਫ਼ਿਰ ਮੁੜ ਜਾਂਦੀ ਸੀ। ਹੁਣ ਤਾਂ ਉਹ ਸਾਡੇ ਹਮੇਸ਼ਾ ਭੀਖ ਮੰਗਣ ਦਾ ਇੰਤਜ਼ਾਮ ਕਰ ਗਿਆ ਹੈ।” ਕੂੜਨ ਦੀ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਔਰਤ ਕਹਿਣ ਲੱਗੀ,” ”ਫ਼ੁਟਪਾਥ ਗੰਦਾ ਨਾ ਕਰਨਾ, ਨਹੀਂ ਤਾਂ ਉੱਤੋਂ ਪਾਣੀ ਸੁੱਟ ਦਿਆਂਗੀ।” ”ਨਾ ਮਾਲਕਣ ਇੰਜ ਨਾ ਕਰਨਾ।” ਉਹ ਬੈਠੇ ਰਹੇ। ਅੱਜ ਹੋਲੀ ਹੈ। ਜਗ੍ਹਾ ਜਗ੍ਹਾ ਘੁੰਮਣ ਦੇ ਬਾਵਜੂਦ ਮੁਨਾਸਬ ਭੀਖ ਨਹੀਂ ਸੀ ਮਿਲੀ। ਇੱਕ ਤਾਂ ਕੂੜਨ ਦੀ ਮਾਂ ਨੂੰ ਇਸ ਮੁਹੱਲੇ ਵਿੱਚ ਘਰਾਂ ਦਾ ਸੁਰਾਗ਼ ਹੀ ਨਹੀਂ ਸੀ ਮਿਲਦਾ। ਇੱਕ ਇੱਕ ਉੱਚੇ ਮਕਾਨ ਵਿੱਚ ਪੰਜਾਹ-ਪੰਜਾਹ। ਛੋਟਾ ਪਰਿਵਾਰ ਸੁਖੀ ਪਰਿਵਾਰ ਰਹਿੰਦੇ ਹਨ। ਅਫ਼ਸਰ ਲੋਕ ਦਫ਼ਤਰ ਜਾਂਦੇ ਹਨ। ਔਰਤਾਂ ਵੀ ਕੰਮ ‘ਤੇ ਨਿਕਲਦੀਆਂ ਹਨ। ਥੱਲੇ ਰਹਿੰਦੇ ਲੋਕ ਘੱਟ ਤੇ ਗੱਡੀਆਂ ਜ਼ਿਆਦਾ ਹਨ। ਉਹ ਉਨ੍ਹਾਂ ਮੁਹੱਲਿਆਂ ਵਿੱਚ ਜਾਂਦੀ ਹੈ ਜਿੱਥੇ ਥੱਲੇ ਜ਼ਮੀਨ ‘ਤੇ ਲੋਕ ਰਹਿੰਦੇ ਹਨ। ਉਹ ਪਰੇਸ਼ਾਨ ਹੋ ਕੇ ਭੀਖ ਦੇ ਦਿੰਦੇ ਹਨ। ਕੂੜਨ ਨੇ ਕਿਹਾ, ”ਮਾਂ ਇੰਨਾ ਵੱਡਾ ਤਿਉਹਾਰ ਕਿਉਂ?” ”ਸਾਹਿਬ ਦੇ ਬੇਟੇ ਦਾ ਜਨਮ ਦਿਨ ਹੈ।” ”ਅੱਜ?” ”ਹਾਂ ਵੀ।” ”ਤੂੰ ਕਹਿੰਦੀ ਸੀ ਕਿ ਮੈਂ ਵੀ ਹੋਲੀ ਵਾਲੇ ਦਿਨ ਪੈਦਾ ਹੋਇਆ ਸੀ?” ”ਹਾਂ, ਇਹ ਸੱਚ ਹੈ।” ”ਤਾਂ ਫ਼ਿਰ ਮੇਰਾ ਵੀ ਅੱਜ ਜਨਮ ਦਿਨ ਹੈ?” ”ਹਾਂ।” ”ਭੀਖ ਮੰਗਣ ਨਾ ਗਏ ਤਾਂ ਕੀ ਖਾਵਾਂਗੇ?” ”ਕਿਉਂ, ਇੱਥੇ ਤਿਓਹਾਰ ਜੋ ਮਨਾਇਆ ਜਾ ਰਿਹੈ।” ”ਖਾਣ ਨੂੰ ਮਿਲੇਗਾ ਨਾ?” ”ਕਿਉਂ ਨੀਂ? ਕਿੰਨਾ ਕੁਝ ਆ ਰਿਹੈ। ਸਾਹਿਬ ਲੋਕ ਇੰਨਾ ਕਿੱਥੇ ਖਾ ਸਕਣਗੇ? ਜਦੋਂ ਜੂਠ ਸੁੱਟਣਗੇ ਤਦ ਅਸੀਂ ਸਾਫ਼-ਸਾਫ਼ ਕੱਢ ਕੇ ਖਾ ਲਵਾਂਗੇ।” ”ਜਿਵੇਂ ਉਸ ਦਿਨ ਖਾਧਾ ਸੀ?” ”ਉਸ ਤੋਂ ਵੀ ਵਧੀਆ। ਇਨ੍ਹਾਂ ਕੋਲ ਢੇਰ ਸਾਰਾ ਪੈਸਾ ਹੈ, ਤਿੰਨ-ਤਿੰਨ ਗੱਡੀਆਂ ਨੇ। ਸੁਣਿਐ ਤਿੰਨ ਸੌ ਲੋਕ ਆ ਰਹੇ ਨੇ।” ”ਤੈਨੂੰ ਕਿਵੇਂ ਪਤਾ?” ਸਫ਼ਾਈ ਵਾਲੇ ਨੇ ਦੱਸਿਆ ਸੀ। ਇਹ ਵੱਡੇ ਲੋਕ ਨੇ, ਘਰ ਖਾਣਾ ਨਹੀਂ ਬਣਾਉਂਦੇ। ਹੋਟਲ ਤੋਂ ਭੋਜਨ ਆਵੇਗਾ। ਉਨ੍ਹਾਂ ਨੂੰ ਪੈਸੇ ਦੇ ਦਿੱਤੇ ਜਾਣਗੇ, ਤਰ੍ਹਾਂ-ਤਰ੍ਹਾਂ ਦੇ ਪਕਵਾਨ। ਹੋਟਲ ਵਾਲੇ ਖਾਣਾ ਪਰੋਸਣ ਲਈ ਥਾਲੀਆਂ, ਕਟੋਰੀਆਂ ਵੀ ਨਾਲ ਹੀ ਲਿਆਉਣਗੇ।” ”ਜਨਮ ਦਿਨ ‘ਤੇ ਕੀ ਹੁੰਦੈ ਮਾਂ?” ”ਮੈਨੂੰ ਨਹੀਂ ਪਤਾ ਬੇਟਾ, ਨੌਕਰਾਣੀ ਦਸ ਰਹੀ ਸੀ ਕਿ ਵਲੈਤ ਤੋਂ ਬੱਚੇ ਦਾ ਤਾਇਆ ਖਿਡੌਣੇ ਲਿਆ ਰਿਹੈ। ਨਾਨੀ ਸੋਨੇ ਦੀ ਕਟੋਰੀ ਦੇ ਰਹੀ ਐ, ਮਾਂ-ਬਾਪ ਇੱਕ ਵੱਡੀ ਖਿਡੌਣਾ ਕਾਰ ਦੇ ਰਹੇ ਨੇ ਜਿਹੜੀ ਸੱਚਮੁਚ ਦੀ ਗੱਡੀ ਵਾਂਗ ਚੱਲਦੀ ਹੈ।” ”ਫ਼ਿਰ ਉਹ ਲੜਕਾ ਇੰਨਾ ਰੋਂਦਾ ਕਿਉਂ ਐ ਮਾਂ?” ”ਬਸ ਉਹੀ ਨਖ਼ਰੇ। ਕੁਝ ਨਹੀਂ ਖਾਣਾ, ਕੁਝ ਨਹੀਂ ਪੀਣਾ ਨੌਕਰਾਣੀ ਕਹਿੰਦੀ ਹੈ ਕਿ ਫ਼ਲ, ਮਠਿਆਈ, ਮਾਸ-ਮੱਛੀ ਸਭ ਕੁਝ ਸੁੱਟ ਦਿੰਦਾ ਹੈ।” ”ਸਭ ਸੁੱਟ ਦਿੰਦਾ ਹੈ!” ”ਸਭ।” ਬਹੁਤ ਵੱਡੇ ਲੋਕ ਨੇ।ਬਾਜ਼ਾਰ ਤੋਂ ਨੌਕਰ ਵੱਡੇ-ਵੱਡੇ ਥੈਲਿਆਂ ਵਿੱਚ ਖਾਣ ਦਾ ਸਮਾਨ ਭਰ ਕੇ ਲਿਆਉਂਦਾ ਹੈ। ਘਰ ਵਿੱਚ ਅਠਾਰਾਂ ਕਮਰੇ ਤੇ ਕਿੰਨੇ ਹੀ ਨੌਕਰ ਚਾਕਰ ਨੇ। ਜਨਮ ਦਿਨ ‘ਤੇ ਸਭ ਨੂੰ ਨਵੇਂ ਕੱਪੜੇ ਦਿੱਤੇ ਗਏ। ਲੜਕੇ ਦੀ ਮਾਂ ਨੇ ਮੰਦਿਰ ਵਿੱਚ ਪੂਜਾ ਕੀਤੀ। ਦੋ ਗੱਡੀਆਂ ਵਿੱਚ ਲੱਦ ਕੇ ਫ਼ਲ, ਮਠਿਆਈਆਂ ਲੈ ਗਈ ਸੀ। ਕੂੜਨ ਹੈਰਾਨੀ ਨਾਲ ਸਭ ਸੁਣ ਤੇ ਦੇਖ ਰਿਹਾ ਸੀ। ਸਾਰਾ ਘਰ ਰੋਸ਼ਨੀ ਨਾਲ ਜਗਮਗਾ ਉੱਠਿਆ ਸੀ। ਸੱਤ ਵਜੇ ਨਹੀਂ ਕਿ ਗੱਡੀਆਂ ਦਾ ਕਾਫ਼ਲਾ ਆਉਣਾ ਸ਼ੁਰੂ ਹੋ ਗਿਆ। ਆਈਸਕ੍ਰੀਮ ਦੀ ਇੱਕ ਵੱਡੀ ਵੈਨ ਵੀ ਆ ਪਹੁੰਚੀ। ਕੂੜਨ ਦੀ ਮਾਂ ਨੇ ਕਿਹਾ, ”ਉਨ੍ਹਾਂ ਦਾ ਇੱਕ ਕਮਰਾ ਬਹੁਤ ਵੱਡਾ ਹੈ। ਅੱਜ ਇੱਥੇ ਫ਼ਿਲਮ ਵਿਖਾਈ ਜਾਵੇਗੀ।” ”ਘਰ ਦੇ ਅੰਦਰ ਫ਼ਿਲਮ?” ”ਉਹ ਰਾਜੇ ਹਨ ਸਭ ਕੁਝ ਕਰ ਸਕਦੇ ਹਨ।” ਕੂੜਨ ਦੀ ਮਾਂ ਛੋਟੇ ਬੱਚੇ ਨੂੰ ਦੁੱਧ ਪਿਆਉਣ ਲੱਗੀ। ਪਰ ਦੁੱਧ ਕਿੱਥੇ? ਬੱਚਾ ਆਦਤ ਅਨੁਸਾਰ ਚੂਸਦਾ ਰਿਹਾ। ਵਿੱਚਕਾਰਲੀ ਲੜਕੀ ਜਨਮ ਤੋਂ ਗੂੰਗੀ ਬੋਲੀ ਹੈ। ਬੈਠੇ ਬੈਠੇ ਮੂੰਹ ਤੋਂ ਲਾਰ ਟਪਕਾ ਰਹੀ ਹੈ। ਕੂੜਨ ਮਾਂ ਨਾਲ ਪਿੱਠ ਟਿਕਾਈ ਬੈਠਾ ਹੈ। ਅਜਿਹੇ ਜਸ਼ਨ ਭਰੇ ਘਰ ਨੂੰ ਦੇਖਣ ਵਿੱਚ ਵੀ ਇੱਕ ਅਨੰਦ ਹੈ। ਵੇਖਦੇ-ਵੇਖਦੇ ਉਹ ਕਦੋਂ ਸੌਂ ਗਿਆ, ਉਸ ਨੂੰ ਖ਼ੁਦ ਵੀ ਪਤਾ ਨਾ ਲੱਗਾ। ਫ਼ੁੱਟਪਾਥ ‘ਤੇ ਭਿਖਾਰੀਆਂ ਦੀ ਭੀੜ ਜੁਟ ਗਈ ਸੀ। ਉਨ੍ਹਾਂ ਨੂੰ ਖ਼ਬਰ ਹੋ ਹੀ ਜਾਂਦੀ ਹੈ। ਸ਼ੋਰ ਸ਼ਰਾਬੇ ਨਾਲ ਕੂੜਨ ਦੀ ਨੀਂਦ ਟੁੱਟੀ। ”ਕੀ ਹੋਇਐ ਮਾਂ?” ਕਹਿ ਕੇ ਉਸ ਨੇ ਦੇਖਿਆ ਮਾਂ ਉਥੇਂ ਨਹੀਂ ਸੀ। ਗੂੰਗੀ ਬੋਲੀ ਭੈਣ ਬੈਠੀ ਹੋਈ ਸੀ ਤੇ ਉਸ ਦੇ ਸਾਹਮਣੇ ਨਿੱਕਾ ਭਰਾ ਲੇਟਿਆ ਚੀਕ ਰਿਹਾ ਸੀ। ਕੂੜਨ ਨੱਠ ਕੇ ਗਿਆ। ਇੱਕ ਸਫ਼ੈਦ ਬੰਦ ਵੈਨ ਦੇ ਸਾਹਮਣੇ ਮੰਗਤਿਆਂ ਦੀ ਭੀੜ ਵਿੱਚ। ਉਸ ਦੀ ਮਾਂ ਵੀ ਸੀ। ”ਦੇ ਜਾਓ ਬਾਬੂ, ਸਾਨੂੰ ਵੀ ਦੇ ਜਾਓ। ਜੂਠ ਤਾਂ ਨਾ ਲਿਜਾਓ।” ਇੱਕ ਲੰਗੜੀ ਬੁੱਢੀ ਔਰਤ ਲਗਾਤਾਰ ਬੋਲ ਰਹੀ ਸੀ। ਸਫ਼ੈਦ ਕੱਪੜਿਆਂ ਵਿੱਚ ਉਹ ਲੋਕ ਕਾਫ਼ੀ ਮਾਤਰਾ ‘ਚ ਭੋਜਨ ਲਿਆ ਕੇ ਵੈਨ ਦੇ ਅੰਦਰ ਰੱਖ ਰਹੇ ਸੀ। ਤਲੀਆਂ ਮੱਛੀਆਂ, ਮਾਸ, ਵੱਡੀਆਂ- ਵੱਡੀਆਂ ਮਠਿਆਈਆਂ, ਆਈਸਕ੍ਰੀਮ ਤੇ ਕੋਲਡ ਡਰਿੰਕਸ ਦੇ ਡੱਬੇ। ”ਦੇ ਜਾਓ ਬਾਬੂ, ਅਸੀਂ ਕਦੋਂ ਦੇ ਇੱਥੇ ਬੈਠੇ ਹਾਂ, ਦੇ ਜਾਓ ਸਾਨੂੰ।” ਸਜੇ ਧਜੇ ਕੱਪੜਿਆਂ ਵਿੱਚ ਤਿੰਨ ਨੌਜਵਾਨ ਮਕਾਨ ਤੋਂ ਉਤਰੇ, ਆ ਕੇ ਵੈਨ ਵਾਲਿਆਂ ਨੂੰ ਕਿਹਾ, ”ਇੱਕ ਦਾਣਾ ਵੀ ਨਹੀਂ ਦੇਣਾ। ਇਨ੍ਹਾਂ ਨੂੰ।ਫ਼ੁਟਪਾਥ ਗੰਦਾ ਨਹੀਂ ਕਰਨ ਦੇਣਾ ਆਪਾਂ…। ਗੋ ਨਾਓ…।” ”ਇਨ੍ਹਾਂ ਨੂੰ ਹਟਾਓ ਸਰ, ਨਹੀਂ ਤਾਂ ਅਸੀਂ ਕਿੱਦਾਂ ਜਾਵਾਂਗੇ?” ਤਿੰਨਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਪਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਕੁਝ ਜਵਾਨ ਲੜਕੇ ਉੱਥੇ ਹੋਰ ਆ ਗਏ, ”ਚਲੋ ਨੱਠੋ ਇੱਥੋਂ।” ”ਮਾਲਕ, ਏਨਾ ਕਠੋਰ ਨਾ ਬਣੋ।” ‘ਹਟੋ ਪਿੱਛੇ, ਵੈਨ ਨੂੰ ਜਾਣ ਦਿਓ, ਐਵੇਂ ਕੁਚਲ ਦੇਵੇਗੀ ਤੁਹਾਨੂੰ।” ਲੰਗੜੀ ਬੁੱਢੀ ਔਰਤ ਅਚਾਨਕ ਸਾਹਮਣੇ ਆ ਗਈ।”ਵੈਨ ਨੂੰ ਜਾਣ ਨਹੀਂ ਦਿਆਂਗੀ,ਦੇਖਦੀ ਆਂ, ਸਾਡਾ ਖਾਣਾ ਕਿਵੇਂ ਲੈ ਜਾਓਗੇ?” ਕੂੜਨ ਦੀ ਮਾਂ ਨੇ ਖਿੱਚ ਕੇ ਉਸ ਨੂੰ ਪਰ੍ਹਾਂ ਕੀਤਾ ਤੇ ਕਿਹਾ, ‘ਪਾਗਲ ਹੋ ਗਈ ਐਂ? ਵੈਨ ਦੇ ਥੱਲੇ ਆ ਗਈ ਤਾਂ ਕੀ ਬਚੇਂਗੀ?” ਵੈਨ ਸਟਾਰਟ ਹੋਈ। ਸ਼ੋਰ ਮਚ ਗਿਆ। ਭਿਖਾਰੀ ਹਟ ਗਏ ਤੇ ਵੈਨ ਤੇਜ਼ੀ ਨਾਲ ਚਲੀ ਗਈ। ਕੂੜਨ ਨੂੰ ਇੰਜ ਲੱਗਾ ਜਿਵੇਂ ਉਸ ਦੀਆਂ ਅੱਖਾਂ ਵਿੱਚ ਢੇਰ ਸਾਰਾ ਪਾਣੀ ਆ ਗਿਆ ਹੈ। ਨਿਸਫ਼ਲ ਕ੍ਰੋਧ, ਭੁੱਖ ਦੀ ਪੀੜਾ ਨਾਲ ਉਸ ਦਾ ਮੂੰਹ ਕਸੈਲੇ ਤੇ ਬੇਸਵਾਦ ਪਾਣੀ ਨਾਲ ਭਰ ਗਿਆ। ਉਸ ਨੇ ਜਾਂਦੀ ਹੋਈ ਵੈਨ ਵੱਲ ਜ਼ੋਰ ਨਾਲ ਥੁੱਕਿਆ। ਫ਼ਿਰ ਮਾਂ ਨੂੰ ਮਾਰਦਿਆਂ ਕਹਿਣ ਲੱਗਾ, ”ਖਾਣ ਨੂੰ ਦੇ ਰਾਖਸ਼ਣੀ। ਇੱਥੇ ਭੋਜਨ ਮਿਲੇਗਾ ਕਹਿ ਕੇ ਭੀਖ ਮੰਗਣ ਲਈ ਵੀ ਨਹੀਂ ਗਈ। ਹੁਣ ਖਾਣ ਨੂੰ ਦੇ ਕਿਤੋਂ।” ਮਾਂ ਉਸ ਨੂੰ ਸੰਭਾਲਦੀ ਹੋਈ ਚੱਲ ਪਈ। ਭਿਖਾਰੀਆਂ ਦਾ ਸ਼ੋਰ ਅਜੇ ਵੀ ਥਮਿਆ ਨਹੀਂ ਸੀ। ਅਚਾਨਕ ਜਗਮਗਾਉਂਦੇ ਘਰ ਵਿੱਚ ਕੋਈ ਸਟੀਰੀਓ ਚਲਾ ਕੇ ਤੇਜ਼ ਗਾਣਾ ਵਜਾਉਣ ਲੱਗਾ, ਸ਼ੋਰ ਉਸ ਵਿੱਚ ਦੱਬ ਗਿਆ। ਮਾਂ ਨੇ ਕੂੜਨ ਨੂੰ ਕਿਹਾ, ”ਕੱਲ੍ਹ ਕਿਤੇ ਹੋਰ ਚੱਲਾਂਗੇ, ਸ਼ਮਸ਼ਾਨ ਚੱਲੇਂਗਾ?” ਹਾਂ-ਹਾਂ, ਉੱਥੇ ਹੀ ਜਾਵਾਂਗਾ। ਘੱਟੋ ਘੱਟ ਖਿੱਲ੍ਹਾਂ ਤੇ ਪੈਸੇ ਤਾਂ ਮਿਲਣਗੇ।” ਬਹੁਤ ਦੇਰ ਤਕ ਉਹ ਰੋਂਦਾ ਰਿਹਾ, ਫ਼ਿਰ ਉਸ ਦੀ ਮਾਂ ਨਲਕੇ ਤੋਂ ਉਸ ਲਈ ਪਾਣੀ ਲੈ ਆਈ ਤੇ ਉਸ ਦੀ ਦੇਹ ‘ਤੇ ਹੱਥ ਰੱਖਦੇ ਹੋਏ ਬੋਲੀ, ”ਪਾਣੀ ਪੀ ਲੈ ਤੇ ਕਮਰ ਦਾ ਕੱਪੜਾ ਕਸ ਕੇ ਬੰਨ੍ਹ ਲੈ। ਮੈਂ ਵੀ ਏਦਾਂ ਹੀ ਕੀਤਾ ਹੈ। ਵੇਖੀਂ ਪੇਟ ਰੋਵੇਗਾ ਨਹੀਂ, ਨੀਂਦ ਆ ਜਾਵੇਗੀ।”
ਮੂਲ ਲੇਖਕ
ਮਹਾਸ਼ਵੇਤਾ ਦੇਵੀ
ਪੰਜਾਬੀ ਅਨੁਵਾਦ
ਹਰਿੰਦਰ ਸਿੰਘ ਗੋਗਨਾ















