ਛੋਟਾ ਹੋਇਆ CM ਨਾਇਬ ਸੈਣੀ ਦਾ ਕਾਫਲਾ, ਵਰਚੁਅਲ ਤੌਰ ‘ਤੇ ਮੀਟਿੰਗਾਂ ਕਰਨ ‘ਤੇ ਦਿੱਤਾ ਜ਼ੋਰ

ਹਰਿਆਣਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਸ਼ਟਰ ਹਿੱਤ ਵਿਚ ਬਾਲਣ (ਫਿਊਲ) ਦੀ ਬਚਤ ਅਤੇ ਸਰੋਤਾਂ ਦੀ ਸਹੀ ਵਰਤੋਂ ਲਈ ਇਕ ਵੱਡੀ ਪਹਿਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਚੱਲਦਿਆਂ ਮੁੱਖ ਮੰਤਰੀ ਸੈਣੀ ਨੇ ਆਪਣੇ ਕਾਫਲੇ ਦਾ ਆਕਾਰ ਛੋਟਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਮੁੱਖ ਮੰਤਰੀ ਦੇ ਨਾਲ-ਨਾਲ ਮੰਤਰੀਆਂ ਅਤੇ ਵਿਧਾਇਕਾਂ ਦੇ ਵਾਹਨਾਂ ਦਾ ਕਾਫਲਾ ਵੀ ਪਹਿਲਾਂ ਨਾਲੋਂ ਛੋਟਾ ਹੋਵੇਗਾ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨਾਇਬ ਸੈਣੀ ਦੇ ਕਾਫਲੇ ਵਿਚ ਹੁਣ ਸਿਰਫ਼ ਸੁਰੱਖਿਆਂ ਲਈ ਅਤਿ ਲੋੜੀਂਦੇ ਵਾਹਨ ਹੀ ਸ਼ਾਮਲ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਇਹ ਵੀ ਸੰਕਲਪ ਲਿਆ ਹੈ ਕਿ ਉਹ ਹਫ਼ਤੇ ਵਿਚ ਇਕ ਦਿਨ ਬਿਨਾਂ ਕਿਸੇ ਵਾਹਨ ਦੇ ਆਪਣਾ ਕੰਮਕਾਜ ਚਲਾਉਣਗੇ। ਪੈਟਰੋਲ-ਡੀਜ਼ਲ ਦੀ ਬਚਤ ਲਈ ਸਰਕਾਰੀ ਮੀਟਿੰਗਾਂ ਹੁਣ ਜ਼ਿਆਦਾਤਰ ਵਰਚੁਅਲ (ਵੀਡੀਓ ਕਾਨਫਰੰਸਿੰਗ ਰਾਹੀਂ) ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਨਿਯਮ ਸਿਰਫ਼ ਉਨ੍ਹਾਂ ‘ਤੇ ਹੀ ਨਹੀਂ, ਸਗੋਂ ਸਾਰੇ ਮੰਤਰੀਆਂ ਅਤੇ ਵਿਭਾਗਾਂ ਦੇ ਅਧਿਕਾਰੀਆਂ ‘ਤੇ ਵੀ ਲਾਗੂ ਹੋਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਯਾਤਰਾ ਦੌਰਾਨ ਘੱਟ ਤੋਂ ਘੱਟ ਵਾਹਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਬਹੁਤ ਜ਼ਰੂਰੀ ਹੋਣ ‘ਤੇ ਹੀ ਸਫ਼ਰ ਕੀਤਾ ਜਾਵੇ।
ਜਨਤਾ ਨੂੰ ਅਪੀਲ
ਮੁੱਖ ਮੰਤਰੀ ਨੇ ਹਰਿਆਣਾ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਨਾਗਰਿਕ ਵੀ ਵੱਧ ਤੋਂ ਵੱਧ ਜਨਤਕ ਟ੍ਰਾਂਸਪੋਰਟ (Public Transport) ਦੀ ਵਰਤੋਂ ਕਰਨ ਤਾਂ ਜੋ ਦੇਸ਼ ਹਿੱਤ ਵਿੱਚ ਤੇਲ ਦੀ ਬਚਤ ਕੀਤੀ ਜਾ ਸਕੇ। ਸਰਕਾਰ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਕਿਉਂਕਿ ਇਸ ਨਾਲ ਨਾ ਸਿਰਫ਼ ਸਰਕਾਰੀ ਖ਼ਰਚਾ ਘਟੇਗਾ ਸਗੋਂ ਵਾਤਾਵਰਣ ਦੀ ਸੰਭਾਲ ਵਿੱਚ ਵੀ ਮਦਦ ਮਿਲੇਗੀ।