ਛਤਰੀਵਾਲੀ ਨੂੰ ਮਿਲ ਰਹੇ ਹੁੰਗਾਰੇ ਤੋਂ ਰਕੁਲ ਖ਼ੁਸ਼

ਅਦਾਕਾਰਾ ਰਕੁਲ ਪ੍ਰੀਤ ਸਿੰਘ ਹਾਲ ਹੀ ‘ਚ ਰੀਲੀਜ਼ ਹੋਈ ਆਪਣੀ ਫ਼ਿਲਮ ਛਤਰੀਵਾਲੀ ਨੂੰ ਮਿਲ ਰਹੇ ਹੁੰਗਾਰੇ ਤੋਂ ਖ਼ੁਸ਼ ਹੈ। ਉਸ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਉਸ ਨੂੰ ਉਹ ਮੁੱਦੇ ਚੁੱਕਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਬਾਰੇ ਸਮਾਜ ‘ਚ ਆਮ ਤੌਰ ‘ਤੇ ਗੱਲਬਾਤ ਨਹੀਂ ਕੀਤੀ ਜਾਂਦੀ। ਫ਼ਿਲਮ ‘ਚ ਰਕੁਲ ਨੇ ਅਜਿਹੇ ਕਿਰਦਾਰ ਦੀ ਭੂਮਿਕਾ ਨਿਭਾਈ ਹੈ ਜੋ ਸਮਾਜ ਨੂੰ ਬਦਲਣ ਅਤੇ ਨੌਜਵਾਨਾਂ ਨੂੰ ਸਿਖਿਅਤ ਕਰਨ ਦੇ ਮਿਸ਼ਨ ‘ਤੇ ਆਧਾਰਿਤ ਹੈ।
ਫ਼ਿਲਮ ਵਿਚਲੇ ਕਿਰਦਾਰ ਲਈ ਪ੍ਰਸ਼ੰਸਕਾਂ ਵਲੋਂ ਰਕੁਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਰਕੁਲ ਨੇ ਕਿਹਾ, ”ਮੈਂ ਛਤਰੀਵਾਲੀ ਨੂੰ ਦਰਸ਼ਕਾਂ ਦੇ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਬਹੁਤ ਖ਼ੁਸ਼ ਹਾਂ। ਇਹ ਮੇਰੇ ਲਈ ਬਹੁਤ ਖ਼ਾਸ ਫ਼ਿਲਮ ਹੈ ਅਤੇ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਲਈ ਵੀ ਇਹ ਖ਼ਾਸ ਹੋਵੇਗੀ।” ਉਸ ਨੇ ਕਿਹਾ, ”ਮੈਨੂੰ ਇਸ ਫ਼ਿਲਮ ਰਾਹੀਂ ਉਨ੍ਹਾਂ ਮੁੱਦਿਆਂ ‘ਤੇ ਗੱਲ ਕਰਨ ਅਤੇ ਉਨ੍ਹਾਂ ਪਹਿਲੂਆਂ ‘ਤੇ ਚਾਨਣਾ ਪਾਉਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਬਾਰੇ ਅਸੀਂ ਗੱਲਬਾਤ ਨਹੀਂ ਕਰਦੇ। ਮੈਨੂੰ ਖ਼ੁਸ਼ੀ ਹੈ ਕਿ ਸਾਡਾ ਸੰਦੇਸ਼ ਦਰਸ਼ਕਾਂ ਤਕ ਪਹੁੰਚ ਗਿਆ ਹੈ।”