ਚੰਡੀਗੜ੍ਹ : 18 ਨਵੰਬਰ ਤੋਂ ਬਾਅਦ ਸ਼ਹਿਰ ‘ਚ ਇਕ ਕੋਵਿਡ ਪਾਜ਼ੇਟਿਵ ਕੇਸ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਅਨੁਸਾਰ ਇਕ ਔਰਤ ‘ਚ ਕੋਵਿਡ ਦੀ ਪੁਸ਼ਟੀ ਹੋਈ ਹੈ, ਜੋ ਕਿ ਸੈਕਟਰ-43 ਦੀ ਵਸਨੀਕ ਹੈ। ਐਡਵਾਈਜ਼ਰੀ ਜਾਰੀ ਕਰਨ ਤੋਂ ਬਾਅਦ ਵਿਭਾਗ ਨੇ ਕੋਵਿਡ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਪਿਛਲੇ 24 ਘੰਟਿਆਂ ‘ਚ 46 ਲੋਕਾਂ ਦੀ ਜਾਂਚ ਕੀਤੀ ਗਈ ਹੈ। ਮਰੀਜ਼ ‘ਚ ਕੋਈ ਨਵਾਂ ਵੇਰੀਐਂਟ ਜੇ. ਐੱਨ.1 ਹੈ ਜਾਂ ਨਹੀਂ, ਇਹ ਜਾਂਚ ਕਰਨ ਲਈ ਸੈਂਪਲ ਲਏ ਗਏ ਹਨ।
ਪਿਛਲੇ ਵੀਰਵਾਰ ਸਿਹਤ ਵਿਭਾਗ ਨੇ ਸੂਬਾ ਪੱਧਰ ’ਤੇ ਕੋਵਿਡ ਸਬੰਧੀ ਮੀਟਿੰਗ ਕੀਤੀ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਦਾ ਕਹਿਣਾ ਸੀ ਕਿ ਮੀਟਿੰਗ ‘ਚ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਨਵੇਂ ਵੇਰੀਐਂਟ ਸਬੰਧੀ ਚਰਚਾ ਹੋਈ ਸੀ। ਸਾਵਧਾਨੀ ਵਜੋਂ ਵਿਭਾਗ ਨੇ ਕੋਵਿਡ ਐਡਵਾਈਜ਼ਰੀ ਜਾਰੀ ਕੀਤੀ ਸੀ। ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜੇਕਰ ਮਾਮਲੇ ਵੱਧਦੇ ਹਨ ਅਤੇ ਕੇਂਦਰ ਤੋਂ ਕੋਈ ਹੁਕਮ ਆਉਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਭੀੜ-ਭੜੱਕੇ ਵਾਲੇ ਇਲਾਕੇ ’ਚ ਮਾਸਕ ਪਾਓ
ਡਾਕਟਰਾਂ ਅਤੇ ਸਿਹਤ ਸੰਭਾਲ ਮੁਲਾਜ਼ਮਾਂ, ਮਰੀਜ਼ਾਂ ਅਤੇ ਉਨ੍ਹਾਂ ਦੇ ਅਟੈਂਡੈਂਟ ਮਾਸਕ ਦੀ ਵਰਤੋਂ ਜ਼ਰੂਰ ਕਰਨ।
ਖੰਘਦੇ ਜਾਂ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਦੀ ਵਰਤੋਂ ਕਰੋ।
ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।
ਜੇਕਰ ਤੁਸੀਂ ਬੀਮਾਰ ਹੋ ਤਾਂ ਕਿਸੇ ਨੂੰ ਮਿਲਣ ਤੋਂ ਗੁਰੇਜ਼ ਕਰੋ।
ਜੇਕਰ ਤੁਹਾਨੂੰ ਬੁਖ਼ਾਰ, ਖੰਘ ਜਾਂ ਸਾਹ ਲੈਣ ਵਿਚ ਤਕਲੀਫ਼ ਹੈ ਤਾਂ ਤੁਰੰਤ ਡਾਕਟਰਾਂ ਨਾਲ ਸੰਪਰਕ ਕਰੋ।
ਜੇਕਰ ਕੋਈ ਵਿਅਕਤੀ ਕੋਵਿਡ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ 7 ਦਿਨਾਂ ਲਈ ਆਪਣੇ ਆਪ ਨੂੰ ਵੱਖਰਾ ਰੱਖਣਾ ਚਾਹੀਦਾ ਹੈ ਅਤੇ ਜੇਕਰ ਸਮੱਸਿਆ ਗੰਭੀਰ ਹੈ ਤਾਂ ਨਜ਼ਦੀਕੀ ਸਿਹਤ ਸੰਭਾਲ ਕੇਂਦਰ ਵਿਚ ਜਾਓ।















