ਚੌਟਾਲਿਆਂ ਦੀ ਇਨੈਲੋ ਪਾਰਟੀ ਨਾਲ ਨਹੀਂ ਹੈ ਸਾਡਾ ਕੋਈ ਲੈਣਾ ਦੇਣਾ: ਸੁਖਬੀਰ ਬਾਦਲ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸਾਫ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੌਟਾਲਿਆਂ ਦੀ ਇਨੈਲੋ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਤੋਂ ਬਾਅਦ ਸੁਖਬੀਰ ਨੇ ਆਖਿਆ ਕਿ ਇਨੈਲੋ ਨਾਲ ਉਨ੍ਹਾਂ ਦਾ ਗੱਠਜੋੜ ਕਾਫ਼ੀ ਸਮੇਂ ਪਹਿਲਾਂ ਟੁੱਟ ਗਿਆ ਸੀ। ਇਸ ਕਰ ਕੇ ਇਸ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਤਲੁਜ ਯਮਨਾ ਲਿੰਕ ਨਹਿਰ ਦੀ ਗੱਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸੂਬੇ ਦੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਗੌਰਤਲਬ ਹੈ  ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਦੇਣ ਦੀ ਬਜਾਏ ਇਨੈਲੋ ਦਾ ਸਾਥ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦੇ ਇੱਕ ਉਮੀਦਵਾਰ ਨੂੰ ਇਨੈਲੋ ਵੱਲੋਂ ਬਕਾਇਦਾ ਟਿਕਟ ਦਿੱਤੀ ਗਈ ਸੀ। ਇਸ ਮੌਕੇ ਉੱਤੇ ਅਕਾਲੀ ਦਲ ਦਾ ਕਹਿਣਾ ਸੀ ਕਿ ਉਹ ਬੀਜੇਪੀ ਦੀ ਥਾਂ ਇਨੈਲੋ ਦਾ ਸਾਥ ਇਸ ਲਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਸਬੰਧ ਇਸ ਪਾਰਟੀ ਨਾਲ ਹਨ।