ਚੋਣ ਨਾ ਲੜ ਕੇ ਪਾਰਟੀ ਨਾਲ ਧੋਖਾ ਕੀਤਾ ਅਮਰਿੰਦਰ ਨੇ : ਬਰਾੜ

3ਚੰਡੀਗੜ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਨੇ ਪਾਰਟੀ ਵਲੋਂ ਪੰਜਾਬ ਵਿਚ ਖਡੂਰ ਸਾਹਿਬ ਉਪ ਚੋਣ ਦੇ ਐਲਾਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਅਕਾਲੀ-ਭਾਜਪਾ ਦੀ ਸਰਕਾਰ ਤੋਂ ਦੁਖੀ ਹੋ ਕੇ ਕਿਸਾਨ ਆਤਮਹੱਤਿਆਵਾਂ ਕਰ ਰਹੇ ਹਨ, ਨਸ਼ੇ ਦਾ ਦਰਿਆ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ, ਬਹਿਬਲਕਲਾਂ ਤੇ ਬਰਗਾੜੀ ਕਾਂਡ ਦੀ ਸੱਚਾਈ ਸਾਹਮਣੇ ਨਹੀਂ ਆਈ ਹੈ। ਇਨ•ਾਂ ਸਾਰੇ ਮੁੱਦਿਆਂ ‘ਤੇ ਇਹ ਉਪ ਚੋਣ ਲੜਣੀ ਜ਼ਰੂਰੀ ਸੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਇਹ ਚੋਣ ਲੜਣ ਦੀ ਹਰੀ ਝੰਡੀ ਦਿੰਦਿਆਂ ਰਮਨਜੀਤ ਸਿੰਘ ਸਿੱਕੀ ਦੇ ਨਾਮ ‘ਤੇ ਮੋਹਰ ਲਾਈ ਸੀ। ਅੱਜ ਪਾਰਟੀ ਨੇਤਾਵਾਂ ਨੇ ਉਥੇ ਜਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣੇ ਸਨ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੋਣ ਨਾ ਲੜਣ ਦਾ ਫੈਸਲਾ ਕਰਕੇ ਪੰਜਾਬ ਦੀ ਜਨਤਾ ਅਤੇ ਪਾਰਟੀ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਹੁਣ ਇਹ ਸਮਾਂ ਉਚਿਤ ਸੀ ਕਿ ਜਨਤਾ ਦੀ ਰਾਏਸ਼ੁਮਾਰੀ ਲਈ ਜਾਂਦੀ। ਹੁਣ ਪਾਰਟੀ ਆਪਣੇ ਸਮੂਹ ਵਰਕਰਾਂ ਨੂੰ ਕੀ ਜਵਾਬ ਦੇਵੇਗੀ। ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਆਉਣ ਵਾਲੇ ਸਮੇਂ ਲਈ ਕਬਰ ਖੋਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ, ਪੰਜਾਬੀਅਤ ਤੇ ਕਾਂਗਰਸ ਪਾਰਟੀ ਨਾਲ ਧੋਖਾ ਕੀਤਾ ਹੈ।
ਇਸ ਤੋਂ ਇਲਾਵਾ ਸ. ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਮੇਰਾ ਸ਼ਾਮਿਲ ਹੋਣਾ ਨਾਮੁਮਕਿਨ ਹੈ। ਮੈਂ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਹਾਂ। ਪਰ ਪਾਰਟੀ ਨਾਲ ਜਿਹੜਾ ਗੱਦਾਰੀ ਕਰੇਗਾ, ਉਸ ਦੇ ਵਿਰੁੱਧ ਮੈਂ ਆਪਣੀ ਆਵਾਜ਼ ਵਿਚ ਉਠਾਉਂਦਾ ਹਾਂ ਅਤੇ ਉਠਾਉਂਦਾ ਰਹਾਂਗਾ।