ਚੁਣੌਤੀਆਂ ਨਾਲ ਸਿੱਝਣ ਦੀ ਸ਼ੌਕੀਨ ਹੈ ਡਾਇਨਾ

ਫ਼ਿਲਮ ‘ਕੌਕਟੇਲ’ ਤੋਂ ਅਭਿਨੈ ਦੇ ਖੇਤਰ ਵਿੱਚ ਕਦਮ ਰੱਖਣ ਵਾਲੀ ਡਾਇਨਾ ਪੇਂਟੀ ਇੱਕ ਮੌਡਲ ਅਤੇ ਅਭਿਨੇਤਰੀ ਹੈ। ਬਚਪਨ ਤੋਂ ਹੀ ਚੁਣੌਤੀ ਭਰਪੂਰ ਕੰਮ ਕਰਨ ਦੀ ਇੱਛਾ ਰੱਖਣ ਵਾਲੀ ਡਾਇਨਾ ਨੇ ਮੁੰਬਈ ਦੇ ਸੇਂਟ ਜ਼ੇਵੀਅਰਜ਼ ਕਾਲਜ ਤੋਂ ਮਾਸ ਮੀਡੀਆ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। ਸਾਲ 2005 ਵਿੱਚ ਉਸ ਨੇ ਮੌਡਲਿੰਗ ਦੇ ਖੇਤਰ ਵਿੱਚ ਕਦਮ ਰੱਖਿਆ, ਅਤੇ ਕੁਝ ਹੀ ਸਮੇਂ ਵਿੱਚ ਸੁਪਰ ਮੌਡਲ ਬਣ ਗਈ। ਸ਼ਾਇਦ ਹੀ ਕੋਈ ਅਜਿਹਾ ਡਿਜ਼ਾਈਨਰ ਹੋਵੇਗਾ ਜਿਸ ਦੇ ਡਿਜ਼ਾਈਨ ਕੀਤੇ ਕੱਪੜੇ ਪਹਿਨ ਕੇ ਡਾਇਨਾ ਰੈਂਪ ‘ਤੇ ਨਾ ਚੱਲੀ ਹੋਵੇ। ਉਸ ਤੋਂ ਬਾਅਦ ‘ਕੌਕਟੇਲ’ ਰਾਹੀਂ ਉਸ ਨੇ ਫ਼ਿਲਮਾਂ ਵਿੱਚ ਕਦਮ ਰੱਖਿਆ ਤਾਂ ਭਰਪੂਰ ਸ਼ਲਾਘਾ ਮਿਲੀ। ਲੋਕਾਂ ਨੂੰ ਲੱਗਿਆ ਕਿ ਸੰਭਾਵਨਾਵਾਂ ਤੋਂ ਲੈਸ ਇਹ ਅਭਿਨੇਤਰੀ ਬਹੁਤ ਅੱਗੇ ਤਕ ਜਾਵੇਗੀ, ਪਰ ਅਜਿਹਾ ਨਾ ਹੋਇਆ। ਛੇ ਸਾਲ ਵਿੱਚ ਕੇਵਲ ਤਿੰਨ ਫ਼ਿਲਮਾਂ ਇਸ ਦੀ ਉਦਾਹਰਨ ਹਨ। ਕਿਉਂਕਿ ਇੱਕ ਵਾਰ ਫ਼ਿਰ ਹੁਣ ਡਾਇਨਾ ਦੀ ਇੱਕ ਨਵੀਂ ਫ਼ਿਲਮ ਰਿਲੀਜ਼ ਹੋਣ ਵਾਲੀ ਹੈ, ਪੇਸ਼ ਹਨ ਡਾਇਨਾ ਪੇਂਟੀ ਨਾਲ ਕੀਤੀ ਗਈ ਇੱਕ ਗੱਲਬਾਤ ਦੇ ਕੁਝ ਅੰਸ਼:
-ਤੁਸੀਂ ਆਪਣੀ ਫ਼ਿਲਮ ‘ਪਰਮਾਣੂ-ਦਾ ਸਟੋਰੀ ਔਫ਼ ਪੋਖਰਨ’ ਬਾਰੇ ਸਾਡੇ ਪਾਠਕਾਂ ਨੂੰ ਕੀ ਦੱਸਣਾ ਚਾਹੋਗੇ?
-ਜੌਹਨ ਐਬਰਾਹਮ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਵਿੱਚ ਬਣੀ ਇਹ ਫ਼ਿਲਮ 1998 ਵਿੱਚ ਪੋਖਰਣ ਵਿੱਚ ਭਾਰਤੀ ਫ਼ੌਜ ਵਲੋਂ ਕੀਤੇ ਗਏ ਪਰਮਾਣੂ ਪ੍ਰੀਖਣ ਉੱਤੇ ਆਧਾਰਿਤ ਹੈ। ਫ਼ਿਲਮ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਬਣਾਉਣ ਤੋਂ ਪਹਿਲਾਂ ਐਬਰਾਹਮ ਨੇ ਆਪਣੇ ਆਪ ਇਸ ਦੀ ਰਿਸਰਚ ਕੀਤੀ। ਸਾਨੂੰ ਭਰੋਸਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਤਕ ਜ਼ਰੂਰ ਪੁੱਜੇਗੀ ਕਿਉਂਕਿ ਇਹ ਫ਼ਿਲਮ ਭਾਰਤ ਦੇ ਰਾਜਨੀਤਕ ਇਤਿਹਾਸ ਦਾ ਇੱਕ ਅਹਿਮ ਪੰਨਾ ਖੋਲ੍ਹੇਗੀ। ਸੱਚੀ ਘਟਨਾ ਉੱਤੇ ਆਧਾਰਿਤ ਇਸ ਫ਼ਿਲਮ ਵਿੱਚ ਮੈਂ ਉਸੇ ਪਰਮਾਣੂ ਪ੍ਰੀਖਣ ਮਿਸ਼ਨ ਦਾ ਹਿੱਸਾ ਹਾਂ। ਇਸ ਵਿੱਚ ਦਰਸ਼ਕਾਂ ਨੂੰ ਮੇਰਾ ਐਕਸ਼ਨ ਅਵਤਾਰ ਵੀ ਦੇਖਣ ਨੂੰ ਮਿਲੇਗਾ। ਇਸ ਲਈ ਮੈਂ ਕਿੱਕ ਬੌਕਸਿੰਗ ਦੀ ਬਾਕਾਇਦਾ ਟ੍ਰੇਨਿੰਗ ਲਈ ਅਤੇ ਇਸ ਦੀ ਕਾਫ਼ੀ ਪ੍ਰੈਕਟਿਸ ਵੀ ਕੀਤੀ ਸੀ।
-‘ਹੈਪੀ ਭਾਗ ਜਾਏਗੀ’ ਦੇ ਸੀਕੁਅਲ ਦੇ ਬਾਰੇ ਕੀ ਕਹੋਗੇ?
-ਇਸ ਸੀਕੁਅਲ ਦਾ ਨਾਂ ਹੈ ‘ਹੈਪੀ ਭਾਗ ਜਾਏਗੀ ਰਿਟਰਨਜ਼’। ਦਰਅਸਲ, ‘ਹੈਪੀ ਭਾਗ ਜਾਏਗੀ’ ਦੀ ਸਫ਼ਲਤਾ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਕੀਤਾ। ਦਸ ਦੇਵਾਂ ਕਿ ਇਸ ਸੀਕੁਅਲ ਵਿੱਚ ਤੁਹਾਨੂੰ ਡਬਲ ਹੈਪੀ ਦਾ ਡੋਜ਼ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਵਾਰ ਫ਼ਿਲਮ ਵਿੱਚ ਮੇਰੇ ਨਾਲ ਹੈਪੀ ਦੇ ਕਿਰਦਾਰ ਵਿੱਚ ਸੋਨਾਕਸ਼ੀ ਸਿਨਹਾ ਵੀ ਵਿਖਾਈ ਦੇਵੇਗੀ।
-ਕੀ ਤੁਹਾਡੀ ਕੋਈ ਖ਼ਾਸ ਤਰ੍ਹਾਂ ਦੀ ਫ਼ਿਲਮ ਜਾਂ ਕਿਰਦਾਰ ਕਰਨ ਦੀ ਵੀ ਇੱਛਾ ਹੈ?
-ਹਾਂ, ਮੇਰੀ ਇੱਛਾ ਹੈ ਕਿ ਮੈਂ ਇੱਕ ਬਾਇਓਪਿਕ ਕਰਾਂ ਜੋ ਕਿਸੇ ਖਿਡਾਰੀ ਜਾਂ ਫ਼ਿਰ ਸੰਗੀਤਕਾਰ ਦੀ ਜ਼ਿੰਦਗੀ ਉੱਤੇ ਆਧਾਰਿਤ ਹੋਵੇ। ਨਾਲ ਹੀ ਜੇਕਰ ਪੁਲਾੜ ਯਾਤਰੀ ਕਲਪਨਾ ਚਾਵਲਾ ਉੱਤੇ ਕੋਈ ਬਾਇਓਪਿਕ ਬਣਦੀ ਹੈ ਤਾਂ ਉਸ ਨੂੰ ਮੈਂ ਜ਼ਰੂਰ ਕਰਨਾ ਚਹਾਂਗੀ ਕਿਉਂਕਿ ਬਚਪਨ ਤੋਂ ਹੀ ਮੇਰੀ ਇੱਛਾ ਇੱਕ ਪੁਲਾੜ ਯਾਤਰੀ ਬਣਨ ਦੀ ਸੀ।
-ਫ਼ਿਲਮ ‘ਕੌਕਟੇਲ’ ਅਤੇ ‘ਹੈਪੀ ਭਾਗ ਜਾਏਗੀ’ ਵਿੱਚ ਚਾਰ ਸਾਲ ਤਾਂ ‘ਹੈਪੀ ਭਾਗ ਜਾਏਗੀ’ ਤੋਂ ‘ਲਖਨਊ ਸੈਂਟਰਲ’ ਵਿੱਚ ਦੋ ਸਾਲ ਦਾ ਲੰਬਾ ਅੰਤਰ, ਅਜਿਹਾ ਕਿਉਂ?
– ਇਸ ਦੀ ਇੱਕ ਹੀ ਵਜ੍ਹਾ ਇਹ ਹੈ ਕਿ ਕਈ ਵਾਰ ਠੀਕ ਪਟਕਥਾ ਮਿਲਣ ਵਿੱਚ ਵਕਤ ਲੱਗ ਜਾਂਦਾ ਹੈ। ਮੇਰੇ ਨਾਲ ਵੀ ਇਸ ਦੌਰਾਨ ਅਜਿਹਾ ਹੀ ਹੋਇਆ। ਇੰਡਸਟਰੀ ਵਿੱਚ ਤੁਹਾਡੀ ਪਸੰਦ ਦੀ ਪਟਕਥਾ ਮਿਲ ਜਾਵੇ, ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਹਾਲਾਂਕਿ, ਇਹ ਬਹੁਤ ਹੀ ਨਿਜੀ ਚੀਜ਼ ਵੀ ਹੈ, ਠੀਕ ਉਂਝ ਹੀ ਜਿਵੇਂ ਤੁਸੀਂ ਇੱਕ ਕਿਤਾਬ ਪੜ੍ਹੀ ਅਤੇ ਤੁਹਾਨੂੰ ਪਸੰਦ ਨਹੀਂ ਆਈ, ਪਰ ਮੈਂ ਉਹੀ ਕਿਤਾਬ ਪੜ੍ਹੀ ਅਤੇ ਮੈਨੂੰ ਚੰਗੀ ਲੱਗੀ। ਮੈਨੂੰ ਆਪਣੀ ਕਿਸੇ ਪਿਛਲੀ ਫ਼ਿਲਮ ਵਰਗਾ ਕਿਰਦਾਰ ਦੁਬਾਰਾ ਨਹੀਂ ਸੀ ਕਰਨਾ। ਮੈਂ ਕੁਝ ਵੱਖ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਬਿਹਤਰ ਰੋਲ ਮਿਲਣ ਤਕ ਇੰਤਜ਼ਾਰ ਕਰਨਾ ਠੀਕ ਸਮਝਿਆ। ਉਂਝ ਵੀ ਮੈਂ ਜਲਦਬਾਜ਼ੀ ਵਿੱਚ ਕੋਈ ਫ਼ਿਲਮ ਨਹੀਂ ਕਰਨਾ ਚਾਹੁੰਦੀ। ਮੈਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਤਾਂ ਕਿ ਦਰਸ਼ਕਾਂ ਨੂੰ ਕੁਝ ਨਵਾਂ ਮਿਲਦਾ ਰਹੇ। ਇਹੀ ਕਾਰਨ ਹੈ ਕਿ ਮੈਂ ਜ਼ਿਆਦਾ ਫ਼ਿਲਮਾਂ ਨਹੀਂ ਕਰ ਸਕੀ।
-ਤੁਸੀਂ ਫ਼ਿਲਮ ਨੂੰ ਚੁਣਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਦੇ ਹੋ?
– ਕਹਾਣੀ, ਕਿਰਦਾਰ ਅਤੇ ਨਿਰਮਾਤਾ, ਇਹ ਚੀਜਾਂ ਜ਼ਰੂਰ ਵੇਖਦੀ ਹਾਂ। ਜੇਕਰ ਕਹਾਣੀ ਪਸੰਦ ਆ ਜਾਵੇ ਤਾਂ ਨਿਰਮਾਤਾ ਨੂੰ ਦੇਖਣਾ ਜ਼ਰੂਰੀ ਹੈ। ਇਸ ਤੋਂ ਇਹ ਪਤਾ ਚੱਲ ਜਾਂਦਾ ਹੈ ਕਿ ਜਿਸ ਫ਼ਿਲਮ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉਹ ਰਿਲੀਜ਼ ਵੀ ਹੋਵੇਗੀ ਜਾਂ ਨਹੀਂ। ਨਾਲ ਹੀ ਜੇਕਰ ਕਿਰਦਾਰ ਚੰਗਾ ਅਤੇ ਅਸਰਦਾਰ ਹੋਵੇ ਤਾਂ ਮੈਨੂੰ ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਕਿ ਮੇਰਾ ਕਿਰਦਾਰ ਫ਼ਿਲਮ ਵਿੱਚ ਕਿੰਨੀ ਦੇਰ ਦਾ ਹੈ। ਇਹ ਮੇਰੀ ਤਰਜੀਹ ਨਹੀਂ ਹੁੰਦੀ। ਇਹੀ ਵਜ੍ਹਾ ਹੈ ਕਿ ਮੈਂ ‘ਲਖਨਊ ਸੈਂਟਰਲ’ ਵਿੱਚ ਪੁਰਸ਼ਾਂ ਦੇ ਸਮਾਜ ਵਿੱਚ ਇੱਕ ਤਾਕਤਵਰ ਔਰਤ ਦਾ ਕਿਰਦਾਰ ਨਿਭਾਇਆ।
-ਅਸਲ ਜ਼ਿੰਦਗੀ ਵਿੱਚ ਤੁਸੀਂ ਕਿਵੇਂ ਦੇ ਹੋ ‘ਕੌਕਟੇਲ’ ਦੀ ਮੀਰਾ ਜਾਂ ‘ਹੈਪੀ ਭਾਗ ਜਾਏਗੀ’ ਦੀ ਹੈਪੀ ਜਾਂ ਫ਼ਿਰ ‘ਲਖਨਊ ਸੈਂਟਰਲ’ ਦੀ ਗਾਇਤਰੀ ਵਰਗੇ?
-ਸੱਚ ਕਹਾਂ ਤਾਂ ਮੇਰੀ ਸ਼ਖ਼ਸੀਅਤ ਇਨ੍ਹਾਂ ਤਿੰਨਾਂ ਦਾ ਮਿਸ਼ਰਣ ਹੈ, ਪਰ ਇਸ ਦੇ ਬਾਵਜੂਦ ਆਪਣੇ ਆਪ ਨੂੰ ‘ਕੌਕਟੇਲ’ ਦੀ ਮੀਰਾ ਦੇ ਜ਼ਿਆਦਾ ਨਜ਼ਦੀਕ ਦੇਖਦੀ ਹਾਂ। ਦਰਅਸਲ, ਅਸਲ ਜ਼ਿੰਦਗੀ ਵਿੱਚ ਮੈਂ ਵੀ ਮੀਰਾ ਦੀ ਤਰ੍ਹਾਂ ਹੀ ਸ਼ਾਂਤ ਅਤੇ ਸ਼ਰਮੀਲੀ ਹਾਂ। ਹਾਲਾਂਕਿ, ਹੁਣ ਮੈਂ ਪਹਿਲਾਂ ਜਿੰਨੀ ਸ਼ਰਮੀਲੀ ਨਹੀਂ ਰਹੀ। ਮੀਰਾ ਦਾ ਕਿਰਦਾਰ ਕਰਨ ਦੀ ਵਜ੍ਹਾ ਵੀ ਇਹੀ ਰਹੀ ਕਿ ਓਦੋਂ ਮੈਨੂੰ ਲਗਦਾ ਸੀ ਕਿ ਮੈਂ ਉਸ ਦੀ ਤਰ੍ਹਾਂ ਹਾਂ ਤਾਂ ਮੈਨੂੰ ਉਹੀ ਕਰਨਾ ਚਾਹੀਦਾ ਹੈ। ਫ਼ਿਰ ਇਹ ਅਹਿਸਾਸ ਹੋਇਆ ਕਿ ਮੈਂ ਇੱਕ ਹੀ ਤਰ੍ਹਾਂ ਦਾ ਕਿਰਦਾਰ ਦੁਬਾਰਾ ਕਿਉਂ ਕਰਾਂ? ਮੈਂ ਇੱਕ ਵਾਰ ਕਰ ਲਿਆ, ਹੁਣ ਕੁਝ ਵੱਖ ਕਰਨਾ ਚਾਹੀਦਾ ਹੈ।
-‘ਕੌਕਟੇਲ’ ਵਰਗੀ ਫ਼ਿਲਮ ਤੋਂ ਬਾਅਦ ‘ਹੈਪੀ ਭਾਗ ਜਾਏਗੀ’ ਵਿੱਚ ਕੌਮੇਡੀ ਕਰਨਾ ਕਿੰਨਾ ਮੁਸ਼ਕਲ ਸੀ?
-ਕੌਮੇਡੀ ਕਰਨਾ ਸੱਚ ਵਿੱਚ ਬਹੁਤ ਔਖਾ ਸੀ, ਪਰ ਇਸ ਨੂੰ ਵੀ ਮੈਂ ਇੱਕ ਚੁਣੌਤੀ ਸਮਝ ਕੇ ਕੀਤਾ। ਉਂਝ ਜਦੋਂ ਤੁਹਾਡੇ ਨਾਲ ਕਾਮੇਡੀ ਦੇ ਮਹਾਂਰਥੀ ਹੋਣ ਤਾਂ ਕੰਮ ਕਰਨਾ ਆਸਾਨ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਕਾਫ਼ੀ ਚੰਗਾ ਕਰਦੇ ਦੇਖ ਕੇ ਤੁਹਾਨੂੰ ਵੀ ਉਨ੍ਹਾਂ ਦਾ ਪਾਲਣ ਕਰਨਾ ਪੈਂਦਾ ਹੈ ਜਿਸ ਨਾਲ ਚੰਗੀ ਅਦਾਕਾਰੀ ਬਾਹਰ ਆਉਂਦੀ ਹੈ। ਇਸ ਲਈ ਸਾਥੀ ਕਲਾਕਾਰਾਂ ਨੂੰ ਦੇਖ ਦੇਖ ਕੇ ਮੇਰੇ ਲਈ ਵੀ ਅਭਿਨੈ ਕਰਨਾ ਆਸਾਨ ਹੋ ਗਿਆ ਸੀ।
-ਬਿਨਾਂ ਗੌਡਫ਼ਾਦਰ ਦੇ ਬੌਲੀਵੁਡ ਵਿੱਚ ਆਪਣੀ ਜਗ੍ਹਾ ਬਣਾਉਣਾ ਕਿੰਨਾ ਮੁਸ਼ਕਿਲ ਰਿਹਾ?
– ਮੈਨੂੰ ਜ਼ਿਆਦਾ ਮੁਸ਼ਕਿਲ ਨਹੀਂ ਹੋਈ ਕਿਉਂਕਿ ਮੈਂ ਜਿੰਨੇ ਲੋਕਾਂ ਨਾਲ ਕੰਮ ਕੀਤਾ ਉਹ ਸਾਰੇ ਚੰਗੇ ਸਨ। ਉਨ੍ਹਾਂ ਨੇ ਮੇਰਾ ਔਖੇ ਵੇਲੇ ਵਿੱਚ ਵੀ ਸਾਥ ਦਿੱਤਾ। ਅਜਿਹਾ ਲੱਗਿਆ ਕਿ ਸਾਰੇ ਮੈਨੂੰ ਸਹੀ ਦਿਸ਼ਾ ਦੇ ਰਹੇ ਹਨ। ਮੈਨੂੰ ਉਮੀਦ ਹੈ ਕਿ ਅੱਗੇ ਵੀ ਉਹੋ ਜਿਹਾ ਹੀ ਰਹੇਗਾ। ਮੇਰੇ ਹਿਸਾਬ ਨਾਲ ਤੁਹਾਨੂੰ ਅੰਤ ਵਿੱਚ ਇਹ ਸਾਬਿਤ ਕਰਨਾ ਪੈਂਦਾ ਹੈ ਕਿ ਤੁਸੀਂ ਕਿੰਨੇ ਪ੍ਰਤਿਭਾਸ਼ਾਲੀ ਹੋ।
-ਸੋਸ਼ਲ ਮੀਡੀਆ ਉੱਤੇ ਤੁਸੀਂ ਕਿੰਨੇ ਕੁ ਸਰਗਰਮ ਹੋ?
– ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਹੀ ਤਾਂ ਅੱਜ ਮੈਂ ਇੱਥੇ ਤਕ ਪਹੁੰਚੀ ਹਾਂ। ਇਸ ਦੇ ਮਾਧਿਅਮ ਤੋਂ ਲੋਕ ਸਾਨੂੰ ਪਛਾਣਦੇ ਹਨ ਅਤੇ ਸਾਨੂੰ ਪ੍ਰਸਿੱਧੀ ਮਿਲਦੀ ਹੈ। ਹੁਣ ਮੈਂ ਟਿਵਟਰ, ਇੰਸਟਾਗਰਾਮ, ਫ਼ੇਸਬੁੱਕ ਸਾਰਿਆਂ ਉੱਤੇ ਸਰਗਰਮ ਹਾਂ ਅਤੇ ਇਨ੍ਹਾਂ ‘ਤੇ ਚੰਗਾ ਸਮਾਂ ਵੀ ਗੁਜ਼ਾਰਦੀ ਹਾਂ।
-ਤੁਸੀਂ ਆਪਣੇ ਆਪ ਨੂੰ ਕਿੰਨੇ ਫ਼ੈਸ਼ਨੇਬਲ ਮੰਨਦੇ ਹੋ?
-ਮੌਡਲਿੰਗ ਦਾ ਪਿਛੋਕੜ ਤੋਂ ਹੋਣ ਕਾਰਨ ਫ਼ੈਸ਼ਨ ਮੈਨੂੰ ਪਸੰਦ ਹੈ। ਮੈਂ ਆਪਣੇ ਹਿਸਾਬ ਨਾਲ ਤਿਆਰ ਹੁੰਦੀ ਹਾਂ। ਆਪਣੇ ਕੱਪੜੇ ਮੈਂ ਆਪਣੇ ਆਪ ਡਿਜ਼ਾਈਨ ਕਰਦੀ ਹਾਂ। ਮੈਂ ਉਹੀ ਪਹਿਨਦੀ ਹਾਂ ਜੋ ਮੈਨੂੰ ਆਰਾਮਦਾਇਕ ਲੱਗੇ। ਕਿਸੇ ਦੀ ਡਰੈੱਸ ਦੇਖ ਕੇ ਮੈਂ ਕੱਪੜੇ ਨਹੀਂ ਪਹਿਨਦੀ। ਮੈਨੂੰ ਜੀਨਜ਼, ਟੀ-ਸ਼ਰਟ ਅਤੇ ਚੱਪਲ ਚੰਗੇ ਲੱਗਦੇ ਹਨ। ਹਾਲਾਂਕਿ, ਮੈਂ ਹਮੇਸ਼ਾਂ ਨੈਚੁਰਲ ਮੇਕਅੱਪ ਪਸੰਦ ਕਰਦੀ ਹਾਂ। ਉਹ ਮੇਰੇ ਉੱਤੇ ਜਚਦਾ ਵੀ ਹੈ।