ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਚੀਫ਼ ਜਸਟਿਸ ਸੂਰਿਆਕਾਂਤ ਅਤੇ ਨਿਆਂਪਾਲਿਕਾ ਬਾਰੇ ਜਨਤਕ ਤੌਰ ’ਤੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਅਪਰਾਧਿਕ ਉਲੰਘਣਾ ਦੇ ਮਾਮਲੇ ਵਿਚ ਸ਼ਿਵ ਸੈਨਾ (ਊਧਵ) ਦੇ ਨੇਤਾ ਸੰਜੇ ਰਾਊਤ ਅਤੇ ਪੱਤਰਕਾਰ ਨਿਖਿਲ ਵਾਗਲੇ ਨੂੰ ਸ਼ੁੱਕਰਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਸੁਪਰੀਮ ਕੋਰਟ ਨੇ ਇਹ ਨੋਟਿਸ ‘ਸੁਪਰੀਮ ਕੋਰਟ ਬਾਰ ਐਸੋਸੀਏਸ਼ਨ’ (ਐੱਸ. ਸੀ. ਬੀ. ਏ.) ਵੱਲੋਂ ਦਾਇਰ ਉਲੰਘਣਾ ਪਟੀਸ਼ਨ ’ਤੇ ਜਾਰੀ ਕੀਤੇ।
ਇਸ ਮਾਮਲੇ ਦੇ ਸਬੰਧ ਵਿਚ ਐੱਸ. ਸੀ. ਬੀ. ਏ. ਦੇ ਪ੍ਰਧਾਨ ਅਤੇ ਸੀਨੀਅਰ ਵਕੀਲ ਪ੍ਰਦੀਪ ਰਾਏ ਨੇ ਦੋਸ਼ ਲਗਾਇਆ ਕਿ ਰਾਊਤ ਅਤੇ ਵਾਗਲੇ ਦੀਆਂ ਟਿੱਪਣੀਆਂ ਉਚਿਤ ਆਲੋਚਨਾ ਦੀ ਹੱਦ ਤੋਂ ਬਾਹਰ ਸਨ ਅਤੇ ਇਨ੍ਹਾਂ ਨਾਲ ਸੁਪਰੀਮ ਕੋਰਟ ਪ੍ਰਤੀ ਜਨਤਾ ਦਾ ਵਿਸ਼ਵਾਸ ਕਮਜ਼ੋਰ ਹੋ ਸਕਦਾ ਹੈ। ਇਸ ਦੌਰਾਨ ਸੰਜੇ ਰਾਊਤ ਨੇ ਕਿਹਾ ਹੈ ਕਿ ਜੇਕਰ ਸਰਵਉੱਚ ਅਦਾਲਤ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਦੇ ਖ਼ਿਲਾਫ ਕੋਈ ਅਣਉਚਿਤ ਟਿੱਪਣੀ ਕੀਤੀ ਹੈ, ਤਾਂ ਭਾਰਤੀ ਸੰਵਿਧਾਨ ਦੀ ਰੱਖਿਆ ਕਰਨ ਵਾਲੀ ਇਸ ਸੰਸਥਾ ਤੋਂ ਮੁਆਫ਼ੀ ਮੰਗਣ ਵਿਚ ਕੁਝ ਵੀ ਗ਼ਲਤ ਨਹੀਂ ਹੈ।















