ਚਾਹ-ਕੌਫ਼ੀ ਬਾਰੇ ਕੇਵਲ ਸੋਚਣ ਨਾਲ ਹੀ ਆ ਜਾਂਦੀ ਐ ਤਾਜ਼ਗੀ

ਟੋਰੌਂਟੋ – ਵਿਗਿਆਨੀਆਂ ਨੇ ਤਾਜ਼ਗੀ ਸਬੰਧੀ ਇੱਕ ਨਵੀਂ ਸ਼ੋਧ ਕੀਤੀ ਹੈ। ਇਸ ਸ਼ੋਧ ਵਿੱਚ ਉਨ੍ਹਾਂ ਨੇ ਪਤਾ ਲਗਾਇਆ ਹੈ ਕਿ ਲੋਕਾਂ ਨੂੰ ਸਵੇਰੇ ਨੀਂਦ ਤੋਂ ਜਗਾਉਣ ਵਿੱਚ ਵਿਸ਼ਵ ਵਿੱਚ ਦੂਜੇ ਸਥਾਨ ‘ਤੇ ਰਹਿਣ ਵਾਲੀ ਚਾਹ ਅਤੇ ਚੌਥੇ ਸਥਾਨ ‘ਤੇ ਕਾਇਮ ਕੌਫ਼ੀ ਬਾਰੇ ਸਿਰਫ਼ ਸੋਚਣ ਨਾਲ ਵੀ ਤਾਜ਼ਾ ਮਹਿਸੂਸ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਔਫ਼ ਟੋਰੌਂਟੋ ਦੇ ਸਾਥੀ ਪ੍ਰੋਫ਼ੈਸਰ ਸੈਮ ਮੈਗਲਿਓ ਦੀ ਅਗਵਾਈ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਨੇ ਇਸ ਸਬੰਧੀ ਇੱਕ ਅਧਿਐਨ ਕੀਤਾ।

ਪ੍ਰੋਫ਼ੈਸਰ ਮੈਗਲਿਓ ਨੇ ਇੱਕ ਪਤਰਿਕਾ ਵਿੱਚ ਪ੍ਰਕਾਸ਼ਿਤ ਆਪਣੇ ਸ਼ੋਧ ਪੱਤਰ ਵਿੱਚ ਕਿਹਾ ਹੈ ਕਿ ਸਵੇਰ ਦੀ ਨੀਂਦ ਤੋਂ ਜਾਗ ਕੇ ਫ਼ੁਰਤੀ ਭਰਨ ਵਾਲੀ ਕੌਫ਼ੀ ਅਤੇ ਚਾਹ ਵਿੱਚ ਮਨੋਵਿਗਿਆਨਿਕ ਗੁਣ ਵੀ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਸ਼ਾਇਦ ਹੀ ਪਤਾ ਹੋਵੇ। ਇਹ ਦੋਹੇਂ ਪੀਣ ਵਾਲੇ ਪਦਾਰਥ ਸਿਰਫ਼ ਪੀਣ ਨਾਲ ਹੀ ਤਾਜ਼ਗੀ ਨਹੀਂ ਦਿੰਦੇ ਸਗੋਂ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਮਤਲਬ ਮਗ, ਪਿਆਲੇ, ਚਾਹ ਦੇ ਬ੍ਰੈਂਡ, ਐਸਪ੍ਰੈੱਸੋ, ਕੈਪੁਚੀਨੋ, ਲਾਤੇ, ਆਦਿ ਕੌਫ਼ੀ ਦਾ ਲੋਗੋ ਦੇਖਣ ਅਤੇ ਚਾਹ ਜਾਂ ਕੌਫ਼ੀ ਬਾਰੇ ਸੋਚਣ ਮਾਤਰ ਨਾਲ ਵੀ ਤਾਜ਼ਾ ਹੋਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, ”ਅਸੀਂ ਆਪਣੇ ਸ਼ੋਧ ਵਿੱਚ ਪਾਇਆ ਕਿ ਦੋਹੇਂ ਪੀਣ ਨਾਲ ਜੁੜੀਆਂ ਸੰਕੇਤਿਕ ਚੀਜ਼ਾਂ ਨੂੰ ਦੇਖਣ ਅਤੇ ਉਨ੍ਹਾਂ ਬਾਰੇ ਸੋਚਣ ਭਰ ਨਾਲ ਤਾਜ਼ਾ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਲਈ ਅਮਰੀਕਾ, ਕੈਨੇਡਾ ਅਤੇ ਯੌਰਪੀ ਦੇਸ਼ਾਂ ਦੇ ਨਾਲ-ਨਾਲ ਚੀਨ, ਜਾਪਾਨ ਅਤੇ ਕੋਰੀਆਈ ਦੇਸ਼ਾਂ ਦੇ ਕਰੀਬ 342 ਲੋਕਾਂ ਦੇ ਚਾਰ ਸਮੂਹਾਂ ‘ਤੇ ਸ਼ੋਧ ਕੀਤੀ ਗਈ।
ਪ੍ਰੋਫ਼ੈਸਰ ਮੈਗਲਿਗੋ ਨੇ ਕਿਹਾ ਕਿ ਇਸ ਦੌਰਾਨ ਲੋਕਾਂ ਨੂੰ ਚਾਹ ਜਾਂ ਕੌਫ਼ੀ ਦੇ ਕਾਲਪਨਿਕ ਬ੍ਰੈਂਡਾਂ ਬਾਰੇ ਮੌਕ (ਫ਼ਰਜ਼ੀ) ਮਾਰਕੀਟਿੰਗ ਸਮੇਤ ਮਾਨਸਿਕ ਰੂਪ ਨਾਲ ਕੀਤੇ ਜਾਣ ਵਾਲੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤਾ ਗਿਆ। ਇਸ ਦੌਰਾਨ ਕਾਫ਼ੀ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ। ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਕੀਤਾ ਗਿਆ, ਉਨ੍ਹਾਂ ਦੇ ਦਿਲ ਦੀ ਗਤੀ ਅਤੇ ਤਾਜ਼ਾ ਮਹਿਸੂਸ ਕਰਨ ਸਬੰਧੀ ਮਾਨਸਿਕ ਸਥਿਤੀ ਵਿੱਚ ਤਬਦੀਲੀ ਦੇਖੀ ਗਈ। ਚਾਹ ਅਤੇ ਕੌਫ਼ੀ ਨਾਲ ਸਬੰਧਤ ਸੋਚ ਅਤੇ ਸੰਕੇਤਕ ਚੀਜ਼ਾਂ ਦਾ ਮਨੁੱਖਾਂ ਦੇ ਦਿਮਾਗ਼ਾਂ ‘ਤੇ ਵੱਖ-ਵੱਖ ਪ੍ਰਕਾਰ ਦਾ ਅਸਰ ਦੇਖਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਨੂੰ ਕੌਫ਼ੀ ਜਾਂ ਚਾਹ ਨਾਲ ਸਬੰਧਤ ਸੰਕੇਤਾਂ ਨੂੰ ਦੇਖਣ ਜਾਂ ਉਨ੍ਹਾਂ ਬਾਰੇ ਸੋਚਣ ਲਈ ਕਿਹਾ ਗਿਆ ਉਨ੍ਹਾਂ ਨੇ ਉਂਝ ਦੀ ਹੀ ਤਾਜ਼ਗੀ ਮਹਿਸੂਸ ਕੀਤੀ। ਜਿਵੇਂ ਇਨ੍ਹਾਂ ਨੂੰ ਪੀਣ ਤੋਂ ਬਾਅਦ ਹੁੰਦੀ ਹੈ, ਪਰ ਉਨ੍ਹਾਂ ਵਿੱਚ ਫ਼ੁਰਤੀ ਮਹਿਸੂਸ ਕਰਨ ਦੇ ਪੱਧਰ ਵਿੱਚ ਫ਼ਰਕ ਸੀ। ਇਸ ਵਿੱਚ ਚਾਹ ਨਾਲੋਂ ਕੌਫ਼ੀ ਦਾ ਅਸਰ ਜ਼ਿਆਦਾ ਦੇਖਿਆ ਗਿਆ। ਪ੍ਰੋਫ਼ੈਸਰ ਮੈਗਲਿਓ ਨੇ ਕਿਹਾ, ”ਜਿਹੜੇ ਲੋਕਾਂ ਨੂੰ ਕੌਫ਼ੀ ਨਾਲ ਸਬੰਧਤ ਸੰਕੇਤਾਂ ਨਾਲ ਜਾਣੂ ਕਰਵਾਇਆ ਗਿਆ ਉਨ੍ਹਾਂ ਦੇ ਸੋਚਣ ਦੇ ਤਰੀਕਿਆਂ ਵਿੱਚ ਜ਼ਿਆਦਾ ਡੂੰਘਾਈ ਅਤੇ ਸਪਸ਼ੱਟਤਾ ਪਾਈ ਗਈ ਅਤੇ ਇੱਥੋਂ ਤਕ ਕਿ ਉਨ੍ਹਾਂ ਲੋਕਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਚਾਹ ਦਾ ਇੱਕ ਕੱਪ ਦੇਖਣ ਦੀ ਤੁਲਨਾ ਵਿੱਚ ਕੌਫ਼ੀ ਦਾ ਕੱਪ ਦੇਖਣ ਨਾਲ ਜ਼ਿਆਦਾ ਤਾਜ਼ਗੀ ਮਹਿਸੂਸ ਹੁੰਦੀ ਹੈ।”
ਸੂਰਜਵੰਸ਼ੀ