ਗ੍ਰਹਿ ਮਾਮਲਿਆਂ ਨਾਲ ਜੁੜੀ ਸੰਸਦੀ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਚਿਦੰਬਰਮ

10ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਰਹਿ ਚੁੱਕੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਗ੍ਰਹਿ ਮਾਮਲਿਆਂ ਨਾਲ ਜੁੜੀ ਸੰਸਦੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਚਿਦੰਬਰਮ ਹਾਲ ਹੀ ‘ਚ ਮਹਾਂਰਸ਼ਟਰ ਤੋਂ ਰਾਜਸਭਾ ਮੈਂਬਰ ਚੁਣੇ ਗਏ ਹਨ। ਚਿਦੰਬਰਮ ਪੀ. ਭੱਟਾਚਾਰੀਆ ਦੀ ਜਗ੍ਹਾ ਲੈਣਗੇ।
ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੂੰ ਅਮਲਾ, ਲੋਕ ਸ਼ਿਕਾਇਤ, ਕਾਨੂੰਨ ਅਤੇ ਨਿਆਂ ਨਾਲ ਜੁੜੀ ਸੰਸਦੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਮੁਕੁਲ ਰਾਇ ਨੇ ਆਵਾਜਾਈ, ਸੈਰ-ਸਪਾਟਾ ਅਤੇ ਸੰਸਕ੍ਰਿਤੀ ਮੰਤਰਾਲੇ ਸੰਬੰਧੀ ਸੰਸਦੀ ਕਮੇਟੀ ਦੇ ਪ੍ਰਧਾਨ ਦੇ ਤੌਰ ‘ਤੇ ਕੰਵਰ ਦੀਪ ਸਿੰਘ ਦੀ ਜਗ੍ਹਾ ਲਈ ਹੈ। ਲੋਕਸਭਾ ‘ਚ ਤ੍ਰਿਣਮੂਲ ਕਾਂਗਰਸ ਨੇਤਾ ਸੁਦੀਪ ਬੰਧੋਪਾਧਿਆਏ ਨੇ ਰੇਲਵੇ ਸੰਬੰਧੀ ਸੰਸਦੀ ਕਮੇਟੀ ਦੇ ਪ੍ਰਧਾਨਗੀ ਅਹੁਦੇ ‘ਤੇ ਆਪਣੇ ਪਾਰਟੀ ਦੇ ਸਹਿ-ਕਰਮੀ ਅਤੇ ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਦੀ ਜਗ੍ਹਾ ਲਈ ਹੈ।
ਜਦਯੂ ਦੇ ਵੀਰੇਂਦਰ ਸਿੰਘ ਅਤੇ ਭਾਜਪਾ ਦੇ ਕਿਰੀਟ ਸੋਮੈਯਾ ਦੀ ਪ੍ਰਧਾਨਗੀ ਵਾਲੀਆਂ ਕਮੇਟੀਆਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਹੁਣ ਊਰਜਾ ਸੰਬੰਧੀ ਸੰਸਦੀ ਕਮੇਟੀ ਦੀ ਪ੍ਰਧਾਨਗੀ ਵੀਰੇਂਦਰ ਕੁਮਾਰ ਕਰਨਗੇ। ਜਦ ਕਿ ਸੋਮੈਯਾ ਕਿਰਤ ਮਾਮਲਿਆਂ ਨਾਲ ਜੁੜੀ ਸੰਸਦੀ ਕਮੇਟੀ ਦੇ ਪ੍ਰਧਾਨ ਹੋਣਗੇ। ਹੋਰ ਕਮੇਟੀਆਂ ਦੇ ਪ੍ਰਧਾਨਗੀ ਅਹੁਦੇ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।