ਨਵੀਂ ਦਿੱਲੀ: ਆਈ.ਪੀ.ਐੱਲ. ਸੀਜ਼ਨ 10 ਦੀ ਨਿਲਾਮੀ ਸੋਮਵਾਰ ਨੂੰ ਬੈਂਗਲੁਰੂ ‘ਚ ਕੀਤੀ ਗਈ ਜਿਸ ‘ਚ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਦੀ ਬੋਲੀ ਸਭ ਤੋਂ ਜ਼ਿਆਦਾ ਲੱਗੀ। ਉਨ੍ਹਾਂ ਨੂੰ 14 ਕਰੋੜ 50 ਲੱਖ ਰੁਪਏ ‘ਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੀ ਟੀਮ ਨੇ ਖਰੀਦਿਆ ਸੀ ਜਦਕਿ ਦੂਜੇ ਪਾਸੇ ਕੁਝ ਅਜਿਹੇ ਖਿਡਾਰੀ ਵੀ ਹਨ ਜਿਨ੍ਹਾਂ ਨੂੰ ਖਰੀਦਾਰ ਨਹੀਂ ਮਿਲਿਆ। ਉਨ੍ਹਾਂ ਖਿਡਾਰੀਆਂ ‘ਚੋਂ ਇੱਕ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ।
ਗੇਂਦਬਾਜ਼ੀ ਦੇ ਨਾਲ ਬੱਲੇਬਾਜ਼ੀ ਵੀ ਜ਼ਰੂਰੀ
ਸੀਜ਼ਨ 10 ਦੀ ਨਿਲਾਮੀ ‘ਚ ਇਸ਼ਾਂਤ ਸ਼ਰਮਾ ਦੇ ਲਈ ਕਿਸੇ ਵੀ ਟੀਮ ਨੇ ਬੋਲੀ ਨਹੀਂ ਲਗਾਈ। ਇਸ਼ਾਂਤ ਨੂੰ ਨਹੀਂ ਖਰੀਦੇ ਜਾਣ ਨੂੰ ਲੈ ਕੇ ਟੀਮ ਇੰਡੀਆ ਦੇ ਓਪਨਰ ਬੱਲੇਬਾਜ਼ ਅਤੇ ਕੋਲਕਾਤਾ ਨਾਈਟਰਾਈਡਰਜ਼ ਦੇ ਕਪਤਾਨ ਗੌਤਮ ਗੰਭੀਰ ਨੇ ਇੱਕ ਟੀ.ਵੀ. ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਸ਼ਾਂਤ ਨੂੰ ਉਸ ਦੇ ਬੇਸ ਪ੍ਰਾਈਜ਼ ਦੇ ਕਾਰਨ ਨਹੀਂ ਖਰੀਦਿਆ ਗਿਆ। ਮੈਚ ‘ਚ ਉਹ ਸਿਰਫ਼ ਚਾਰ ਓਵਰ ਦੀ ਗੇਂਦਬਾਜ਼ੀ ਕਰ ਸਕਦੇ ਹਨ। ਜਦਕਿ ਟੀਮ ਨੂੰ ਇੱਕ ਅਜਿਹੇ ਖਿਡਾਰੀ ਦੀ ਜ਼ਰੂਰਤ ਹੁੰਦੀ ਹੈ ਜੋ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫ਼ੀਲਡਿੰਗ ‘ਚ ਵੀ ਬਿਹਤਰ ਰਹੇ।
ਬੇਸ ਪ੍ਰਾਈਸ ਰਖਿਆ ਸੀ ਜ਼ਿਆਦਾ
ਗੌਤਮ ਗੰਭੀਰ ਨੇ ਕਿਹਾ ਕਿ ਮੈਂ ਹੈਰਾਨ ਸੀ ਕਿ ਇਸ਼ਾਂਤ ਸ਼ਰਮਾ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਮੈਨੂੰ ਲਗਦਾ ਹੈ ਕਿ ਇਹ ਬਹੁਤ ਹੀ ਜ਼ਿਆਦਾ ਸੀ। ਗੰਭੀਰ ਦਾ ਇਹ ਤਰਕ ਸ਼ਾਇਦ ਸਹੀ ਵੀ ਹੈ ਕਿ ਟੀਮਾਂ ਉਨ੍ਹਾਂ ਖਿਡਾਰੀਆਂ ‘ਤੇ ਜ਼ਿਆਦਾ ਪੈਸਾ ਖਰਚ ਕਰਨਾ ਚਾਹੁੰਦੀਆਂ ਹਨ ਜੋ ਕ੍ਰਿਕਟ ਦੇ ਸਾਰੇ ਖੇਤਰਾਂ ‘ਚ ਉਨਾਂ ਦੇ ਲਈ ਲਾਹੇਵੰਦ ਸਾਬਤ ਹੋਣ ਅਤੇ ਇਸ਼ਾਂਤ ਸਿਰਫ਼ ਤੇਜ਼ ਗੇਂਦਬਾਜ਼ ਦੇ ਰੂਪ ‘ਚ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਬੋਲੀ ਨਹੀਂ ਲੱਗਣ ਨਾਲ ਇਹ ਸਾਫ਼ ਹੋ ਗਿਆ ਹੈ ਕਿ ਉਹ ਸਿਰਫ਼ ਟੈਸਟ ਮੈਚ ਦੇ ਹੀ ਅਹਿਮ ਤੇਜ਼ ਗੇਂਦਬਾਜ਼ ਮੰਨੇ ਜਾਂਦੇ ਹਨ।












