ਸੰਜੀਵ ਕੁਮਾਰ ਝਾਅ
ਲਕੀਰ ਤੋਂ ਹਟਕੇ ਬਣੀ ਫ਼ਿਲਮ ‘ਦੇਵ ਡੀ’ ਵਿੱਚ ਇੱਕ ਬਾਲ ਵੇਸ਼ਵਾ ਦੇ ਕਿਰਦਾਰ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ ਬਹੁਤ ਘੱਟ ਸਮੇਂ ਵਿੱਚ ਹੀ ਦਰਸ਼ਕਾਂ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਲਈ ਹੈ। ਥਿਏਟਰ ਨਾਲ ਜੁੜੀ ਕਲਕੀ ਨੇ ਜ਼ਿਆਦਾਤਰ ਪੇਸ਼ਕਾਰੀ ਆਧਾਰਿਤ ਫ਼ਿਲਮਾਂ ਹੀ ਕੀਤੀਆਂ ਹਨ। ਉਸ ਦੇ ਹਿੱਸੇ ਵਿੱਚ ਲਕੀਰ ਤੋਂ ਹਟਕੇ ਫ਼ਿਲਮਾਂ ‘ਸ਼ੈਤਾਨ’, ‘ਸ਼ੰਘਾਈ’, ‘ਗਰਲ ਇਨ ਯੈਲੋ ਬੂਟਸ’, ‘ਮਾਰਗਰਿਟਾ ਵਿਦ ਏ ਸਟਰਾਅ’, ‘ਕਾਸ਼’, ‘ਮੰਤਰ’ ਅਤੇ ‘ਰਿਬਨ’ ਆਦਿ ਹਨ। ਨਾਲ ਹੀ ‘ਜ਼ਿੰਦਗੀ ਨਾ ਮਿਲੇਗੀ ਦੁਬਾਰਾ’, ‘ਯੇਹ ਜਵਾਨੀ ਹੈ ਦੀਵਾਨੀ’, ‘ਏਕ ਥੀ ਡਾਇਨ’, ‘ਜੀਆ ਓ ਜੀਆ’ ਵਰਗੀਆਂ ਕਮਰਸ਼ਲ ਫ਼ਿਲਮਾਂ ਵੀ ਹਨ। ਪੇਸ਼ ਹੈ ਕਲਕੀ ਕੋਚਲਿਨ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼-
-ਤੁਹਾਡਾ ‘ਦੇਵ ਡੀ’ ਤੋਂ ‘ਹੈਪੀ ਐਂਡਿੰਗ’ ਤਕ ਦਾ ਸਫ਼ਰ ਕਿਵੇਂ ਦਾ ਰਿਹਾ?
-‘ਦੇਵ ਡੀ’ ਤੋਂ ‘ਹੈਪੀ ਐਂਡਿੰਗ’ ਤਕ ਮੈਂ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਅਲੱਗ ਅਲੱਗ ਵਿਸ਼ਿਆਂ ‘ਤੇ ਫ਼ਿਲਮਾਂ ਬਣਾਉਣ ਵਾਲੇ ਅਤੇ ਪ੍ਰਤਿਭਾ ਨਾਲ ਭਰੇ ਫ਼ਿਲਮਸਾਜ਼ਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਕਰਿਸ਼ਮਾ ਜਿਹਾ ਲੱਗਦਾ ਹੈ। ਧਰਮਾ ਪ੍ਰੋਡਕਸ਼ਨ, ਅਨੁਰਾਗ ਕਸ਼ਿਅਪ, ਦਿਬਾਕਰ ਬੈਨਰਜੀ, ਜ਼ੋਆ ਅਖ਼ਤਰ ਆਦਿ। ਇਹ ਸਾਰੇ ਇੱਕ ਦੂਜੇ ਤੋਂ ਬਹੁਤ ਅਲੱਗ ਸਾਬਤ ਹੋਏ ਅਤੇ ਮੈਨੂੰ ਹਰ ਕਿਸੇ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਿਆ। ਮੇਰੇ ਲਈ ਇਹ ਬਹੁਤ ਹੀ ਖ਼ੁਸ਼ਨੁਮਾ ਸਫ਼ਰ ਸਾਬਤ ਹੋਇਆ। ਮੈਂ ਇਨ੍ਹਾਂ ਦੇ ਨਾਲ ਪ੍ਰੋੜ ਹੋਈ ਹਾਂ। ਅੱਜ ਮੈਂ ਖ਼ੁਦ ਨੂੰ ਆਪਣੇ ਕੰਮ ਪ੍ਰਤੀ ਹੀ ਨਹੀਂ, ਬਲਕਿ ਆਪਣੇ ਪਰਿਵਾਰ ਪ੍ਰਤੀ ਵੀ ਕਾਫ਼ੀ ਜ਼ਿੰਮੇਵਾਰ ਦੇਖਦੀ ਹਾਂ। ਹਾਂ, ਹੁਣ ਮੈਂ ਸਹੀ ਅਰਥਾਂ ਵਿੱਚ ਵੱਡੀ ਹੋ ਗਈ ਹਾਂ।
-ਫਰੈਂਚ ਮੂਲ ਦੇ ਹੋਣ ਕਾਰਨ ਤੁਹਾਨੂੰ ਬੌਲੀਵੁੱਡ ਵਿੱਚ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
-ਮੈਂ ਡਾਂਸ ਨਹੀਂ ਕਰ ਸਕਦੀ। ਦੂਜਾ ਜ਼ਿਆਦਾ ਗੋਰੀ ਹੋਣ ਕਾਰਨ ਮੈਂ ਪਿੰਡ ਦੀ ਦੇਸੀ ਕੁੜੀ ਦਾ ਕਿਰਦਾਰ ਨਹੀਂ ਨਿਭਾ ਸਕਦੀ, ਮੈਨੂੰ ਕਿਹਾ ਜਾਂਦਾ ਹੈ ਕਿ ‘ਤੂੰ ਬਹੁਤ ਗੋਰੀ ਹੈ।’ ਪਰ ਇਹ ਤਾਂ ਮੇਰੇ ਜੀਨਜ਼ ਵਿੱਚ ਹੈ। ਇਸ ਲਈ ਮੈਂ ਹਮੇਸ਼ਾਂ ਆਪਣਾ ਰੰਗ ਕਾਲਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਅਤੇ ਧੁੱਪ ਵਿੱਚ ਤੈਰਾਕੀ ਵੀ ਕਰਦੀ ਹਾਂ।
-ਤੁਸੀਂ ਆਪਣੇ ਬਚਪਨ ਬਾਰੇ ਕੁਝ ਦੱਸੋ?
-ਪੁਡੂਚੇਰੀ ਦੇ ਛੋਟੇ ਜਿਹੇ ਪਿੰਡ ਵਿੱਚ ਮੇਰਾ ਜਨਮ ਹੋਇਆ। ਉੱਥੋਂ ਮੈਂ ਛੇ ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਤਕ ਊਟੀ ਦੇ ਬੋਰਡਿੰਗ ਸਕੂਲ ਵਿੱਚ ਪੜ੍ਹਨ ਚਲੇ ਗਈ। ਕਿਉਂਕਿ ਇਹ ਸਕੂਲ ਅੰਤਰਰਾਸ਼ਟਰੀ ਹੈ, ਇਸ ਲਈ ਉੱਥੇ ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਡਰਾਮਾ ਫੈਸਟੀਵਲ, ਟਰੈਕਿੰਗ ਆਦਿ ਹੁੰਦੀਆਂ ਸਨ। ਇਸ ਲਈ ਮੇਰਾ ਝੁਕਾਅ ਥੀਏਟਰ ਵੱਲ ਹੋ ਗਿਆ।
-ਅੱਜਕੱਲ੍ਹ ਤੁਸੀਂ ਕੀ ਕਰ ਰਹੇ ਹੋ?
-ਆਪਣੀ ਹਿੰਦੀ ਠੀਕ ਕਰਨ ਲਈ ਮਿਹਨਤ ਕਰ ਰਹੀ ਹਾਂ, ਹੁਣ ਲੋਕ ਮੇਰੀ ਹਿੰਦੀ ਦੀ ਤਾਰੀਫ਼ ਕਰਨ ਲੱਗੇ ਹਨ। ਮੈਂ ਵੀ ਹਿੰਦੀ ਨੂੰ ਸੰਵਾਰਨ ਵਿੱਚ ਲਗਾਤਾਰ ਲੱਗੀ ਹੋਈ ਹਾਂ। ਜਦੋਂ ਵੀ ਜ਼ਰੂਰਤ ਹੁੰਦੀ ਹੈ, ਮੈਂ ਆਪਣੇ ਹਿੰਦੀ ਅਧਿਆਪਕ ਦੀ ਮਦਦ ਲੈਂਦੀ ਹਾਂ। ਮੈਨੂੰ ਲੱਗਦਾ ਹੈ ਥੋੜ੍ਹਾ ਵਕਤ ਲੱਗੇਗਾ, ਪਰ ਮੈਂ ਆਪਣੀ ਹਿੰਦੀ ਨੂੰ ਸ਼ਾਨਦਾਰ ਬਣਾ ਕੇ ਹੀ ਰਹਾਂਗੀ।
-ਮੁੰਬਈ ਦੀ ਜ਼ਿੰਦਗੀ ਕਿਵੇਂ ਦੀ ਹੈ?
-ਜ਼ਿੰਦਗੀ ਕਿਧਰੇ ਵੀ ਆਸਾਨ ਨਹੀਂ ਹੁੰਦੀ। ਮੁੰਬਈ ਵਿੱਚ ਵੀ ਕਈ ਚੁਣੌਤੀਆਂ ਹਨ। ਮੈਂ ਇੰਡਸਟਰੀ ਦਾ ਹਿੱਸਾ ਹਾਂ ਤਾਂ ਇੱਥੇ ਲੋਕ ਲਗਾਤਾਰ ਤੁਹਾਡੇ ‘ਤੇ ਨਜ਼ਰ ਰੱਖਦੇ ਹਨ। ਤੁਹਾਨੂੰ ਹਮੇਸ਼ਾਂ ਤਿਆਰ ਬਰ ਤਿਆਰ ਰਹਿਣਾ ਪੈਂਦਾ ਹੈ। ਮੈਂ ਹਮੇਸ਼ਾਂ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹਾਂ। ਜ਼ਿਆਦਾ ਤੋਂ ਜ਼ਿਆਦਾ ਵਕਤ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹਾਂ।
-ਤੁਹਾਨੂੰ ਆਪਣੇ ਗੋਰੇ ਰੰਗ ਦਾ ਫਾਇਦਾ ਹੋਇਆ ਜਾਂ ਨੁਕਸਾਨ?
-ਮੇਰੀ ਦਿੱਖ ਬੌਲੀਵੁੱਡ ਦੀਆਂ ਰਵਾਇਤੀ ਅਭਿਨੇਤਰੀਆਂ ਨਾਲ ਮੇਲ ਨਹੀਂ ਖਾਂਦੀ, ਪਰ ਇਸਦਾ ਮੈਨੂੰ ਨੁਕਸਾਨ ਨਹੀਂ, ਬਲਕਿ ਫਾਇਦਾ ਵੀ ਹੋਇਆ ਹੈ। ਗੋਰੇਪਣ ਪ੍ਰਤੀ ਲੋਕਾਂ ਦੀ ਚਾਹਤ ਦੀ ਵਜ੍ਹਾ ਨਾਲ ਮੈਨੂੰ ਬਹੁਤ ਫਾਇਦਾ ਹੋਇਆ, ਪਰ ਨਾਲ ਹੀ ਕਾਫ਼ੀ ਨੁਕਸਾਨ ਵੀ ਹੋਇਆ। ਸ਼ੁਰੂਆਤ ਵਿੱਚ ਜਦੋਂ ਮੈਂ ਔਡੀਸ਼ਨ ਦੇਣ ਜਾਂਦੀ ਸੀ ਤਾਂ ਮੈਨੂੰ ਭਾਰਤੀ ਨਾ ਸਮਝ ਕੇ ਵਿਦੇਸ਼ੀ ਸਮਝਿਆ ਜਾਂਦਾ ਸੀ ਤੇ ਮੈਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਸੀ ਕਿ ਤੁਹਾਡੇ ਲਾਇਕ ਜਦੋਂ ਕੋਈ ਕਿਰਦਾਰ ਹੋਇਆ ਤਾਂ ਦੱਸਾਂਗੇ। ਮੈਂ ਇਸ ਸਬੰਧ ਵਿੱਚ ਕੁਝ ਨਹੀਂ ਕਰ ਸਕਦੀ, ਆਪਣੀ ਦਿੱਖ ਨੂੰ ਤਾਂ ਮੈਂ ਹੁਣ ਬਦਲ ਨਹੀਂ ਸਕਦੀ।
-ਕੀ ਤੁਹਾਨੂੰ ਨਹੀਂ ਲੱਗਦਾ ਕਿ ਬੌਲੀਵੁੱਡ ਵਿੱਚ ਸਿਨਮਾ ਨੂੰ ਆਰਟ ਅਤੇ ਕਮਰਸ਼ਲ ਦੇ ਖਾਕੇ ਵਿੱਚ ਵੰਡਿਆ ਹੋਇਆ ਹੈ?
-ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਦਰਅਸਲ, ਜਦੋਂ ਤਕ ਇੰਡਸਟਰੀ ਵਿੱਚ ਫ਼ਿਲਮ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਧਾਰਨਾ ਨਹੀਂ ਬਦਲੇਗੀ, ਉਦੋਂ ਤਕ ਇਹ ਭੇਦ ਵੀ ਬਰਕਰਾਰ ਰਹੇਗਾ ਅਤੇ ਆਰਟ ਸਿਨਮਾ ਨੂੰ ਮਜ਼ਬੂਤੀ ਅਤੇ ਤਵੱਜੋ ਨਹੀਂ ਮਿਲੇਗੀ। ਮੈਨੂੰ ਲੱਗਦਾ ਹੈ ਕਿ ਬੌਲੀਵੁੱਡ ਵਿੱਚ ਆਰਟ ਸਿਨਮਾ ਨੂੰ ਤਵੱਜੋ ਮਿਲਣ ਵਿੱਚ ਅਜੇ ਹੋਰ ਜ਼ਿਆਦਾ ਵਕਤ ਲੱਗੇਗਾ। ਪੈਸਾ ਕਮਾਉਣ ਦਾ ਨਜ਼ਰੀਆ ਹੀ ਆਰਟ ਅਤੇ ਕਮਰਸ਼ਲ ਫ਼ਿਲਮਾਂ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ। ਹਾਲਾਂਕਿ, ਆਰਟ ਫ਼ਿਲਮਾਂ ਦਾ ਸੰਘਰਸ਼ ਹਮੇਸ਼ਾਂ ਤੋਂ ਰਿਹਾ ਹੈ। ਜੇਕਰ ਇਨ੍ਹਾਂ ਫ਼ਿਲਮਾਂ ਦਾ ਸੰਘਰਸ਼ ਨਾ ਹੁੰਦਾ, ਤਾਂ ਉਹ ਕਮਰਸ਼ਲ ਫ਼ਿਲਮਾਂ ਬਣ ਜਾਂਦੀਆਂ।
-ਕੀ ਤੁਸੀਂ ਇਸ ਵਜ੍ਹਾ ਨਾਲ ਹੀ ਜ਼ਿਆਦਾਤਰ ਗੰਭੀਰ ਫ਼ਿਲਮਾਂ ਕਰ ਰਹੇ ਹੋ?
-ਅਜਿਹੀ ਕੋਈ ਗੱਲ ਨਹੀਂ ਹੈ ਕਿਉਂਕਿ ਮੈਂ ਕਦੇ ਸਿਨਮਾ ਵਿੱਚ ਕੋਈ ਵੰਡ ਰੇਖਾ ਨਹੀਂ ਖਿੱਚੀ। ਜਿੱਥੋਂ ਤਕ ਗੱਲ ਗੰਭੀਰ ਫ਼ਿਲਮਾਂ ਵਿੱਚ ਕੰਮ ਕਰਨ ਦੀ ਹੈ ਤਾਂ ਇਹ ਫ਼ਿਲਮਾਂ ਮੇਰੀ ਪਸੰਦ ਨਹੀਂ ਸਨ, ਸਗੋਂ ਮੈਨੂੰ ਇਨ੍ਹਾਂ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਮੈਨੂੰ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਮਿਲ ਰਹੀ। ਜੇਕਰ ਮੈਨੂੰ ਇਸ ਤਰ੍ਹਾਂ ਦੀਆਂ ਕਮਰਸ਼ਲ ਫ਼ਿਲਮਾਂ ਕਰਨ ਦੀਆਂ ਪੇਸ਼ਕਸ਼ਾਂ ਮਿਲਣ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ। ਜਦੋਂ ਤਕ ਮੈਨੂੰ ਅਦਾਕਾਰੀ ਦਾ ਮੌਕਾ ਮਿਲੇਗਾ, ਉਦੋਂ ਤਕ ਮੈਂ ਅਦਾਕਾਰੀ ਕਰਦੀ ਰਹਾਂਗੀ।
-ਕੀ ਤੁਹਾਡਾ ਕੋਈ ਅਜਿਹਾ ਪਸੰਦੀਦਾ ਕਿਰਦਾਰ ਹੈ, ਜਿਸਨੂੰ ਨਿਭਾਉਣ ਦੀ ਇੱਛਾ ਹੋਵੇ?
-ਹਾਂ, ਮੈਂ ਇੱਕ ਇਤਿਹਾਸਕ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਇਤਿਹਾਸ ਬਹੁਤ ਪਸੰਦ ਹੈ। ਕਿਤਾਬਾਂ ਪੜ੍ਹਨੀਆਂ ਵੀ ਬਹੁਤ ਪਸੰਦ ਹਨ। ਅਜਿਹੇ ਵਿੱਚ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਅਸਲੀ ਕਿਰਦਾਰ ਨਿਭਾਉਣ ਨੂੰ ਮਿਲਦਾ ਹੈ ਤਾਂ ਇਹ ਮੇਰੇ ਲਈ ਬਹੁਤ ਦਿਲਚਸਪ ਅਤੇ ਰੋਮਾਂਚਕ ਹੋਵੇਗਾ।
-ਅਨੁਰਾਗ ਕਸ਼ਿਅਪ ਨਾਲ ਛੇ ਸਾਲ ਤਕ ਵਿਆਹੁਤਾ ਜੀਵਨ ਗੁਜ਼ਾਰਨ ਤੋਂ ਬਾਅਦ ਤਲਾਕ ਦੇ ਬਾਵਜੂਦ ਤੁਹਾਡੇ ਵਿੱਚ ਦੋਸਤਾਨਾ ਸਬੰਧ ਬਰਕਰਾਰ ਹਨ। ਇਸਦੀ ਕੋਈ ਖ਼ਾਸ ਵਜ੍ਹਾ?
– ਸਾਡੇ ਵਿੱਚ ਕੀ ਹੋਇਆ, ਛੇ ਸਾਲ ਤਕ ਵਿਆਹੁਤਾ ਜੀਵਨ ਦੇ ਬਾਅਦ ਅਸੀਂ ਵੱਖ ਕਿਉਂ ਹੋਏ, ਇਹ ਸਾਡਾ ਨਿੱਜੀ ਮਾਮਲਾ ਹੈ, ਪਰ ਉਨ੍ਹਾਂ ਨੇ ਮੈਨੂੰ ਆਪਣੀ ਜ਼ਿੰਦਗੀ ਦੇ ਛੇ ਸਾਲ ਦਿੱਤੇ ਹਨ, ਇਹ ਮਹੱਤਵਪੂਰਨ ਗੱਲ ਹੈ। ਉਹ ਜੋ ਵੀ ਹਨ, ਮੈਂ ਉਸ ਰੂਪ ਵਿੱਚ ਉਨ੍ਹਾਂ ਦੀ ਇੱਜ਼ਤ ਕਰਦੀ ਹਾਂ ਕਿਉਂਕਿ ਉਨ੍ਹਾਂ ਨੇ ਮੇਰੀ ਜ਼ਿੰਦਗੀ ਬਦਲੀ ਹੈ। ਜੇਕਰ ਅਸੀਂ ਵੱਖ ਵੀ ਹੋਏ ਹਾਂ ਤਾਂ ਇਸਦੇ ਕੁਝ ਕਾਰਨ ਸਨ। ਹਰ ਇਨਸਾਨ ਦੀ ਆਪਣੀ ਕਮਜ਼ੋਰੀ ਅਤੇ ਤਾਕਤ ਹੁੰਦੀ ਹੈ। ਹਾਲਾਂਕਿ, ਅਨੁਰਾਗ ਨੂੰ ਛੱਡਣਾ ਮੇਰੇ ਲਈ ਬਹੁਤ ਮੁਸ਼ਕਲ ਸੀ। ਪਹਿਲਾ ਸਾਲ ਮੁਸ਼ਕਲਾਂ ਭਰਿਆ ਸੀ। ਮੈਂ ਬੋਰਡਿੰਗ ਸਕੂਲ ਵਿੱਚ ਵੱਡੀ ਹੋਈ ਹਾਂ ਅਤੇ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨਾਲ ਰਹਿਣਾ ਮੁਸ਼ਕਲ ਸੀ, ਪਰ ਮੇਰੇ ਲਈ ਇਹ ਸਿੱਖਣਾ ਵੀ ਬਹੁਤ ਜ਼ਰੂਰੀ ਸੀ।
-ਅੱਜਕੱਲ੍ਹ ਬੌਲੀਵੁੱਡ ਵਿੱਚ ਕਾਸਟਿੰਗ ਕਾਊਚ ਦਾ ਮਸਲਾ ਵੀ ਸੁਰਖੀਆਂ ਵਿੱਚ ਹੈ। ਕਈ ਲੜਕੀਆਂ ਇਸਦਾ ਸ਼ਿਕਾਰ ਬਣਨ ਦੇ ਬਾਵਜੂਦ ਆਵਾਜ਼ ਬੁਲੰਦ ਨਹੀਂ ਕਰਦੀਆਂ। ਇਸ ਸਬੰਧੀ ਤੁਸੀਂ ਕੀ ਕਹੋਗੇ?
-ਦਰਅਸਲ, ਬੌਲੀਵੁੱਡ ਵਿੱਚ ਕੋਈ ਵੀ ਅਭਿਨੇਤਰੀ ਕਾਸਟਿੰਗ ਕਾਊਚ, ਯਾਨੀ ਯੋਨ ਸ਼ੋਸ਼ਣ ਖ਼ਿਲਾਫ਼ ਆਵਾਜ਼ ਇਸ ਲਈ ਨਹੀਂ ਚੁੱਕਦੀ ਕਿਉਂਕਿ ਉਨ੍ਹਾਂ ਦਾ ਕਰੀਅਰ ਦਾਅ ਉੱਤੇ ਲੱਗਾ ਹੁੰਦਾ ਹੈ। ਹਾਲਾਂਕਿ, ਜਦੋਂ ਇੱਕ ਸਿਲੇਬ੍ਰਿਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਯੋਨ ਸ਼ੋਸ਼ਣ ਨਾਲ ਸਬੰਧਤ ਘਟਨਾ ਹੁੰਦੀ ਹੈ ਤਾਂ ਉਸ ਦੀਆਂ ਸੁਰਖੀਆਂ ਪੜ੍ਹਨ- ਸੁਣਨ ਵਿੱਚ ਬਹੁਤ ਚੰਗੀਆਂ ਲੱਗਦੀਆਂ ਹਨ, ਪਰ ਇੱਕ ਸਿਲੇਬ੍ਰਿਟੀ ਲਈ ਯੋਨ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕਣਾ ਔਖਾ ਹੁੰਦਾ ਹੈ, ਇਸਦੀ ਵਜ੍ਹਾ ਹੈ ਕਿ ਉਨ੍ਹਾਂ ਦਾ ਕਰੀਅਰ ਦਾਅ ਉੱਤੇ ਲੱਗਾ ਹੁੰਦਾ ਹੈ। ਮੈਨੂੰ ਲੱਗਦਾ ਹੈ ਯੋਨ ਸ਼ੋਸ਼ਣ ਦੇ ਵਿਰੋਧ ਵਿੱਚ ਸਾਰਿਆਂ ਨੂੰ ਮਿਲਕੇ ਆਵਾਜ਼ ਚੁੱਕਣੀ ਚਾਹੀਦੀ ਹੈ। ਸਿਰਫ਼ ਸਿਲੇਬ੍ਰਿਟੀ ਹੀ ਇਸ ਮੁੱਦੇ ਉੱਤੇ ਗੱਲ ਕਰੇ, ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ।
-ਕੀ ਤੁਹਾਨੂੰ ਵੀ ਲੱਗਦਾ ਹੈ ਕਿ ਬੌਲੀਵੁੱਡ ਵਿੱਚ ਲਿੰਗ ਦੇ ਆਧਾਰ ਉੱਤੇ ਭੇਦਭਾਵ ਹੁੰਦਾ ਹੈ?
-ਇਸ ਤਰ੍ਹਾਂ ਦੇ ਭੇਦਭਾਵ ਤਾਂ ਰੋਜ਼ ਦੀਆਂ ਗੱਲ ਹੋ ਗਈਆਂ ਹਨ। ਅਸੀਂ ਤਾਂ ਕੱਪੜੇ ਪਹਿਨਣ ਦੀ ਗੱਲ ਉੱਤੇ ਵੀ ਰੋਜ਼ ਲੜ ਰਹੇ ਹਾਂ। ਜੇਕਰ ਕਹਾਣੀ ਦੀ ਮੰਗ ਹੈ ਤਾਂ ਮੈਨੂੰ ਨਜ਼ਦੀਕੀ ਦ੍ਰਿਸ਼ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੈ, ਪਰ ਕਦੇ- ਕਦੇ ਲੱਗਦਾ ਹੈ ਕਿ ਬਿਕਨੀ ਪਹਿਨ ਕੇ ਕੋਈ ਖ਼ਾਸ ਦ੍ਰਿਸ਼ ਫ਼ਿਲਮਾਉਣਾ ਕਿਉਂ ਜ਼ਰੂਰੀ ਹੈ? ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਹੋ ਰਿਹਾ ਹੈ।
-ਅੰਤ ਵਿੱਚ ਤੁਸੀਂ ਆਪਣੀ ਆਉਣ ਵਾਲੀ ਫ਼ਿਲਮ ‘ਗੱਲੀ ਬੌਇ’ ਦੇ ਬਾਰੇ ਕੁਝ ਦੱਸੋ?
-ਰਿਤੇਸ਼ ਸਿੱਧਵਾਨੀ ਅਤੇ ਫਰਹਾਨ ਅਖ਼ਤਰ ਦੀ ਐਕਸੈਲ ਐਂਟਰਟੇਨਮੇਂਟ ਵੱਲੋਂ ਪੇਸ਼ ਕੀਤੀ ਜਾ ਰਹੀ ਨਿਰਦੇਸ਼ਕ ਜ਼ੋਆ ਅਖ਼ਤਰ ਦੀ ਫ਼ਿਲਮ ‘ਗੱਲੀ ਬੌਇ’ ਦੀ ਸ਼ੂਟਿੰਗ ਤੇਜ਼ੀ ਨਾਲ ਚੱਲ ਰਹੀ ਹੈ। ਇਸ ਫ਼ਿਲਮ ਵਿੱਚ ਮੇਰੇ ਇਲਾਵਾ ਰਣਵੀਰ ਸਿੰਘ ਅਤੇ ਆਲੀਆ ਭੱਟ ਵੀ ਹਨ। ਇਸ ਫ਼ਿਲਮ ਵਿੱਚ ਮੈਂ ਰੈਪ ਕਰਦੀ ਹੋਈ ਨਜ਼ਰ ਆਵਾਂਗੀ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਮੈਂ ਵੱਡੇ ਪਰਦੇ ਉੱਤੇ ਰੈਪ ਕਰਦੀ ਦਿਖਾਂਗੀ।











