ਖ਼ਾਲਸਾ ਏਡ ਦੇ ਦਫ਼ਤਰ ‘ਤੇ ਛਾਪੇਮਾਰੀ ਨੂੰ ਰਾਜਾ ਵੜਿੰਗ ਨੇ ਦੱਸਿਆ ਮੰਦਭਾਗੀ, ਗ੍ਰਹਿ ਮੰਤਰੀ ਨੂੰ ਕੀਤੀ ਇਹ ਅਪੀਲ

ਜਲੰਧਰ – ਖਾਲਸਾ ਏਡ ਦੇ ਦਫ਼ਤਰ ‘ਤੇ ਐੱਨ. ਆਈ. ਏ. ਵੱਲੋਂ ਕੀਤੇ ਗਏ ਛਾਪੇਮਾਰੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਤਰਾਜ਼ ਜਤਾਇਆ ਹੈ। ਫੇਸਬੁੱਕ ਜ਼ਰੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਖਾਲਸਾ ਏਡ ਵਰਗੀ ਵਕਾਰੀ ਸੰਸਥਾ ਜੋ ਹਰ ਤਰ੍ਹਾਂ ਦੀ ਮੁਸੀਬਤ ਵਿਚ ਬਿਨ੍ਹਾਂ ਕਿਸੇ ਦਾ ਧਰਮ ਜਾਂ ਕੁਝ ਹੋਰ ਵੇਖੇ ਲੋੜਵੰਦਾਂ ਦੀ ਮਦਦ ਕਰਦੀ ਹੈ, ਇਥੋਂ ਤੱਕ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਥੇ ਵੀ ਮਾਨਵਤਾ ਨੂੰ ਲੋੜ ਹੁੰਦੀ ਹੈ, ਉੱਥੇ ਖਾਲਸਾ ਏਡ ਵਾਲੇ ਜ਼ਰੂਰ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਨਿਸ਼ਕਾਮ ਸੇਵਾ ਕਰਨ ਵਾਲੀ ਸੰਸਥਾ ‘ਤੇ ਐੱਨ. ਆਈ. ਏ. ਦੀ ਰੇਡ ਮਾਰਨੀ ਬਹੁਤ ਹੀ ਮੰਦਭਾਗੀ ਘਟਨਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਮੈਂ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਹਾਂ ਕਿ ਪੰਜਾਬ ‘ਤੇ ਠੰਡੀ ਨਿਗਾਹ ਰੱਖੋ ਅਤੇ ਸੇਵਾ ਕਰਨ ਵਾਲਿਆਂ ਨੂੰ ਤੰਗ ਨਾ ਕਰੋ। ਦੇਸ਼ ਵਿਚ ਹੋਰ ਬਹੁਤ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹਦੇ ਵਿਚ ਲੁੱਟਾਂ-ਖੋਹਾਂ, ਦੰਗੇ ਅਤੇ ਹੋਰ ਕਤਲੋਗ਼ਾਰਤ ਸ਼ਾਮਲ ਹਨ, ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸੋ ਤੁਸੀਂ ਅਜਿਹੀਆਂ ਪੰਜਾਬ ਨਾਲ ਵਿਤਕਰਾ ਕਰਨ ਵਾਲੀਆਂ ਬੇਤੁਕੀਆਂ ਕਰਵਾਈਆਂ ਛੱਡ ਕੇ ਮਣੀਪੁਰ ਅਤੇ ਹਰਿਆਣਾ ਵਿਚ ਸ਼ਾਂਤੀ ਬਹਾਲ ਕਰਨ ਦਾ ਕੰਮ ਕਰੋ।
ਦੱਸ ਦੇਈਏ ਕਿ ਐੱਨ. ਆਈ. ਏ. ਦੀ ਟੀਮ ਨੇ ਖਾਲਸਾ ਏਡ ਦੇ ਮੁੱਖ ਦਫ਼ਤਰ ਵਿਖੇ ਛਾਪੇਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵੱਲੋਂ ਖਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ ‘ਚ ਵੀ ਛਾਪੇਮਾਰੀ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਸੀ।