ਇੰਟਰਨੈਸ਼ਨਲ ਡੈਸਕ- ਅਮਰੀਕਾ-ਈਰਾਨ ਜੰਗ ਦਾ ਅਸਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਮਿਡਲ ਈਸਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁਵੈਤ ਦੇ ਸਮੁੰਦਰੀ ਖੇਤਰ ਵਿੱਚ ਇੱਕ ਵੱਡੇ ਤੇਲ ਟੈਂਕਰ ਧਮਾਕੇ ‘ਚ ਬਲਾਸਟ ਹੋ ਗਿਆ ਹੈ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਓਪਰੇਸ਼ਨਜ਼ (UKMTO) ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਹਿੰਦ ਮਹਾਸਾਗਰ ਅਤੇ ਖਾੜੀ ਦੇਸ਼ਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਇਹ ਧਮਾਕਾ ਕੁਵੈਤ ਦੇ ਤੱਟ ਤੋਂ ਕੁਝ ਦੂਰੀ ‘ਤੇ ਹੋਇਆ, ਜਿੱਥੇ ਇੱਕ ਵੱਡਾ ਤੇਲ ਟੈਂਕਰ ਇਸ ਦਾ ਸ਼ਿਕਾਰ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਹਾਜ਼ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਸਮੁੰਦਰ ਵਿੱਚੋਂ ਧੂੰਏਂ ਦਾ ਗੁਬਾਰ ਉੱਠਦਾ ਦੂਰੋਂ ਹੀ ਦਿਖਾਈ ਦੇ ਰਿਹਾ ਹੈ। ਧਮਾਕੇ ਕਾਰਨ ਟੈਂਕਰ ਦੇ ਸਟੋਰੇਜ ਹਿੱਸੇ ਵਿੱਚ ਪਾੜ ਪੈ ਗਿਆ ਹੈ, ਜਿਸ ਕਾਰਨ ਵੱਡੀ ਮਾਤਰਾ ਵਿੱਚ ਕੱਚਾ ਤੇਲ ਸਮੁੰਦਰ ਵਿੱਚ ਫੈਲਣਾ ਸ਼ੁਰੂ ਹੋ ਗਿਆ ਹੈ, ਜੋ ਕਿ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪਹਿਲਾਂ ਹੀ ਈਰਾਨੀ ਜੰਗੀ ਜਹਾਜ਼ ‘ਆਈਰਿਸ ਦੇਨਾ’ ਦੇ ਡੁੱਬਣ ਅਤੇ ਅਮਰੀਕਾ-ਇਜ਼ਰਾਈਲ ਦੇ ਈਰਾਨ ‘ਤੇ ਹਮਲਿਆਂ ਕਾਰਨ ਖੇਤਰ ਵਿੱਚ ਤਣਾਅ ਸਿਖ਼ਰ ‘ਤੇ ਹੈ। UKMTO ਨੇ ਇਸ ਇਲਾਕੇ ਵਿੱਚੋਂ ਗੁਜ਼ਰਨ ਵਾਲੇ ਹੋਰ ਵਪਾਰਕ ਜਹਾਜ਼ਾਂ ਨੂੰ ਸਾਵਧਾਨੀ ਵਰਤਣ ਅਤੇ ਰਸਤਾ ਬਦਲਣ ਦੀ ਸਲਾਹ ਦਿੱਤੀ ਹੈ। ਇਹ ਘਟਨਾ ਸਿੱਧੇ ਤੌਰ ‘ਤੇ ਗਲੋਬਲ ਤੇਲ ਸਪਲਾਈ ਚੇਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫਿਲਹਾਲ ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ (UAE) ਦੇ ਅਧਿਕਾਰੀ ਤੇਲ ਦੀ ਲੀਕੇਜ ਨੂੰ ਰੋਕਣ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਲਈ ਸਥਾਨਕ ਬਲਾਂ ਨਾਲ ਤਾਲਮੇਲ ਕਰ ਰਹੇ ਹਨ।















